ਕਿਸਾਨੀ ਮੋਰਚੇ ‘ਚ ਸਿੱਖ ਨੌਜਵਾਨਾਂ ਨੇ ਸੰਭਾਲੀ ਸਭ ਤੋਂ ਵੱਡੀ ਸੇਵਾ, ਜਿੱਤਿਆ ਕਿਸਾਨਾਂ ਦਾ ਦਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਨੌਜਵਾਨਾਂ ਨੇ ਸੰਭਾਲੀ ਜੁੱਤੀਆਂ ਗੰਢਣ ਦੀ ਸੇਵਾ...

lovepreet singh

ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ-ਹਰਿਆਣਾ ਸਰਹੱਦ ਉਤੇ ਦਿਨ-ਰਾਤ ਡਟੇ ਕਿਸਾਨਾਂ ਦੀ ਸੇਵਾ ਲਈ ਪੰਜਾਬ ਵਾਸੀਆਂ ਦਿੱਲੀ ਦੇ ਬਾਰਡਰਾਂ ‘ਤੇ ਵੱਡੀ ਗਿਣਤੀ ਮੌਜੂਦ ਹੈ। ਕਿਸਾਨ ਅੰਦੋਲਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਿੱਖ ਨੌਜਵਾਨਾਂ ਵੱਲੋਂ ਵੱਡੀ ਸੇਵਾ ਨਿਭਾਈ ਜਾ ਰਹੀ ਹੈ। ਅੰਦੋਲਨ ਵਾਲੀ ਥਾਂ ‘ਤੇ ਕਈਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਕਾਇਦਾ ਤੌਰ ‘ਤੇ ਸੇਵਾ ਨਿਭਾਈ ਜਾਂਦੀ ਹੈ।

ਇੱਥੇ ਹੀ ਗੁਰਦਾਸਪੁਰ ਦੇ ਨੌਜਵਾਨਾਂ ਵੱਲੋਂ ਸਭ ਤੋਂ ਵੱਡੀ ਸੇਵਾ ਜੁੱਤੀਆਂ ਗੰਢਣ ਦੀ ਸੇਵਾ ਨਿਭਾਈ ਜਾ ਰਹੀ ਹੈ। ਇਹ 4 ਸਿੱਖ ਨੌਜਵਾਨ ਗੁਰਦਾਸਪੁਰ ਦੇ ਪਿੰਡ ਸੱਖੋਵਾਲ ਤੋਂ ਆਏ ਹੋਏ ਹਨ। ਨੌਜਵਾਨਾਂ ਦੇ ਕਹਿਣੈ ਕਿ ਕਿਸਾਨੀ ਸਟੇਜ 5 ਤੋਂ 6 ਕਿਲੋਮੀਟਰ ਦੇ ਫ਼ਾਸਲੇ ‘ਤੇ ਹੈ ਜਿਹੜੇ ਕਿਸਾਨ ਕਾਫ਼ੀ ਸਮੇਂ ਤੋਂ ਇੱਥੇ ਅੰਦੋਲਨ ਵਿਚ ਆਏ ਹੋਏ ਹਨ ਉਨ੍ਹਾਂ ਦੀਆਂ ਅੰਦੋਲਨ ‘ਚ ਤੁਰਨ-ਫਿਰਨ ਨਾਲ ਜੁੱਤੀਆਂ ਦੀ ਟੁੱਟ-ਭੱਜ ਹੋ ਜਾਂਦੀ ਹੈ ਤਾਂ ਅਸੀਂ ਜੁੱਤੀਆਂ ਦੀ ਮੁਰੰਮਤ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਜੁੱਤੀਆਂ ਪਾਲਿਸ਼ ਕਰਨ ਵਾਲੀਆਂ ਹੁੰਦੀਆਂ ਹਨ ਉਨ੍ਹਾਂ ਨੂੰ ਅਸੀਂ ਪਾਲਿਸ਼ ਕਰਦੇ ਹਾਂ। ਸਿੱਖ ਨੌਜਵਾਨਾਂ ਵੱਲੋਂ ਬਹੁਤ ਹੀ ਲਗਨ ਨਾਲ ਇਹ ਕੰਮ ਤਸੱਲੀ ਬਖ਼ਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਕਿਸੇ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ, ਇਹ ਸੇਵਾ ਬਿਲਕੁਲ ਫ਼ਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਸਮਾਨ ਘਰੋਂ ਲੈ ਕੇ ਆਏ ਹਾਂ ਅਸੀਂ ਕਿਸੇ ਤੋਂ ਵੀ ਸੇਵਾ ਨਹੀਂ ਲੈ ਰਹੇ।

ਨੌਜਵਾਨਾਂ ਵੱਲੋਂ ਪਹਿਲਾਂ ਵੀ ਇਹ ਜੋੜਿਆਂ ਦੀ ਸੇਵਾ ਗੁਰਦਾਸਪੁਰ ਦੇ ਗੁਰੂਘਰ ਵਿਚ ਨਿਭਾਈ ਜਾਂਦੀ ਸੀ। ਉਨ੍ਹਾਂ ਦਾ ਕਹਿਣੈ ਕਿ ਅਸੀਂ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਥੇ ਕਿਸਾਨਾਂ ਦੀ ਸੇਵਾ ਵਿਚ ਆਏ ਹਾਂ। ਇੱਥੇ ਹੋਰ ਵੀ ਜ਼ਰੂਰਤਾਂ ਤੇ ਦਿੱਕਤਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਲਈ ਡਾਕਟਰੀ ਸਹਾਇਤਾ ਲਈ ਡਾਕਟਰ, ਸਿਹਤ ਕਰਮੀਆਂ ਨੂੰ ਲਿਆਉਣ ਜਾਂ ਛੱਡਣ ਦੀ ਸੇਵਾ ਨਿਭਾਈ ਜਾਂਦੀ ਹੈ।

ਲੰਗਰ ਵਿਚ ਸਬਜ਼ੀਆਂ ਕਟਾਉਣ, ਗੈਸ ਸਿਲੰਡਰਾਂ ਦੀ ਪੂਰਤੀ, ਪਾਣੀ ਦੇ ਟੈਂਕਰ, ਪਖਾਨਿਆਂ ਦੀ ਸਫ਼ਾਈ ਤੋਂ ਲੈ ਕੇ ਪਾਣੀ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਇਨ੍ਹਾਂ ਕਿਸਾਨ ਭਰਾਵਾਂ ਵੱਲੋਂ ਨਿਭਾਈ ਜਾ ਰਹੀ ਹੈ।