ਇੰਦੌਰ, 3 ਜਨਵਰੀ : ਮਹਾਤਮਾ ਗਾਂਧੀ ਵਿਰੁਧ ਵਿਵਾਦਿਤ ਟਿਪਣੀ ਕਰਨ ਦੇ ਦੋਸ਼ ’ਚ ਗਿ੍ਰਫ਼ਤਾਰੀ ਤੋਂ ਬਾਅਦ ਜੇਲ ’ਚ ਬੰਦ ਕਾਲੀਚਰਨ ਮਹਾਰਾਜ ਦੇ ਸਮਰਥਨ ’ਚ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਪ੍ਰਦਰਸ਼ਨ ਕੀਤੇ ਜਾਣ ’ਤੇ ਇੰਦੌਰ ਪੁਲਿਸ ਨੇ ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਇਕ ਹੋਰ ਹਿੰਦੂ ਸੰਗਠਨ ਬਜਰੰਗ ਸੈਨਾ ਦੇ ਕਰੀਬ 50 ਵਰਕਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਛੋਟੀ ਗਵਾਲਟੋਲੀ ਪੁਲਿਸ ਥਾਣੇ ਦੀ ਇੰਚਾਰਜ ਸਵਿਤਾ ਚੌਧਰੀ ਨੇ ਦਸਿਆ,‘‘ਅਖਿਲ ਭਾਰਤੀ ਹਿੰਦੂ ਮਹਾਸਭਾ ਅਤੇ ਬਜਰੰਗ ਸੈਨਾ ਦੇ ਕਰੀਬ 50 ਵਰਕਰਾਂ ਨੇ ਐਤਵਾਰ ਨੂੰ ਰੀਗਲ ਚੌਰਾਹੇ ’ਤੇ ਬਿਨਾਂ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਪ੍ਰਦਰਸ਼ਨ ਅਤੇ ਨਾਰੇਬਾਜ਼ੀ ਕੀਤੀ। ਇਸ ਦੇ ਠੀਕ ਬਾਅਦ ਉਹ ਜੁਲੂਸ ਦੇ ਰੂਪ ’ਚ ਪੁਲਿਸ ਕਮਿਸ਼ਨਰ ਦਫ਼ਤਰ ’ਚ ਮੰਗ ਪੱਤਰ ਸੌਂਪਣ ਗਏ, ਜਿਸ ’ਚ ਛੱਤੀਸਗੜ੍ਹ ਪੁਲਿਸ ਵਲੋਂ ਕਾਲੀਚਰਨ ਮਹਾਰਾਜ ਦੀ ਗਿ੍ਰਫ਼ਤਾਰੀ ’ਤੇ ਵਿਰੋਧ ਪ੍ਰਗਟਾਇਆ ਗਿਆ ਸੀ।’’ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀ ਦੇ ਇਕ ਪੁਰਾਣੇ ਹੁਕਮ ਦੇ ਹਵਾਲੇ ਤੋਂ ਦਸਿਆ ਕਿ ਜਨਤਕ ਥਾਵਾਂ ’ਤੇ ਪ੍ਰਸ਼ਾਸਨ ਦੀ ਮਨਜ਼ੂਰੀ ਦੇ ਬਿਨਾਂ ਰੈਲੀ, ਜੁਲੂਸ ਅਤੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। (ਪੀਟੀਆਈ)
image