ਬਾਦਲ ਦਲ ਲਈ ਵੀ ਚੁਨੌਤੀ ਸਾਬਤ ਹੋਈ ਮੋਦੀ ਦੀ ਰੈਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਦਾ ਭਾਸ਼ਨ ਸਿੱਖ ਮੁੱਦਿਆਂ 'ਤੇ ਕੇਂਦਰਤ ਰਿਹਾ......

PM Modi addresses a Rally in Gurdaspur

ਚੰਡੀਗੜ੍ਹ (ਨੀਲ ਭਲਿੰਦਰ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਰਦਾਸਪੁਰ ਹੋਈ 'ਪ੍ਰਧਾਨ ਮੰਤਰੀ ਧਨਵਾਦ ਰੈਲੀ' ਮੁੱਖ ਵਿਰੋਧੀ ਧਿਰ ਕਾਂਗਰਸ ਹੀ ਨਹੀਂ ਸਗੋਂ ਕੌਮੀ ਜਮਹੂਰੀ ਗਠਜੋੜ (ਐਨਡੀਏ) 'ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੀ ਚੁਨੌਤੀ ਰਹੀ ਹੈ। 'ਜਗਤ ਗੁਰੂ ਬਾਬਾ ਨਾਨਕ ਦੇਵ ਦੇ ਸਹੁਰਾ ਘਰ ਗੁਰਦਾਸਪੁਰ ਦੀ ਧਰਤੀ' 'ਤੇ 'ਵਾਹਿਗੁਰੂ ਜੀ ਕਾ ਖ਼ਾਲਸਾ' ਨਾਲ ਸ਼ੁਰੂ ਹੋਇਆ ਮੋਦੀ ਦਾ ਭਾਸ਼ਨ ਮੁੱਢ ਤੋਂ ਅੰਤ ਤਕ 'ਗੁਰੂ ਨਾਨਕ 550ਵੇਂ ਜਨਮ ਪੁਰਬ, ਕਰਤਾਰਪੁਰ ਸਾਹਿਬ ਲਾਂਘਾ, 84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਕਾਂਗਰਸ ਵਲੋਂ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਜਿਹੇ ਸਿੱਖ ਮੁੱਦਿਆਂ 'ਤੇ ਕੇਂਦਰਤ ਰਿਹਾ।

ਪੰਜਾਬ ਵਿਧਾਨ ਸਭਾ ਚੋਣਾਂ 2017 'ਚ ਅਕਾਲੀ ਦੀ ਅਗਵਾਈ 'ਚ ਗਠਜੋੜ ਦੀ ਸ਼ਰਮਨਾਕ ਹਾਰ, ਪਿਛਲੀਆਂ ਲੋਕ ਸਭਾ ਚੋਣਾਂ (2014) ਦੇ ਮੁਕਾਬਲੇ ਅੱਜ ਅਕਾਲੀ ਦਲ ਦੀ ਹੋਰ ਵੀ ਹਾਲਤ ਪਤਲੀ ਹੋਣ ਕਾਰਨ ਅਤੇ ਮਾਝੇ 'ਚ ਹੋਏ ਤਾਜ਼ਾ 'ਟਕਸਾਲੀ' ਦੋਫਾੜ  ਕਾਰਨ ਮੋਦੀ ਦੀ ਸਿੱਖ ਮੁੱਦਿਆਂ ਉਤੇ ਟੇਕ ਨੇ ਸੂਬਾਈ ਸਿਆਸਤ 'ਚ ਨਵੀਂ ਚਰਚਾ ਛੇੜ ਦਿਤੀ ਹੈ ਖ਼ਾਸਕਰ ਉਦੋਂ ਜਦੋਂ ਖ਼ੁਦ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਅਪਣੀ ਹਾਈ ਕਮਾਨ ਉਤੇ ਪੰਜਾਬ 'ਚ ਸੀਟ ਵੰਡ ਅਨੁਪਾਤ ਵਿਚ ਤਬਦੀਲੀ ਲਈ ਵੀ ਲਗਾਤਾਰ ਜ਼ੋਰ ਪਾਉਂਦੀ ਆ ਰਹੀ ਹੈ। 

ਪਹਿਲਾਂ ਜਿਥੇ ਪੰਜਾਬ ਦੀਆਂ ਕੁਲ 10 ਲੋਕ ਸਭਾ ਸੀਟਾਂ 'ਚੋਂ 10  ਸੀਟਾਂ 'ਤੇ ਅਕਾਲੀ ਤੇ ਤਿੰਨ ਤੋਂ ਭਾਜਪਾਈ ਲੜਦੇ ਆ ਰਹੇ ਹਨ ਤਾਂ ਹੁਣ ਇਹ ਅਨੁਪਾਤ 8:5 ਦਾ ਵੀ ਹੋ ਸਕਦਾ ਹੈ। ਜਾਣਕਾਰ ਸੂਤਰਾਂ ਮੁਤਾਬਕ ਮਾਝਾ ਖ਼ਾਸਕਰ ਗੁਰਦਾਸਪੁਰ ਸੀਟ (ਜੋ 2014 'ਚ ਵਿਨੋਦ ਖੰਨਾ ਦੇ ਰੂਪ 'ਚ ਭਾਜਪਾ ਦੀ ਝੋਲੀ ਪਈ ਸੀ) ਖੰਨਾ ਦੀ ਅਚਨਚੇਤ ਮੌਤ ਮਗਰੋਂ ਸੁਨੀਲ ਜਾਖੜ ਦੇ ਹੱਥ ਲੱਗ ਜਾਣ ਪਿੱਛੇ ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਹੋਰਨਾਂ ਟਕਸਾਲੀ ਅਕਾਲੀਆਂ ਦੀ ਬਾਦਲਾਂ ਨਾਲ ਮੁਖਾਲਫਤ ਨੂੰ ਕਾਰਨ ਮੰਨਿਆ ਜਾ ਰਿਹਾ ਹੈ।

