ਖਹਿਰਾ ਧੜੇ ਵਲੋਂ ਆਉਂਦੇ ਐਤਵਾਰ ਤੋਂ ਪਹਿਲਾਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਇਕਾਈ ਖੁਦਮੁਖਤਿਆਰੀ ਤੇ ਅੜੇ ਬਾਗੀ ਧੜੇ ਨੇ ਆਉਂਦੇ ਐਤਵਾਰ ਤੋਂ ਪਹਿਲਾਂ-ਪਹਿਲਾਂ ਨਵੀਂ ਸਿਆਸੀ ਪਾਰਟੀ...
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਇਕਾਈ ਖੁਦਮੁਖਤਿਆਰੀ ਤੇ ਅੜੇ ਬਾਗੀ ਧੜੇ ਨੇ ਆਉਂਦੇ ਐਤਵਾਰ ਤੋਂ ਪਹਿਲਾਂ-ਪਹਿਲਾਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿਤਾ ਹੈ। ਇਸ ਧੜੇ ਦੀ ਅਗਵਾਈ ਕਰ ਰਹੇ ਭੁਲੱਥ ਹਲਕੇ ਤੋਂ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਅਪਣੇ ਨਿਵਾਸ ਵਿਖੇ 'ਸਪੋਕਸਮੈਨ ਟੀਵੀ' ਨਾਲ ਇਕ ਖਾਸ ਇੰਟਰਵਿਊ ਦੌਰਾਨ ਇਸ ਦੀ ਪੁਸ਼ਟੀ ਕਰ ਦਿਤੀ ਹੈ।
ਇਸ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਖਹਿਰਾ ਨੇ ਸਪੱਸ਼ਟ ਕੀਤਾ ਕਿ ਉਹ ਪਾਰਟੀ/ਵਿਧਾਇਕੀ ਤੋਂ ਬਗੈਰ ਕੋਈ ਅਸਤੀਫਾ ਦਿੱਤਿਆਂ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ। ਉਹਨਾਂ 'ਦਲ-ਬਦਲੀ ਵਿਰੋਧੀ ਕਾਨੂੰਨ ਦੇ ਸੰਦਰਭ ਨੂੰ ਧਿਆਨ ‘ਚ ਰੱਖਦੇ ਹੋਏ ਕਿਹਾ ਕਿ ਜੇਕਰ 'ਕੋਈ ਪਾਰਟੀ' ਉਹਨਾਂ ਨੂੰ ਵਿਧਾਨ ਸਭਾ ਮੈਂਬਰੀ ਤੋਂ ਕਢਵਾਉਂਦੀ ਹੈ ਤਾਂ ਉਹ ਪਹਿਲਾਂ ਹੀ ਵਿਤੀ ਤੌਰ ਉਤੇ ਟੁਟੇ ਹੋਏ ਪੰਜਾਬ ਸੂਬੇ ਨੂੰ ਕਈ ਹਲਕਿਆਂ ਦੀ ਜਿਮਨੀ ਚੋਣ ਚ ਧੱਕਣ ਲਈ ਜ਼ਿੰਮੇਵਾਰ ਹੋਵੇਗੀ।
ਨਾਲ ਹੀ ਉਹ ਦਿਲੀ ਜਾ ਕੇ ਉਥੋਂ ਪੰਜਾਬੀਆਂ ਅਤੇ ਸਿਖਾਂ ਕੋਲ 'ਉਸ ਪਾਰਟੀ' ਦਾ ਪਰਦਾਫਾਸ਼ ਕਰਨਗੇ ਕਿ ਉਹ ਕਿਹੋ ਜਿਹੀ ਪਾਰਟੀ ਨੂੰ ਵੋਟਾਂ ਪਾ ਰਹੇ ਹਨ। ਖਹਿਰਾ ਨੇ ਕਿਹਾ ਕਿ ਵਕੀਲ ਐਚ ਐਸ ਫੂਲਕਾ ਦੇ ਪਾਰਟੀ ਤੋਂ ਵੀ ਅਸਤੀਫੇ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚ 19 ਦੇ ਹਿੰਦਸੇ ਉਤੇ ਸੁੰਗੜ ਕੇ ਰਹਿ ਜਾਵੇਗੀ। ਅਜਿਹੇ ਵਿਚ ਜੇਕਰ ਪਾਰਟੀ ਉਹਨਾਂ ਦੀ ਵਿਧਾਇਕੀ ਰੱਦ ਕਰਵਾਉਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਮੁੱਖ ਵਿਰੋਧੀ ਧਿਰ ਦੇ ਰੁਤਬੇ ਲਈ ਫੌਰੀ ਦਾਅਵਾ ਪੇਸ਼ ਕਰ ਦੇਵੇਗੀ।
ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਕਮਲੇ ਹੋ ਸਕਦੇ ਹਨ ਪਰ ਕੋਈ ਪੰਜਾਬ ਹਿਤੈਸ਼ੀ 'ਸੁਖਬੀਰ ਬਾਦਲ ਜਿਹੇ ਮੂਰਖ' ਨੂੰ ਨੇਤਾ ਵਿਰੋਧੀ ਵਜੋਂ ਹੀਂ ਵੇਖਣਾ ਚਾਹੇਗਾ। ਖਹਿਰਾ ਨੇ ਪਾਰਟੀ ਤੋਂ ਬਾਹਰ ਜਾਣ ਦਾ ਕਾਰਨ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਤਾਨਾਸ਼ਾਹੀ ਰਵਈਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਖੁਦ ਪਾਰਟੀ ਦੇ ਸੰਵਿਧਾਨ ਨੂੰ ਛਿਕੇ ਟੰਗ ਆਪਣੇ ਆਪ ਤੀਜੀ ਵਾਰ ਪ੍ਰਧਾਨ ਬਣ ਗਏ ਹਨ, ਉਹਨਾਂ ਕਿਹਾ ਅਗਲਾ ਏਜੰਡਾ ਹਮਖਿਆਲ ਪਾਰਟੀਆਂ ਅਤੇ ਸਹਿਯੋਗੀ ਵਿਧਾਇਕਾਂ ਨਾਲ ਮਿਲ ਕੇ ਸਹਿਮਤੀ ਨਾਲ ਹੀ ਤੈਅ ਹੋਵੇਗਾ।
ਪਰ ਨਾਲ ਹੀ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜੇ ਚੋਂ ਮੁਕਤ ਕਰਵਾਉਣਾ ਹਰ ਸਿੱਖ ਦਾ ਧਰਮ ਹੈ। ਜਿਸ ਲਈ ਸਾਡੀ ਪਾਰਟੀ ਦੇ ਯੋਗ ਸਿੱਖ ਵੋਟਰ ਵਿਚਾਰ ਕਰਨਗੇ। ਪੰਜਾਬ ਦੇ ਹਾਈਕਮਾਨ ਪੱਖੀ ਆਪ ਵਿਧਾਇਕਾਂ ਦੀ ਹਾਲੀਆ ਦਿਲੀ ਬੈਠਕ ਨੂੰ ਠਿੱਠ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਉਥੇ ਝੱਖ ਮਾਰਦੇ ਫਿਰਦੇ ਹਨ, ਜਦਕਿ ਪੰਜਾਬ ਚ ਪਾਰਟੀ ਦੀ ਹਾਰ ਲਈ ਜਿੰਮੇਵਾਰ '28-29 ਸਾਲ ਦਾ ਨਿਆਣਾ' ਅੱਜ ਵੀ ਦਿਲੀ ਬੈਠਾ ਪਾਰਟੀ ਚਲਾ ਰਿਹਾ ਹੈ
ਅਤੇ ਉਥੇ ਦਿਲੀ ਵਾਲੇ ਆਗੂ ਜੁੱਤੀਆਂ ਪਾ ਕੇ ਬੈਠੇ ਹੁੰਦੇ ਹਨ ਤੇ ਪੰਜਾਬ ਤੋਂ ਗਿਆਂ ਨੰਗੇ ਪੈਰੀ ਬਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਖਹਿਰਾ ਨੇ ਭਗਵੰਤ ਮਾਨ ਵਲੋਂ ਪੰਜਾਬ ਚ ਸੱਤ ਹਜ਼ਾਰ ਪੰਚਾਇਤਾਂ ਦੀਆਂ ਚੋਣਾਂ ਜਿਤੇ ਹੋਣ ਨੂੰ ਕੋਰੀ ਗੱਪ ਕਰਾਰ ਦਿੰਦੇ ਹੋਏ ਕਿਹਾ ਕਿ ਮਾਨ ਪੱਲੇ ਸਿਰਫ ਚੁਟਕਲੇ ਹੀ ਰਹਿ ਗਏ ਹਨ।