ਸਾਰੀਆਂ 13,000 ਪੰਚਾਇਤਾਂ 'ਚ ਡੋਰ-ਟੂ-ਡੋਰ ਕਰੇਗੀ ਆਮ ਆਦਮੀ ਪਾਰਟੀ : ਬੁੱਧ ਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਕੁੱਲ 13000 ਪੰਚਾਇਤਾਂ 'ਚ ਬੂਥ ਪੱਧਰ 'ਤੇ ਪਾਰਟੀ ਮਜ਼ਬੂਤੀ ਲਈ...

Budh Ram

ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ ਕੁੱਲ 13000 ਪੰਚਾਇਤਾਂ 'ਚ ਬੂਥ ਪੱਧਰ 'ਤੇ ਪਾਰਟੀ ਮਜ਼ਬੂਤੀ ਲਈ ਡੋਰ-ਟੂ-ਡੋਰ ਕਰਨ ਦਾ ਫ਼ੈਸਲਾ ਲਿਆ ਹੈ। ਪਾਰਟੀ ਦੇ ਸੀਨੀਅਰ ਵਿਧਾਇਕ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਨੇ ਪਹਿਲੇ ਦੌਰ 'ਚ ਕਰੀਬ 7 ਹਜ਼ਾਰ ਪਿੰਡਾਂ 'ਚ 'ਆਪ' ਦੇ ਜੇਤੂ ਪੰਚ-ਸਰਪੰਚਾਂ ਲਈ ਵਿਸ਼ੇਸ਼ ਟਰੇਨਿੰਗ ਕੈਂਪ ਲਾਇਆ ਜਾਵੇਗਾ। ਇਸ ਕੈਂਪ ਦੌਰਾਨ ਬੂਥ ਮੈਨੇਜਮੈਂਟ ਅਤੇ ਪਾਰਟੀ ਦਾ ਘਰ-ਘਰ (ਡੋਰ-ਟੂ-ਡੋਰ) ਪ੍ਰਚਾਰ ਦੇ ਗੁਰ ਸਿਖਾਏ ਜਾਣਗੇ।

ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਡੋਰ-ਟੂ-ਡੋਰ ਦੌਰਾਨ ਪਾਰਟੀ ਦੀਆਂ ਟੀਮਾਂ ਨੂੰ ਅਕਾਲੀ ਦਲ ਬਾਦਲ ਦੇ ਪਤਨ ਦੇ ਵਿਸਤਾਰ ਪੂਰਵਕ ਕਾਰਨ ਹਰੇਕ ਪਰਿਵਾਰ ਨੂੰ ਦੱਸੇ ਜਾਣਗੇ। ਅਕਾਲੀ ਦਲ ਬਾਦਲ ਦੀ ਭਾਈਵਾਲ ਵਾਲੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਿਸਾਨਾਂ-ਖੇਤ ਮਜ਼ਦੂਰਾਂ, ਬਜ਼ੁਰਗਾਂ, ਬੇਰੁਜ਼ਗਾਰਾਂ ਸਮੇਤ ਹਰੇਕ ਵਰਗ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਨ ਦੀ ਸੂਚੀ ਵੰਡੀ ਜਾਵੇਗੀ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਦੂਜੇ ਪਾਸੇ 'ਆਪ' ਪੰਚ-ਸਰਪੰਚਾਂ ਦੀ ਇਹ ਟੀਮ ਦਿੱਲੀ 'ਚ ਕੇਜਰੀਵਾਲ ਸਰਕਾਰ ਵੱਲੋਂ ਸਰਕਾਰੀ ਸਕੂਲਾਂ, ਮੁਹੱਲਾ ਕਲੀਨਿਕਾਂ, ਮੁਫ਼ਤ ਸਿਹਤ ਸੇਵਾਵਾਂ ਪੂਰੇ ਦੇਸ਼ 'ਚੋਂ ਸਭ ਤੋਂ ਸਸਤੀ ਬਿਜਲੀ, ਮੁਫ਼ਤ ਪਾਣੀ ਅਤੇ 40 ਦੇ ਕਰੀਬ ਸਰਕਾਰੀ ਸੇਵਾਵਾਂ ਦੀ ਹੋਮ ਡਿਲਿਵਰੀ ਬਾਰੇ ਪਿੰਡਾਂ ਦੇ ਲੋਕਾਂ ਨੂੰ ਦੱਸੇਗੀ।

ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਇੱਕ ਵਿਸ਼ੇਸ਼ ਮੁਹਿੰਮ ਤਹਿਤ ਆਪਣੇ 7 ਹਜ਼ਾਰ ਪਿੰਡਾਂ 'ਚ ਜੇਤੂ ਪੰਚਾਂ-ਸਰਪੰਚਾਂ ਨੂੰ ਦਿੱਲੀ ਸਰਕਾਰ ਦੇ ਕੰਮ ਅੱਖੀਂ ਦਿਖਾ ਕੇ ਲਿਆਵੇਗੀ। ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਪੰਜਾਬ ਵਿਚ 13 ਹਜਾਰ ਤੋਂ ਜਿਆਦਾ ਕੁੱਝ ਪਿੰਡ ਹਨ ਜਿੰਨਾਂ ਵਿਚ ਕਰੀਬ 7 ਹਜਾਰ ਪਿੰਡਾਂ ਵਿਚ ਆਮ ਆਦਮੀ ਪਾਰਟੀ ਨੇ ਪੰਚਾਇਤ ਚੋਣ ਵਿਚ ਜਿੱਤ ਹਾਸਿਲ ਕੀਤੀ ਹੈ। ਪਾਰਟੀ ਲੀਡਰਸ਼ਿਪ ਇਸਨੂੰ ਅਪਣੀ ਵੱਡੀ ਜਿੱਤ ਮੰਨ ਰਹੀ ਹੈ ਅਤੇ ਲੋਕ ਸਭਾ ਚੋਣਾਂ ਵਿਚ ਇਸ ਜਿੱਤ ਦੇ ਆਲੇ-ਦੁਆਲੇ ਰਣਨੀਤੀ ਬਣਾਈ ਜਾ ਰਹੀ ਹੈ।