ਅਸ਼ਵਨੀ ਸ਼ਰਮਾ ਦੀ ਮੋਗਾ ਫੇਰੀ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਜ਼ਬਰਦਸਤ ਵਿਰੋਧ
ਅਸ਼ਵਨੀ ਸ਼ਰਮਾ ਦੀ ਮੋਗਾ ਫੇਰੀ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਜ਼ਬਰਦਸਤ ਵਿਰੋਧ
ਭਾਜਪਾ ਦੋਗ਼ਲੀ ਨੀਤੀ ਨਾ ਅਪਣਾਵੇ, ਕਿਸਾਨਾਂ ਦੀ ਗੱਲ ਸੁਣੇ
ਮੋਗਾ, 3 ਜਨਵਰੀ (ਗੁਰਜੰਟ ਸਿੰਘ/ਰਾਜਨ ਸੂਦ): ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੋਗਾ ਫੇਰੀ ਦੌਰਾਨ ਕਿਸਾਨ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕੀਤਾ | ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਸਵੇਰ ਤੋਂ ਹੀ ਪੂਰਾ ਸ਼ਹਿਰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ | ਭਾਜਪਾ ਆਗੂਆਂ ਦੇ ਮੋਗਾ ਫੇਰੀ ਦੀ ਭਿਣਕ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਪੈ ਗਈ |
ਭਾਜਪਾ ਪ੍ਰਧਾਨ ਦਾ ਕਾਫ਼ਲਾ ਜਦੋਂ ਸ਼ਹਿਰ ਦੇ ਮੁੱਖ ਚੌਕ ਵਿਚੋਂ ਗੁਜ਼ਰ ਰਿਹਾ ਸੀ ਤਾਂ ਜਥੇਬੰਦੀਆਂ ਦੇ ਕਾਫ਼ਲੇ ਅਜੇ ਪਿੰਡਾਂ ਦੇ ਰਸਤੇ ਵਿਚ ਸਨ | ਸ਼ਹਿਰ ਦੇ ਚੌਕ ਵਿਚ ਕਾਫ਼ਲਿਆਂ ਨਾਲ ਤਾਲਮੇਲ ਕਿਸਾਨ ਆਗੂ ਸੁਖਜਿੰਦਰ ਮਹੇਸਰੀ ਕਰ ਰਿਹਾ ਸੀ | ਜਦੋਂ ਉਨ੍ਹਾਂ ਕਾਫ਼ਲਾ ਗੁਜ਼ਰਦਾ ਵੇਖਿਆ ਤਾਂ ਕਿਸੇ ਹੋਰ ਦਾ ਇੰਤਜ਼ਾਰ ਕੀਤੇ ਬਿਨਾਂ ਉਹ ਭੱਜ ਕੇ ਵਿਰੋਧ ਕਰਨ ਕਾਫ਼ਲੇ ਵਲ ਵਧੇ | ਇਸੇ ਦੌਰਾਨ ਇਕ ਨੌਜਵਾਨ ਕਿਸਾਨ ਸਵਰਾਜ ਖੋਸਾ ਵੀ ਉਨ੍ਹਾਂ ਨਾਲ ਸਾਥ ਦੇਣ ਲੱਗਾ | ਇਨ੍ਹਾਂ ਦੋਹਾਂ ਨੂੰ ਭਾਰੀ ਗਿਣਤੀ ਤਾਇਨਾਤ ਪੁਲਿਸ ਫ਼ੋਰਸ ਨੇ ਚੁਕ ਲਿਆ ਅਤੇ ਨਾਹਰੇਬਾਜ਼ੀ ਕਰਦਿਆਂ ਨੂੰ ਥਾਣੇ ਲੈ ਗਏ |
