ਵਕੀਲ ਬੀਬੀਆਂ ਨੇ ਸਿਆਸੀ ਆਗੂਆਂ ਨੂੰ ਪਾਈ ਝਾੜ,'ਸਾਨੂੰ ਮੰਗਤੇ ਨਾ ਬਣਾਉ'

ਏਜੰਸੀ

ਖ਼ਬਰਾਂ, ਪੰਜਾਬ

ਵਕੀਲ ਬੀਬੀਆਂ ਨੇ ਸਿਆਸੀ ਆਗੂਆਂ ਨੂੰ ਪਾਈ ਝਾੜ,'ਸਾਨੂੰ ਮੰਗਤੇ ਨਾ ਬਣਾਉ'

image

 

ਚੰਡੀਗੜ੍ਹ, 3 ਜਨਵਰੀ (ਹਰਦੀਪ ਸਿੰਘ ਭੋਗਲ): ਕਿਸਾਨ ਅੰਦੋਲਨ ਫ਼ਤਿਹ ਕਰਨ ਮਗਰੋਂ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ | ਇਸ ਦੌਰਾਨ ਕਿਸਾਨ ਜਥੇਬੰਦੀਆਂ ਨੂੰ  ਕਈ ਧਿਰਾਂ ਦਾ ਸਮਰਥਨ ਮਿਲਿਆ ਹੈ | ਕਿਸਾਨ ਮੋਰਚੇ ਵਿਚ ਸਾਥ ਦੇਣ ਤੋਂ ਬਾਅਦ ਵਕੀਲਾਂ ਵਲੋਂ ਵੀ ਕਿਸਾਨਾਂ ਦਾ ਸਿਆਸਤ 'ਚ ਸਾਥ ਦੇਣ ਦਾ ਐਲਾਨ ਕੀਤਾ ਗਿਆ ਹੈ | ਵਕੀਲ ਬੀਬੀਆਂ ਨੇ ਸਿਆਸਤਦਾਨਾਂ ਨੂੰ  ਝਾੜ ਪਾਉਂਦਿਆਂ ਕਿਹਾ,''ਸਾਨੂੰ ਮੰਗਤੇ ਨਾ ਬਣਾਉ, ਸਾਨੂੰ ਬਾਹਰ ਜਾਣ ਲਈ ਕਰਜ਼ਾ ਨਹੀਂ ਚਾਹੀਦਾ ਸਗੋਂ ਸਾਨੂੰ ਉਚੇਰੀ ਪੜ੍ਹਾਈ ਲਈ ਕਰਜ਼ਾ ਦਿਤਾ ਜਾਵੇ |''
ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਨੌਜਵਾਨ ਕਿਸਾਨ ਆਗੂਆਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਨੇ ਬਹੁਤ ਚੰਗੇ ਤਰੀਕੇ ਨਾਲ ਅੰਦੋਲਨ ਨੂੰ  ਸੰਭਾਲਿਆ ਹੈ | ਜੇਕਰ ਇਹ ਨੌਜਵਾਨ ਪੰਜਾਬ ਦੀ ਸਿਆਸਤ ਵਿਚ ਆਉਣਗੇ ਤਾਂ ਇਸ ਨਾਲ ਪੰਜਾਬ ਬਦਲਾਅ ਵਲ ਵਧੇਗਾ | ਉਨ੍ਹਾਂ ਕਿਹਾ ਕਿ ਸਾਨੂੰ ਸਿਆਸਤ ਤੋਂ ਪਰਾਂ ਹੋ ਕੇ ਚੰਗੇ ਅਤੇ ਇਮਾਨਦਾਰ ਉਮੀਦਵਾਰ ਦਾ ਸਮਰਥਨ ਕਰਨਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰਖਦਾ ਹੋਵੇ | ਸਿਮਰਨਜੀਤ ਕੌਰ ਨੇ ਕਿਹਾ ਕਿ ਜੇਕਰ ਸਾਨੂੰ ਕਿਸਾਨ ਆਗੂਆਂ ਵਿਚੋਂ ਹੀ ਕੋਈ ਚੰਗਾ ਆਗੂ ਮਿਲਦਾ ਹੈ ਤਾਂ ਇਸ ਵਿਚ ਕੋਈ ਮਾੜੀ ਗੱਲ ਨਹੀਂ ਹੈ |
