ਦਿੱਲੀ ਕਿਸਾਨੀ ਮੋਰਚਾ 'ਚ ਪੰਜਾਬੀ ਸਮਾਜ ਦੇ ਸਭਨਾਂ ਰੰਗਾਂ ਦਾ ਸੁਮੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪਣੇ ਸਭਨਾਂ ਅੰਦਰੂਨੀ ਵਖਰੇਵਿਆਂ ਸਮੇਤ ਪੰਜਾਬੀ ਸਮਾਜ ਮੋਰਚੇ ਵਿੱਚ ਜਿੱਤ ਦੀ ਤਾਂਘ ਨਾਲ ਹੋਇਆ ਡਟਿਆ

farmer protest

ਚੰਡੀਗੜ੍ਹ : ਦਿੱਲੀ ਮੋਰਚਾ ਵੱਖ ਵੱਖ ਸੂਬਿਆਂ ਦੇ ਕਿਸਾਨਾਂ ਦਾ ਸਾਂਝਾ ਮੋਰਚਾ ਬਣ ਚੁੱਕਿਆ ਹੈ। ਤਾਂ ਵੀ ਪੰਜਾਬੀ ਸਭ ਤੋਂ ਵੱਡੀ ਗਿਣਤੀ 'ਚ ਹਨ ਤੇ ਇਸ ਸੰਘਰਸ਼ ਦੀ ਪੰਜਾਬੀ ਰੰਗਤ ਸਭ ਤੋਂ ਗੂੜ੍ਹੀ ਹੈ। ਬੀਤੇ ਸਾਲਾਂ ਚ ਕਿਸਾਨੀ ਸੰਘਰਸ਼ਾਂ ਦਾ ਲੰਮਾ ਤਜਰਬਾ ਰੱਖਣ ਵਾਲੀਆਂ ਪੰਜਾਬ ਦੀਆਂ ਕਿਸਾਨ  ਜਥੇਬੰਦੀਆਂ ਇਸ ਅੰਦੋਲਨ ਦੌਰਾਨ ਅਗਵਾਨੂੰ ਸ਼ਕਤੀ ਵਜੋਂ ਨਿਭ ਰਹੀਆਂ ਹਨ। ਸੰਘਰਸ਼ ਅੰਦਰ ਅਜਿਹੀ ਭੂਮਿਕਾ ਪੰਜਾਬੀ ਸਮਾਜ 'ਤੇ ਹੋਰ ਵੱਡੀ ਜ਼ਿੰਮੇਵਾਰੀ ਪਾਉਂਦੀ ਹੈ। ਦਿੱਲੀ ਮੋਰਚੇ ਨਾਲ ਸਰੋਕਾਰ ਰੱਖਣ ਵਾਲੇ ਸਭਨਾਂ ਸੁਹਿਰਦ ਤੇ ਚੇਤਨ ਹਲਕਿਆਂ ਦਰਮਿਆਨ ਅਜਿਹੀ ਜ਼ਿੰਮੇਵਾਰੀ ਦੇ ਅਹਿਸਾਸ ਚੋਂ  ਮੋਰਚੇ ਅੰਦਰ ਪੰਜਾਬੀਆਂ ਦੇ ਵਿਹਾਰ ਬਾਰੇ ਵੱਖ ਵੱਖ ਤਰ੍ਹਾਂ ਦੀ ਫ਼ਿਕਰਮੰਦੀ ਉਭਰਦੀ ਰਹਿੰਦੀ ਹੈ। ਇਹ ਫ਼ਿਕਰਮੰਦੀ ਵਾਲੇ ਸਰੋਕਾਰ ਚਾਹੇ ਮੋਰਚੇ ਦੀ ਚਡ਼੍ਹਦੀ ਕਲਾ ਤੇ ਸਫ਼ਲਤਾ ਦੀ ਭਾਵਨਾ 'ਚੋਂ ਹੀ ਉਪਜਦੇ ਹਨ ਪਰ ਮੋਰਚੇ ਅੰਦਰ ਲੋਕਾਂ ਦੀਆਂ ਵੱਖ ਵੱਖ ਪ੍ਰਕਾਰ ਦੀਆਂ ਕਮਜ਼ੋਰੀਆਂ ਦੇ ਪ੍ਰਗਟਾਵੇ ਅਜਿਹੇ ਹਿੱਸਿਆਂ ਦੀਆਂ ਫ਼ਿਕਰਮੰਦੀਆਂ ਦਾ ਸਬੱਬ ਬਣਦੇ ਹਨ। ਇਹ ਫਿਕਰਮੰਦੀਆਂ ਵਾਜਬ ਹੁੰਦੀਆਂ ਹਨ ਪਰ ਇਨ੍ਹਾਂ ਨੂੰ ਠੋਸ ਹਕੀਕਤ ਦੀ ਧਰਾਤਲ 'ਤੇ ਟਿਕਾਉਣਾ ਵੀ ਲਾਜ਼ਮੀ ਹੁੰਦਾ ਹੈ।