16 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਨੇ ਤਿੰਨ ਨਸ਼ਾ ਤਸਕਰ ਕੀਤੇ ਕਾਬੂ
ਬਰਾਮਦ ਹੋਈ ਹੈਰੋਇਨ ਦਾ ਕੁੱਲ ਵਜਨ 3 ਕਿੱਲੋ 180 ਗ੍ਰਾਮ ਬਣਦਾ ਹੈ
ਲੁਧਿਆਣਾ : ਐਸ.ਟੀ.ਐਫ਼. ਪੁਲਿਸ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਾਲੀ ਟੀਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 3 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਿੰਨ ਕਿੱਲੋ 180 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ਼ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਇੱਕ ਟਾਟਾ ਸਫ਼ਾਰੀ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਡੇਢ ਕਿੱਲੋ ਹੈਰੋਇਨ ਸਣੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਫ਼ਿਰੋਜ਼ਪੁਰ ਤੋਂ ਹੈਰੋਇਨ ਲੈ ਕੇ ਲੁਧਿਆਣਾ ਸਪਲਾਈ ਦੇਣ ਆ ਰਿਹਾ ਸੀ ਅਤੇ ਦੂਜੇ ਮੁਕੱਦਮੇ ਵਿੱਚ ਲੁਧਿਆਣਾ ਦੇ ਸੁਬਾਸ਼ ਨਗਰ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਨੂੰ 660 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ।
ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਨੂੰ ਉਸ ਦੇ ਲੁਧਿਆਣਾ ਜੇਲ੍ਹ ਵਿੱਚ ਬੈਠੇ ਸਾਥੀ ਆਪਣੇ ਸਰੋਤਾਂ ਰਾਹੀਂ ਨਸ਼ਾ ਮੁਹਈਆ ਕਰਵਾਉਂਦੇ ਸਨ।ਇਸੇ ਤਰ੍ਹਾਂ ਤੀਜੇ ਮਾਮਲੇ ਵਿੱਚ ਐਸ.ਟੀ.ਐਫ਼. ਪੁਲਿਸ ਨੇ ਅਮ੍ਰਿਤਸਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਕਿੱਲੋ 20 ਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਉਹ ਬਾਰਡਰ ਏਰੀਆ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਦਾ ਸੀ। ਤਿੰਨਾਂ ਮੁਕੱਦਮਿਆਂ ਵਿੱਚ ਮੁਲਜ਼ਮਾਂ ਕੋਲੋਂ ਬਰਾਮਦ ਹੋਈ ਹੈਰੋਇਨ ਦਾ ਕੁੱਲ ਵਜਨ 3 ਕਿੱਲੋ 180 ਗ੍ਰਾਮ ਬਣਦਾ ਹੈ, ਜੋਕਿ ਐਸ.ਟੀ.ਐਫ਼ ਪੁਲਿਸ ਦੀ ਇੱਕ ਵੱਡੀ ਪ੍ਰਾਪਤੀ ਹੈ। ਇੰਨੀ ਵੱਡੀ ਮਾਤਰਾ ਵਿੱਚ ਫੜ੍ਹੀ ਗਈ ਹੈਰੋਇਨ ਦੀ ਕੀਮਤ ਦੀ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 16 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ।
ਹਰਬੰਸ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੀ ਪਹਿਚਾਣ ਅਕਾਸ਼ਦੀਪ ਰਿੱਕੀ ,ਜੁਗਰਾਜ ਸਿੰਘ ਉਰਫ਼ ਲਾਈ ਅਤੇ ਸੰਦੀਪ ਸਿੰਘ ਉਰਫ਼ ਸੋਨੂ ਬਾਬਾ ਦੇ ਰੂਪ ਵਜੋਂ ਹੋਈ ਹੈ। ਇਹ ਤਿੰਨੇ ਮੁਲਜ਼ਮ ਅਮ੍ਰਿਤਸਰ, ਲੁਧਿਆਣਾ ਅਤੇ ਮੋਗਾ ਜ਼ਿਲ੍ਹਾ ਦੇ ਰਹਿਣ ਵਾਲੇ ਹਨ। ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਉਕਤ ਖ਼ਿਲਾਫ਼ NDPS ਐਕਟ ਅਧੀਨ ਥਾਣਾ S.T.F ਮੋਹਾਲੀ ਵਿਖੇ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਨਸ਼ਾ ਤਸਕਰਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾਵੇਗੀ, ਉਮੀਦ ਹੈ ਕਿ ਹੋਰ ਵੱਡੇ ਖ਼ੁਲਾਸੇ ਹੋ ਸਕਦੇ ਹਨ।