ਕਰੀਬ ਡੇਢ ਘੰਟੇ ਬਾਅਦ ਇਕੱਠੇ ਹੋਏ ਲੋਕਾਂ ਨੇ ਥਾਣੇ ਦਾ ਘਿਰਾਉ ਕਰ ਕੇ ਸੁਖਜਿੰਦਰ ਮਹੇਸਰੀ ਸਮੇਤ ਸਵਰਾਜ ਖੋਸਾ ਨੂੰ ਛੁਡਾ ਲਿਆ | ਰਿਹਾਅ ਹੋਣ ਤੋਂ ਬਾਅਦ ਜਦੋਂ ਇਕੱਠੇ ਹੋਏ ਲੋਕਾਂ ਨੂੰ ਪਤਾ ਲੱਗਾ ਕਿ ਭਾਜਪਾ ਲੀਡਰ ਢੀਂਗਰਾ ਹੋਟਲ ਵਿਚ ਹਨ ਤਾਂ ਵਰਦੇ ਮੀਂਹ ਵਿਚ ਲੋਕ ਉਧਰ ਨੂੰ ਹੋ ਤੁਰੇ | ਰਸਤੇ ਵਿਚ ਪੁਲਿਸ ਵਲੋਂ ਲਗਾਈ ਇਕ ਰੋਕ ਨੂੰ ਤੋੜਦਿਆਂ ਲੋਕ ਅਗਾਂਹ ਵੱਧ ਗਏ | ਜਿਥੋਂ ਅੱਗੇ ਅਕਾਲਸਰ ਰੋਡ ਉਤੇ ਪੁਲਿਸ ਨੇ ਭਾਰੀ ਬੈਰੀਕੇਟਿੰਗ ਕਰ ਕੇ ਰੋਕ ਲਿਆ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਪੁਲਿਸ ਨਾਲ ਝੜਪਾਂ ਹੁੰਦੀਆਂ ਰਹੀਆਂ | ਜਦੋਂ ਭਾਜਪਾ ਨੇਤਾਵਾਂ ਦਾ ਕਾਫ਼ਲਾ ਸਥਾਨਕ ਹੋਟਲ ਵਿਚੋਂ ਨਿਕਲਣ ਲੱਗਾ ਤਾਂ ਲੋਕਾਂ ਨੇ ਫਿਰ ਹੱਲਾ ਬੋਲ ਦਿਤਾ ਅਤੇ ਜ਼ਬਰਦਸਤ ਤਰੀਕੇ ਨਾਲ ਨਾਹਰੇਬਾਜ਼ੀ ਕਰਦਿਆਂ ਵਿਰੋਧ ਕੀਤਾ | ਪ੍ਰਦਰਸ਼ਨਕਾਰੀਆਂ ਨੇ ਕਿਹਾ ਖੇਤੀ ਮਾਰੂ ਕਾਲੇ ਕਾਨੂੰਨ ਰੱਦ ਕੀਤੇ ਜਾਣ | ਭਾਜਪਾ ਕਾਰਪੋਰੇਟ ਘਰਾਣਿਆਂ ਦੀ ਦਲਾਲੀ ਕਰਨ ਦੀ ਬਜਾਏ, ਦੇਸ਼ ਦੇ ਲੋਕਾਂ ਦੀ ਗੱਲ ਸੁਣੇ | ਇਸ ਮੌਕੇ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੋਗ਼ਲੀ ਨੀਤੀ ਨਾ ਅਪਣਾਵੇ, ਉਹ ਇਕ ਪਾਸੇ ਮੀਟਿੰਗਾਂ ਕਰ ਕੇ ਇਸ ਮਸਲੇ ਨੂੰ ਹੱਲ ਕਰਨ ਦੇ ਡਰਾਮੇ ਕਰ ਰਹੀ ਹੈ, ਦੂਜੇ ਪਾਸੇ ਬੇਸ਼ਰਮੀ ਨਾਲ ਕਾਲੇ ਕਾਨੂੰਨਾਂ ਦੇ ਹੱਕ ਵਿਚ ਚੋਰੀ ਚੋਰੀ ਪ੍ਰਚਾਰ ਕੀਤਾ ਜਾ ਰਿਹਾ ਹੈ |
ਇਸ ਮੌਕੇ ਆਗੂਆਂ ਨੇ ਸ਼ਹਿਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੇਤਾਵਾਂ ਨੂੰ ਅਪਣੇ ਹੋਟਲਾਂ ਵਿਚ ਠਹਿਰਾਉਣ ਵਾਲਿਆਂ ਦਾ ਵੀ ਬਾਈਕਾਟ ਕਰੋ, ਜੋ ਕਮਾਈ ਤਾਂ ਲੋਕਾਂ ਤੋਂ ਕਰਦੇ ਪਰ ਮਹਿਮਾਨ ਨਿਵਾਜ਼ੀ ਦੇਸ਼ ਵਿਰੋਧੀ ਨੇਤਾਵਾਂ ਦੀ ਕਰਦੇ ਹਨ | ਇਸ ਮੌਕੇ ਸੁਖਜਿੰਦਰ ਮਹੇਸਰੀ, ਜਗਸੀਰ ਖੋਸਾ, ਜਗਜੀਤ ਸਿੰਘ ਧੂੜਕੋਟ, ਪ੍ਰਗਟ ਸਿੰਘ ਸਾਫੂਵਾਲਾ, ਦਰਸ਼ਨ ਸਿੰਘ ਰੌਲੀ, ਕਰਮਵੀਰ ਕੌਰ ਬੱਧਨੀ, ਸੁਖਦੇਵ ਭੋਲਾ, ਕੁਲਵੰਤ ਬੱਧਨੀ, ਮਹਿੰਦਰ ਧੂੜਕੋਟ, ਈਸ਼ਰ ਸਿੰਘ ਰੌਲੀ, ਗੁਰਪ੍ਰੀਤ ਭੱਟੀ, ਚਮਕੌਰ ਸਿੰਘ ਬੱਧਨ ਆਦਿ ਹਾਜ਼ਰ ਸਨ |