ਹਰ ਮਹੀਨੇ 2 ਹਜ਼ਾਰ ਰੁਪਏ ਤੇ 8 ਸਿਲੰਡਰ ਮੁਫ਼ਤ ਦੇਵਾਂਗੇ

ਏਜੰਸੀ

ਖ਼ਬਰਾਂ, ਪੰਜਾਬ

ਹਰ ਮਹੀਨੇ 2 ਹਜ਼ਾਰ ਰੁਪਏ ਤੇ 8 ਸਿਲੰਡਰ ਮੁਫ਼ਤ ਦੇਵਾਂਗੇ

image


ਕਾਲਜ ਜਾਣ ਵਾਲੀਆਂ ਕੁੜੀਆਂ ਨੂੰ  ਸਕੂਟਰੀ ਦੇਣ ਦਾ ਵੀ ਕੀਤਾ ਐਲਾਨ

ਸ਼ਹਿਣਾ/ਭਦੌੜ, 3 ਜਨਵਰੀ (ਬੇਅੰਤ ਸਿੰਘ ਬਖ਼ਤਗੜ੍ਹ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਭਦੌੜ ਵਿਖੇ ਵੱਡੀ ਰੈਲੀ ਨੂੰ  ਸੰਬੋਧਨ ਕਰਦਿਆਂ ਹੋਇਆਂ ਘਰੇਲੂ ਔਰਤਾਂ ਨੂੰ  ਹਰ ਮਹੀਨੇ 2 ਹਜ਼ਾਰ ਰੁਪਏ ਤੇ ਸਾਲ ਵਿਚ 8 ਸਿਲੰਡਰ ਦੇਣ ਦਾ ਐਲਾਨ ਕੀਤਾ ਹੈ | ਸਿੱਧੂ ਨੇ ਸੂਬੇ ਦੀਆਂ ਕੁੜੀਆਂ ਲਈ ਵੱਡੇ ਐਲਾਨ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ 'ਤੇ 5ਵੀਂ ਪਾਸ ਕੁੜੀਆਂ ਨੂੰ  5 ਹਜ਼ਾਰ, 10ਵੀਂ ਪਾਸ ਨੂੰ  15 ਹਜ਼ਾਰ, ਕਾਲਜ ਜਾਣ ਵਾਲੀਆਂ ਕੁੜੀਆਂ ਨੂੰ  20 ਹਜ਼ਾਰ ਰੁਪਏ ਤੇ ਇਕ ਟੈਬਲੇਟ ਦੇਣ ਦਾ ਵਾਅਦਾ ਕੀਤਾ ਹੈ | ਨਵਜੋਤ ਸਿੱਧੂ ਨੇ ਤਾਂ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ  ਸਕੂਟਰੀ ਦੇਣ ਦਾ ਐਲਾਨ ਵੀ ਕੀਤਾ | ਇਸ ਤੋਂ ਇਲਾਵਾ ਔਰਤਾਂ ਦੇ ਨਾਂ ਹੋਣ ਵਾਲੀਆਂ ਰਜਿਸਟਰੀਆਂ ਮੁਫ਼ਤ ਕਰਨ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਇਹ ਸਹੂਲਤ ਅੱਜ ਤੋਂ ਹੀ ਲਾਗੂ ਹੋ ਜਾਵੇਗੀ |

