ਪਟਿਆਲਾ ਮੈਡੀਕਲ ਕਾਲਜ 'ਚ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ੇਟਿਵ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

22 ਰੈਜ਼ੀਡੈਂਟ ਡਾਕਟਰ, 15 ਪੈਰਾ ਮੈਡੀਕਲ ਸਟਾਫ਼ ਤੇ 35 ਦੇ ਕਰੀਬ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ

Patiala Medical College

 

ਪਟਿਆਲਾ : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਨਾਲ ਹੀ ਅੱਜ ਪਟਿਆਲਾ ਮੈਡੀਕਲ ਕਾਲਜ ਵਿਚ 100 ਤੋਂ ਵੱਧ ਕੋਰੋਨਾ ਕੇਸ ਦੇਖਣ ਨੂੰ ਮਿਲੇ ਹਨ। ਇੱਥੇ 22 ਰੈਜ਼ੀਡੈਂਟ ਡਾਕਟਰ, 15 ਪੈਰਾ ਮੈਡੀਕਲ ਸਟਾਫ਼ ਤੇ 35 ਦੇ ਕਰੀਬ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਬੀਤੀ ਦੇਰ ਰਾਤ ਕੋਰੋਨਾ ਕੇਸ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਸੰਦੀਪ ਹੰਸ ਵੱਲੋਂ ਮੈਡੀਕਲ ਕਾਲਜ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਇਸ ਗੱਲ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਇਹ ਕੋਰੋਨਾ ਕੇਸ ਦੇਰ ਰਾਤ ਸਾਹਮਣੇ ਆਏ ਹਨ।

ਉਨ੍ਹਾਂ ਦੱਸਿਆ ਕਿ ਕਾਲਜ ਵਿਚ ਕੁੜੀਆਂ ਅਤੇ ਮੁੰਡੇ ਦੋਵਾਂ ਦੇ ਹੋਸਟਲਾਂ ਵਿਚ ਕੇਸ ਪਾਏ ਗਏ ਹਨ। ਹੋਰ ਕੇਸਾਂ ਦੀ ਜਾਂਚ ਲਈ ਕੰਟੈਕਟ ਟ੍ਰੇਸਿੰਗ ਜਾਰੀ ਹੈ। ਇਸ ਦੌਰਾਨ ਹੀ ਖੋਜ ਤੇ ਮੈਡੀਕਲ ਸਿੱਖਿਆ ਮੰਤਰੀ ਰਾਜ ਕੁਮਾਰ ਵੇਰਕਾ ਨੇ ਦੱਸਿਆ ਹੈ ਕਿ ਕਾਲਜ ਵਿਚ 100 ਬੱਚੇ ਪਾਜ਼ੇਟਿਵ ਆਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਹਾਲਾਤ ਬਾਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਾਇਜ਼ਾ ਲਿਆ ਜਾਵੇਗਾ ਅਤੇ ਹਾਲਾਤ ਨਾਲ ਨਜਿੱਠਣ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਤੇ ਐੱਸ. ਐੱਸ. ਪੀ. ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਕਾਲਜ ਨੂੰ ਬੰਦ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।