ਦੂਜੇ ਪਾਸੇ, ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਅਪਣੇ ਹਿੱਸੇ ਆਉਂਦੀਆਂ ਸੂਬੇ ਦੀਆਂ 10 ਸੀਟਾਂ 'ਚੋਂ ਸਿਰਫ਼ ਚਾਰ 'ਤੇ ਹੀ ਜਿੱਤੇ ਸਨ ਤੇ ਭਾਜਪਾ ਨੇ ਤਿੰਨ 'ਚੋਂ ਦੋ ਸੀਟਾਂ 'ਤੇ ਜਿੱਤ ਦਰਜ ਕੀਤੀ ਸੀ ਪਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਵੀ ਇਹ ਸੀਟ ਕਾਂਗਰਸ ਦੇ ਹਿੱਸੇ ਚਲੀ ਗਈ ਸੀ। ਹੁਣ ਮੋਦੀ ਦੀ ਰੈਲੀ ਨੇ ਪੰਜਾਬ ਦੇ ਭਾਜਪਾ ਕਾਰਕੁਨਾਂ ਅੰਦਰ ਨਵੀਂ ਰੂਹ ਫੂਕਣ ਦੀ ਕੋਸ਼ਿਸ਼ ਕੀਤੀ ਹੈ। ਸਿਆਸੀ ਸਫ਼ਾਂ 'ਚ ਚਰਚਾ ਹੈ ਕਿ ਸਿੱਖ ਬਹੁ ਵਸੋਂ ਇਲਾਕੇ ਵਿਚ ਰੈਲੀ ਕਰ ਕੇ ਪੰਜਾਬ ਭਾਜਪਾ ਨੇ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਪਾਰਟੀ ਉਥੇ ਹੁਣ ਵੀ ਮਜ਼ਬੂਤ ਹੈ। ਉਂਜ ਵੀ ਪੰਜਾਬ ਅੰਦਰ  ਅਕਾਲੀ ਦਲ ਦੋਫਾੜ ਹੋ ਜਾਣ ਨਾਲ ਇਸ ਪਾਰਟੀ ਦੇ ਹਾਲਾਤ ਬਹੁਤੇ ਖ਼ੁਸ਼ਗਵਾਰ ਨਹੀਂ ਹਨ। 

'ਮੁੱਖ ਮੰਤਰੀ ਨੂੰ ਅਣਡਿੱਠ ਕਰ ਕੇ ਪਾਕਿਸਤਾਨ ਚਲਾ ਗਿਆ ਮੰਤਰੀ'

ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਅਪਣੇ ਸਿਰ ਸਜਾਇਆ ਤੇ ਨਾਲ ਹੀ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਾਮ ਲਏ ਬਿਨਾਂ ਉਨ੍ਹਾਂ ਭੰਡੀ ਵੀ ਕੀਤੀ। ਉਨ੍ਹਾਂ ਆਖਿਆ ਕਿ ਕੁੱਝ ਕਾਂਗਰਸੀ ਆਗੂ ਅਪਣੀ ਲੀਡਰਸ਼ਿਪ ਖ਼ਾਸਕਰ ਮੁੱਖ ਮੰਤਰੀ ਨੂੰ ਅੱਖੋਂ-ਪਰੋਖੇ ਕਰ ਕੇ ਪਾਕਿਸਤਾਨ ਗਏ ਜੋ ਜ਼ਬਰਦਸਤੀ ਇਸ ਲਾਂਘੇ ਦਾ ਲਾਹਾ ਲੈਣ ਦੀ ਦੌੜ ਵਿਚ ਸਨ। ਉਨ੍ਹਾਂ ਆਖਿਆ ਕਿ ਦੇਸ਼ ਦੀ ਵੰਡ ਸਮੇਂ ਬਾਬੇ ਨਾਨਕ ਦੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਨੂੰ ਸਾਡੇ ਕੋਲੋਂ ਦੂਰ ਕਰ ਦਿਤਾ ਗਿਆ ਸੀ

ਪਰ ਉਸ ਵੇਲੇ ਦੀ ਸਰਕਾਰ ਕੁੱਝ ਨਾ ਕਰ ਸਕੀ ਤੇ ਹੁਣ ਐਨਡੀਏ ਸਰਕਾਰ ਨੇ ਕਰੋੜਾਂ ਸ਼ਰਧਾਲੂਆਂ ਦੀ ਭਾਵਨਾ ਨੂੰ ਵੇਖਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਪਾਰਟੀ 'ਤੇ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਦੋ ਕੇਂਦਰੀ ਮੰਤਰੀਆਂ ਨੂੰ ਪਾਕਿਸਤਾਨ ਭੇਜਿਆ ਸੀ ਪਰ ਕਾਂਗਰਸ ਦਾ 'ਇਕ ਨੇਤਾ' ਅਪਣੇ ਮੁੱਖ ਮੰਤਰੀ ਤਕ ਨੂੰ ਦਰਕਿਨਾਰ ਕਰ ਕੇ ਪਾਕਿਸਤਾਨ ਚਲਾ ਗਿਆ।