ਵਿਜੀਲੈਂਸ ਨੇ ਰਿਸ਼ਵਤ ਲੈਂਦਾ ਹੌਲਦਾਰ ਅਤੇ ਲੇਖਾਕਾਰ ਰੰਗੇ ਹੱਥੀਂ ਦਬੋਚਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸੋਹਾਣਾ, ਐਸ.ਏ.ਐਸ ਨਗਰ ਵਿਖੇ ਤਾਇਨਾਤ ਹੌਲਦਾਰ ਅਤੇ ਲੁਧਿਆਣਾ ਜ਼ਿਲ੍ਹੇ ਦੇ...

Bribe

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਸੋਹਾਣਾ, ਐਸ.ਏ.ਐਸ ਨਗਰ ਵਿਖੇ ਤਾਇਨਾਤ ਹੌਲਦਾਰ ਅਤੇ ਲੁਧਿਆਣਾ ਜ਼ਿਲ੍ਹੇ ਦੇ ਇਕ ਨਿਜੀ ਨਰਰਿੰਗ ਕਾਲਜ ਵਿਚ ਤਾਇਨਾਤ ਲੇਖਾਕਾਰ ਨੂੰ ਦੋ ਵੱਖ-ਵੱਖ ਥਾਵਾਂ 'ਤੇ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਹੌਲਦਾਰ ਨੂੰ ਸ਼ਿਕਾਇਤਕਰਤਾ ਗੁਰਜੀਤ ਸਿੰਘ ਵਾਸੀ ਪਿੰਡ ਦੁਭਾਲੀ, ਜਿਲਾ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਸ਼ਿਕਾਇਤ 'ਤੇ ਫ਼ੜਿਆ ਹੈ।

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਮੁੱਖ ਸਿਪਾਹੀ ਵਲੋਂ ਉਸ ਵਿਰੁਧ ਚਲ ਰਹੇ ਮੁਕੱਦਮੇ ਵਿਚ ਅਦਾਲਤ ਵਲੋਂ ਜਮਾਨਤ ਦੁਆਉਣ ਵਿਚ ਮਦਦ ਕਰਨ ਬਦਲੇ 10,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 6,000 ਰੁਪਏ ਵਿਚ ਤੈਅ ਹੋਇਆ ਹੈ ਅਤੇ ਉਸ ਵਲੋਂ ਪਹਿਲੀ ਕਿਸ਼ਤ ਦੇ 3000 ਰੁਪਏ ਵੀ ਅਦਾ ਕਰ ਦਿੱਤੇ ਗਏ ਹਨ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਹੌਲਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਦੇ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

ਜਿਕਰਯੋਗ ਹੈ ਕਿ ਪਿਛਲੇ ਸਾਲ ਇਸੇ ਹੌਲਦਾਰ ਸੁਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਜੋ ਕਿ ਮੁਹਾਲੀ ਪੁਲਿਸ ਵਿਚ ਮਹਿਲਾ ਹੌਲਦਾਰ ਵਜੋ ਤਾਇਨਾਤ ਹੈ ਵਿਰੁੱਧ ਖਰੜ ਥਾਣੇ ਵਿਚ ਧੋਖਾਧੜੀ ਦਾ ਮੁੱਕਦਮਾ ਦਰਜ ਕੀਤਾ ਗਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਪਰ ਅਦਾਲਤ ਦੇ ਹੁਕਮਾ ਅਨੁਸਾਰ ਉਨ੍ਹਾਂ ਨੂੰ ਮੁੜ ਤੋਂ ਨੌਕਰੀ 'ਤੇ ਬਹਾਲ ਕਰ ਦਿੱਤਾ ਗਿਆ। 

ਇਕ ਹੋਰ ਭ੍ਰਿਸ਼ਟਾਚਾਰ ਦੇ ਮੁਕੱਦਮੇ ਵਿਚ ਗੁਰੂਹਰਗੋਬਿੰਦ ਕਾਲਜ ਆਫ ਨਰਸਿੰਗ, ਰਾਏਕੋਟ, ਲੁਧਿਆਣਾ ਵਿਖੇ ਤਾਇਨਾਤ ਲੇਖਾਕਾਰ ਚਮਕੌਰ ਸਿੰਘ ਨੂੰ ਸ਼ਿਕਾਇਤਕਰਤਾ ਗੁਰਮੀਤ ਸਿੰਘ ਢਿਲੋਂ ਵਾਸੀ ਪਿੰਡ ਬਿੰਜਲ ਜਿਲਾ ਲੁਧਿਆਣਾ ਦੀ ਸ਼ਿਕਾਇਤ 'ਤੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ

ਕਿ ਉਸ ਦੀ ਲੜਕੀ ਜਿਸ ਨੇ ਗੁਰੂਹਰਗੋਬਿੰਦ ਕਾਲਜ ਆਫ ਨਰਸਿੰਗ, ਰਾਏਕੋਟ ਤੋਂ ਕੀਤੀ ਪੜਾਈ ਦੇ ਸਬੰਧ ਵਿਚ ਉਕਤ ਲੇਖਾਕਾਰ ਵਲੋਂ ਦਸਤਾਵੇਜ ਮੁਹੱਈਆ ਕਰਾਉਣ ਬਦਲੇ 5,000 ਰੁਪਏ ਦੀ ਮੰਗ ਕੀਤੀ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵੀ ਉਕਤ ਦੋਸ਼ੀ ਨੂੰ ਦਸਤਾਵੇਜਾਂ  ਮੁਹੱਈਆ ਕਰਾਉਣ ਲਈ 15,000 ਰੁਪਏ ਅਦਾ ਕਰ ਚੁੱਕਾ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਲੇਖਾਕਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

ਜਿਕਰਯੋਗ ਹੈ ਕਿ ਕਿਸੇ ਵੀ ਨਿਜੀ ਸੰਸਥਾ ਵਿਚ ਕੰਮ ਕਰਦੇ ਕਰਮਚਾਰੀ ਵਿਜੀਲੈਂਸ ਭ੍ਰਿਸ਼ਟਾਚਾਰ ਕਾਨੂੰਨ ਤਹਿਤ ਕਾਰਵਾਈ ਕਰ ਸਕਦੀ ਹੈ ਜੇਕਰ ਉਹ ਆਮ ਜਨਤਾ ਤੋਂ ਕੰਮ ਕਰਨ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਹੋਵੇ। ਬੁਲਾਰੇ ਨੇ  ਦੱਸਿਆ ਕਿ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਐਸ.ਏ.ਐਸ.ਨਗਰ  ਅਤੇ ਲੁਧਿਆਣਾ ਵਿਖੇ ਮੁਕੱਦਮੇ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।

Related Stories