ਚੋਣਾਂ ਲੜਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਐਡਵੋਕੇਟ ਸਿਮਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਹੈ | ਇਸ ਦੌਰਾਨ ਐਡਵੋਕੇਟ ਰਮਨ ਨੇ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਭਿ੍ਸ਼ਟ ਹੋ ਚੁੱਕੀਆਂ ਹਨ ਅਤੇ ਉਹ ਨੌਜਵਾਨਾਂ ਅੱਗੇ ਆਉਣ ਦਾ ਮੌਕਾ ਨਹੀਂ ਦੇ ਰਹੀਆਂ | ਉਨ੍ਹਾਂ ਵਲੋਂ ਪ੍ਰਵਾਰਵਾਦ ਨੂੰ  ਪ੍ਰਫੁੱਲਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਦੀ ਸੋਚ ਨਵੀਂ ਹੈ ਅਤੇ ਉਨ੍ਹਾਂ ਨੂੰ  ਦੇਖ ਕੇ ਲੋਕਾਂ ਨੇ ਬਹੁਤ ਕੁੱਝ ਸਿਖਿਆ ਹੈ | ਕਿਸਾਨ ਜਥੇਬੰਦੀਆਂ ਪੰਜਾਬ ਵਿਚ ਬਦਲਾਅ ਲਿਆਉਣ ਲਈ ਸਿਆਸਤ ਵਿਚ ਉਤਰੀਆਂ ਹਨ |
ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਚੰਗੇ ਭਵਿੱਖ ਲਈ ਕਿਸਾਨਾਂ ਦਾ ਸਮਰਥਨ ਕਰ ਰਹੇ ਹਾਂ ਪਰ ਜੇਕਰ ਭਵਿੱਖ ਵਿਚ ਉਨ੍ਹਾਂ ਨੇ ਕੋਈ ਗ਼ਲਤ ਕੰਮ ਕੀਤਾ ਤਾਂ ਉਨ੍ਹਾਂ ਦਾ ਵੀ ਵਿਰੋਧ ਕੀਤਾ ਜਾਵੇਗਾ | ਪੰਜਾਬ ਲਈ ਲੜਨ ਵਾਲੇ ਦਾ ਹਰ ਤਰੀਕੇ ਨਾਲ ਸਾਥ ਦਿਤਾ ਜਾਵੇਗਾ |
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਐਡਵੋਕੇਟ ਤਾਨਿਆ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਬਦਲਾਅ ਦੀ ਲੋੜ ਹੈ | ਕਿਸਾਨ ਅੰਦੋਲਨ ਸਦਕਾ ਹੁਣ ਆਮ ਲੋਕ ਅਤੇ ਔਰਤਾਂ ਜਾਗਰੂਕ ਹੋ ਚੁੱਕੇ ਹਨ | ਕਿਸਾਨ ਅੰਦੋਲਨ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ  ਮਿਲੇ ਹਨ, ਜੇਕਰ ਕਿਸਾਨ ਸਿਆਸਤ ਵਿਚ ਆਏ ਹਨ ਤਾਂ ਸਾਨੂੰ ਉਨ੍ਹਾਂ ਨੂੰ  ਮੌਕਾ ਦੇਣਾ ਚਾਹੀਦਾ ਹੈ | ਐਡਵੋਕੇਟ ਨਵਜੋਤ ਕੌਰ ਦਾ ਕਹਿਣਾ ਹੈ ਕਿ ਲੋਕਾਂ ਦੀ ਮੰਗ ਸੀ ਕਿ ਕਿਸਾਨ ਚੋਣਾਂ ਲੜਨ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਬਦਲ ਨਹੀਂ ਸੀ | ਇਸ ਲਈ ਉਨ੍ਹਾਂ ਨੇ ਸਿਆਸਤ ਵਿਚ ਕਦਮ ਰਖਿਆ ਹੈ, ਇਸ ਲਈ ਸਾਨੂੰ ਉਨ੍ਹਾਂ ਦਾ ਸਮਰਥਨ ਕਰਨਾ ਚਾਹੀਦਾ ਹੈ |