ਧੀ ਦੀ ਡੋਲੀ ਤੋਰ ਕੇ ਪਰਤ ਰਹੇ ਮਾਂ-ਬਾਪ ਸਮੇਤ ਤਿੰਨ ਜੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਹਿੰਦ ’ਚ ਕੀਤਾ ਗਿਆ ਤਿੰਨਾਂ ਦਾ ਅੰਤਮ ਸਸਕਾਰ

Bride parents death Fatehgarh Sahib Accident News

ਫ਼ਤਿਹਗੜ੍ਹ ਸਾਹਿਬ (ਸੁਰਜੀਤ ਸਿੰਘ ਸਾਹੀ) : ਲੁਧਿਆਣਾ ’ਚ ਵਿਆਹ ਮਗਰੋਂ ਲਾੜੀ ਦੀ ਵਿਦਾਈ ਦੇ ਸਮੇਂ ਖ਼ੁਸ਼ੀਆਂ ਮਾਤਮ ਵਿਚ ਬਦਲ ਗਈਆਂ। ਲਾੜੀ ਦਾ ਪਰਵਾਰ ਇਨੋਵਾ ਗੱਡੀ ਰਾਹੀਂ ਵਿਦਾਈ ਤੋਂ ਬਾਅਦ ਘਰ ਜਾ ਰਿਹਾ ਸੀ ਕਿ ਉਨ੍ਹਾਂ ਦੀ ਗੱਡੀ ਤੇਜ਼ ਰਫ਼ਤਾਰ ਟਰੱਕ ਨਾਲ ਜਾ ਟਕਰਾਈ। ਹਾਦਸੇ ’ਚ ਲਾੜੀ ਦੇ ਮਾਪਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮਾਸੀ ਨੇ ਹਸਪਤਾਲ ਵਿਚ ਦਮ ਤੋੜ ਦਿਤਾ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਦੀ ਖ਼ਬਰ ਮਿਲਦੇ ਹੀ ਡੋਲੀ, ਜੋ ਜਲੰਧਰ ਵਲ ਜਾ ਰਹੀ ਸੀ, ਰਾਹ ਵਿਚੋਂ ਹੀ ਵਾਪਸ ਲੁਧਿਆਣਾ ਪਰਤ ਆਈ। ਨਵ-ਵਿਵਾਹਿਤ ਜੋੜੇ ਸਮੇਤ ਦੋਵੇਂ ਪ੍ਰਵਾਰਾਂ ਵਿਚ ਸੋਗ ਦਾ ਮਾਹੌਲ ਹੈ। ਅਸ਼ੋਕ ਨੰਦਾ, ਕਿਰਨ ਨੰਦਾ ਅਤੇ ਰੇਣੂ ਬਾਲਾ ਦਾ ਅੰਤਮ ਸਸਕਾਰ ਕੱਲ੍ਹ ਸਰਹਿੰਦ ਵਿਖੇ ਕੀਤਾ ਗਿਆ।

ਸ਼ਹਿਰ ਭਰ ਤੋਂ ਵੱਡੀ ਗਿਣਤੀ ਵਿਚ ਲੋਕ, ਜਿਨ੍ਹਾਂ ਵਿਚ ਵੱਖ-ਵੱਖ ਰਾਜਨੀਤਕ ਅਤੇ ਧਾਰਮਕ ਸੰਗਠਨਾਂ ਦੇ ਪ੍ਰਤੀਨਿਧੀ ਵੀ ਸ਼ਾਮਲ ਸਨ, ਨੇ ਅੰਤਮ ਸਸਕਾਰ ਵਿਚ ਸ਼ਿਰਕਤ ਕੀਤੀ। ਦੁਕਾਨਦਾਰਾਂ ਨੇ ਅਪਣੀਆਂ ਦੁਕਾਨਾਂ ਬੰਦ ਕਰ ਕੇ ਅਪਣਾ ਦੁੱਖ ਪ੍ਰਗਟ ਕੀਤਾ। ਜ਼ਿਕਰਯੋਗ ਹੈ ਕਿ ਅਸ਼ੋਕ ਨੰਦਾ ਦੀ ਧੀ, ਗ਼ਜ਼ਲ ਦਾ ਵਿਆਹ ਐਤਵਾਰ ਰਾਤ ਨੂੰ ਲੁਧਿਆਣਾ ਵਿਚ ਹੋਇਆ ਸੀ।

ਅਪਣੀ ਧੀ ਦੀ ਡੋਲੀ ਨੂੰ ਵਿਦਾ ਕਰਕੇ, ਅਸ਼ੋਕ ਨੰਦਾ, ਉਨ੍ਹਾਂ ਦੀ ਪਤਨੀ ਕਿਰਨ, ਉਨ੍ਹਾਂ ਦੀ ਮਾਸੀ ਰੇਣੂ ਅਤੇ ਦੋ ਹੋਰ ਪ੍ਰਵਾਰਕ ਮੈਂਬਰ, ਮੋਹਨ ਨੰਦਾ ਅਤੇ ਸ਼ਰਮੀਲੀ ਨੰਦਾ, ਅਪਣੀ ਇਨੋਵਾ ਕਾਰ ਵਿਚ ਸਰਹਿੰਦ ਵਾਪਸ ਆ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਸਾਹਨੇਵਾਲ ਦੇ ਜੀਟੀ ਰੋਡ ਦੇ ਖਾਕਟ ਚੌਰਾਹੇ ਕੋਲ ਪਹੁੰਚੀ, ਤਾਂ ਇਕ ਟਰੱਕ ਦੇ ਪਿਛਲੇ ਹਿੱਸੇ ਵਿਚ ਜਾ ਵੱਜੀ। ਹਾਦਸੇ ਵਿਚ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਸ ਸਮੇਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਅਧੀਨ ਹਨ।