ਨਵਜੋਤ ਸਿੱਧੂ ਨੇ ਇਹ ਵੀ ਭਰੋਸਾ ਦਿਵਾਇਆ ਕਿ ਜਿਹੜੇ ਵੀ ਐਲਾਨ ਉਹ ਸਟੇਜਾਂ ਤੋਂ ਕਰ ਰਹੇ ਹਨ, ਉਨ੍ਹਾਂ ਨੂੰ  ਚੋਣ ਮੈਨੀਫ਼ੈਸਟੋ 'ਚ ਜ਼ਰੂਰ ਸ਼ਾਮਲ ਕਰਨਗੇ | ਇਸ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸਾਰੇ 28 ਜ਼ਿਲਿ੍ਹਆਂ
ਵਿਚ ਔਰਤਾਂ ਤੇ ਧੀਆਂ ਲਈ ਹੁਨਰ ਵਿਕਾਸ ਕੇਂਦਰ ਖੋਲ੍ਹੇ ਜਾਣਗੇ | ਉਨ੍ਹਾਂ ਨੂੰ  ਕੰਮ ਸ਼ੁਰੂ ਕਰਨ ਲਈ ਪੰਜਾਬ ਸਰਕਾਰ ਵਲੋਂ 2 ਲੱਖ ਰੁਪਏ ਦਾ ਕਰਜ਼ਾ ਬਿਨਾਂ ਵਿਆਜ ਤੋਂ ਦਿਤਾ ਜਾਵੇਗਾ |
ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿਚ ਦੋ ਮਹਿਲਾ ਕਮਾਂਡੋ ਬਟਾਲੀਅਨਾਂ ਬਣਾਈਆਂ ਜਾਣਗੀਆਂ ਤਾਂ ਜੋ ਔਰਤਾਂ ਤੇ ਧੀਆਂ ਸੁਰੱਖਿਅਤ ਰਹਿ ਸਕਣ | ਹੋਰ ਵੀ ਵੱਡੇ ਐਲਾਨ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਅਪਣਾ ਮਕਾਨ ਅਪਣੀ ਧੀ, ਮਾਂ ਦੇ ਨਾਮ ਕਰਵਾਉਂਦਾ ਹੈ, ਉਹ ਮੁਫ਼ਤ ਹੋਵੇਗਾ, ਇਸ ਲਈ ਕੋਈ ਪੈਸਾ ਨਹੀਂ ਲੱਗੇਗਾ | ਪੰਜਾਬ 'ਚ ਕੁੜੀਆਂ ਅਤੇ ਔਰਤਾਂ ਦੇ ਨਾਂ 'ਤੇ ਰਜਿਸਟਰੀ ਮੁਫ਼ਤ ਹੋਇਆ ਕਰੇਗੀ | ਸਿੱਧੂ ਨੇ ਕਿਹਾ ਕਿ ਇਹ ਸਾਰਾ ਪੈਸਾ ਔਰਤਾਂ ਨੂੰ  ਮਾਫ਼ੀਆ ਖ਼ਤਮ ਕਰ ਕੇ ਦਿਤਾ ਜਾਵੇਗਾ | ਅੱਗੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜੇਕਰ ਕੁੜੀ ਨੇ ਇਥੋਂ ਪੜ੍ਹਾਈ ਖ਼ਤਮ ਕਰ ਕੇ ਬਾਹਰ ਜਾ ਕੇ ਅਪਣੀ ਵੱਡੀ ਪੜ੍ਹਾਈ ਕਰਨੀ ਹੈ, ਉਸ ਨੂੰ  ਇਕ ਕੰਪਿਊਟਰ ਦਿਤਾ ਜਾਵੇਗਾ, ਕਾਲਜ ਜਾਣ ਵਾਲੀਆਂ ਕੁੜੀਆਂ ਨੂੰ  ਦੇਵਾਂਗੇ ਇਲੈਕਟਿ੍ਕ ਸਕੂਟਰੀ ਮੁਹਈਆ ਕਰਵਾਈ ਜਾਵੇਗੀ | ਅਸੀਂ ਪੰਜਾਬ 'ਚ ਹਰ ਔਰਤ ਨੂੰ  ਆਤਮ ਨਿਰਭਰ ਬਣਾਉਣਾ ਹੈ ਉਥੇ ਹੀ ਖੇਤ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਨੂੰ  400 ਰੁਪਏ ਦਿਹਾੜੀ ਦਿਤੀ ਜਾਵੇਗੀ | ਉਥੇ ਹੀ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਹਰ ਵਾਰੀ ਪੰਜਾਬ 'ਚ ਆ ਕੇ ਕੇਜਰੀਵਾਲ ਡਰਾਮਾ ਕਰਦੇ ਹਨ | ਦਿੱਲੀ ਦੀ ਕੈਬਨਿਟ 'ਚ ਇਕ ਵੀ ਔਰਤ ਨੂੰ  ਨਹੀਂ ਰਖਿਆ ਹੈ |
ਦਸਣਯੋਗ ਹੈ ਕਿ ਕੇਜਰੀਵਾਲ ਵਲੋਂ ਪਿਛਲੇ ਦਿਨੀਂ ਔਰਤਾਂ ਲਈ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਔਰਤਾਂ ਨੂੰ  ਇਕ-ਇਕ ਹਜ਼ਾਰ ਰੁਪਏ ਦਿਤੇ ਜਾਣਗੇ ਉਥੇ ਹੀ ਹੁਣ ਨਵਜੋਤ ਸਿੱਧੂ ਨੇ ਵੱਡੇ ਐਲਾਨ ਕਰਦੇ ਹੋਏ ਔਰਤਾਂ ਨੂੰ  2 ਹਜ਼ਾਰ ਰੁਪਏ ਅਤੇ 8 ਸਿਲੰਡਰ ਦੇਣ ਦਾ ਐਲਾਨ ਕੀਤਾ ਹੈ |     
3---3ਡੀ        (ਫੋਟੋ: ਅਮਜ਼ਦ ਖ਼ਾਨ ਦੁੱਗਾਂ)