ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ: ਖਰੜ ਵਿੱਚ 16 ਅਤੇ ਮਾਜਰੀ ਵਿੱਚ 6 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਕੀਤੇ ਦਾਖਲ
4 ਦਸੰਬਰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੋਵੇਗਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਪੰਚਾਇਤ ਸੰਮਤੀ ਚੋਣਾਂ ਲਈ ਜ਼ਿਲ੍ਹੇ ਵਿੱਚ ਚੱਲ ਰਹੀਆਂ ਨਾਮਜ਼ਦਗੀਆਂ ਦੇ ਤੀਸਰੇ ਦਿਨ ਅੱਜ ਖਰੜ ਅਤੇ ਮਾਜਰੀ ਪੰਚਾਇਤ ਸੰਮਤੀਆਂ ਲਈ 22 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ। ਡੇਰਾਬੱਸੀ ਵਿੱਚ ਤੀਸਰੇ ਦਿਨ ਵੀ ਕੋਈ ਨਾਮਜ਼ਦਗੀ ਦਰਜ ਨਹੀਂ ਕੀਤੀ ਗਈ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਨੁਸਾਰ ਇਹ ਨਾਮਜ਼ਦਗੀ ਅਮਲ ਇੱਕ ਦਸੰਬਰ ਤੋਂ 4 ਦਸੰਬਰ ਤੱਕ ਚੱਲਣਾ ਹੈ। ਉਨਾਂ ਦੱਸਿਆ ਕਿ ਖਰੜ ਵਿੱਚ ਅੱਜ 16 ਨਾਮਜ਼ਦਗੀ ਪਰਚੇ ਪ੍ਰਾਪਤ ਹੋਏ। ਇਨ੍ਹਾਂ ਵਿੱਚ ਚੋਲਟਾ ਖੁਰਦ ਅਤੇ ਚਡਿਆਲਾ ਜ਼ੋਨ ਤੋਂ ਇੱਕ-ਇੱਕ ਉਮੀਦਵਾਰ ਨੇ, ਬੜੀ ਕਰੋਰਾਂ, ਮੁਲਾਂਪੁਰ ਗਰੀਬਦਾਸ, ਮਾਛੀਪੁਰ ਅਤੇ ਮਜਾਤੜੀ ਜ਼ੋਨ ਤੋਂ 2-2 ਉਮੀਦਵਾਰਾਂ ਨੇ, ਸੋਤਲ ਅਤੇ ਘੋਗਾ ਜ਼ੋਨ ਤੋਂ 3-3 ਉਮੀਦਵਾਰਾਂ ਨੇ ਨਾਮਜ਼ਦਗੀ ਦਾਖਲ ਕੀਤੀ।
ਪੰਚਾਇਤ ਸੰਮਤੀ ਮਾਜਰੀ ਦੇ ਮਾਣਕਪੁਰ ਸ਼ਰੀਫ ਜੋਨ ਤੋਂ ਦੋ ਉਮੀਦਵਾਰਾਂ ਨੇ ਅਤੇ ਝੰਡੇ ਮਾਜਰਾ ਜ਼ੋਨ ਤੋਂ ਚਾਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕੀਤੇ।
ਉਨ੍ਹਾਂ ਦੱਸਿਆ ਕਿ ਚਾਰ ਦਸੰਬਰ ਨੂੰ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਹੈ। ਇਹ ਨਾਮਜ਼ਦਗੀ ਪੱਤਰ ਦਿਨੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰੇ ਜਾ ਸਕਦੇ ਹਨ। ਖਰੜ ਪੰਚਾਇਤ ਸੰਮਤੀ ਲਈ ਐਸ ਡੀ ਐਮ ਦਫ਼ਤਰ ਖਰੜ, ਮਾਜਰੀ ਪੰਚਾਇਤ ਸੰਮਤੀ ਲਈ ਬੀ ਡੀ ਪੀ ਓ ਦਫ਼ਤਰ ਮਾਜਰੀ ਅਤੇ ਡੇਰਾਬੱਸੀ ਪੰਚਾਇਤ ਸੰਮਤੀ ਲਈ ਐਸ ਡੀ ਐਮ ਦਫ਼ਤਰ ਡੇਰਾਬੱਸੀ ਵਿਖੇ ਨਾਮਜ਼ਦਗੀ ਪੱਤਰ ਭਰੇ ਜਾ ਸਕਦੇ ਹਨ।