ਪ੍ਰੋ. ਭੁੱਲਰ ਦੀ ਰਿਹਾਈ ਕਰੋ ਅਤੇ ਭਾਈ ਹਵਾਰਾ ਨੂੰ ਪੰਜਾਬ ਦੀ ਜੇਲ ਵਿਚ ਭੇਜੋ
ਪ੍ਰੋ. ਭੁੱਲਰ ਦੀ ਰਿਹਾਈ ਕਰੋ ਅਤੇ ਭਾਈ ਹਵਾਰਾ ਨੂੰ ਪੰਜਾਬ ਦੀ ਜੇਲ ਵਿਚ ਭੇਜੋ
ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਨੇ ਦਿੱਲੀ ਦੇ ਜੇਲ ਮੰਤਰੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 3 ਜਨਵਰੀ (ਅਮਨਦੀਪ ਸਿੰਘ): ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਨੁਮਾਇੰਦਿਆਂ ਨੇ ਅੱਜ ਦਿੱਲੀ ਦੇ ਜੇਲ ਮੰਤਰੀ ਸਤਿੰਦਰ ਜੈਨ ਤੇ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਭਾਜਪਾ ਦੇ ਆਗੂ ਰਮੇਸ਼ ਬਿਧੂੜੀ ਨਾਲ ਵੱਖੋ-ਵਖਰੀਆਂ ਮੁਲਾਕਾਤਾਂ ਕਰ ਕੇ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ | ਦਿੱਲੀ ਦੇ ਉਪ ਰਾਜਪਾਲ ਨੂੰ ਵੀ ਮੰਗ ਪੱਤਰ ਦਿਤਾ ਗਿਆ ਹੈ |
ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ ਵਿਚ ਤਬਦੀਲ ਕਰਨ ਲਈ ਉਨ੍ਹਾਂ ਦੇ 74 ਸਾਲਾ ਬਜ਼ੁਰਗ ਮਾਤਾ ਨਰਿੰਦਰ ਕੌਰ ਵਲੋਂ ਦਿੱਲੀ ਸਰਕਾਰ ਨੂੰ ਲਿਖੀ ਗਈ ਚਿੱਠੀ ਵੀ ਮੋਰਚੇ ਦੇ ਨੁਮਾਇੰਦਿਆਂ ਨੇ ਜੇਲ ਮੰਤਰੀ ਨੂੰ ਦਿਤੀ | ਜੇ ਸਰਕਾਰ ਨਹੀਂ ਸੁਣਦੀ ਤਾਂ ਮੋਰਚਾ ਅਦਾਲਤ ਵਿਚ ਜਾਵੇਗਾ |
ਅੱਜ ਇਥੇ ਦਿੱਲੀ ਵਿਧਾਨ ਸਭਾ ਵਿਖੇ ਮੋਰਚੇ ਦੇ ਨੁਮਾਇੰਦੇ ਜਿਨ੍ਹਾਂ ਵਿਚ 'ਆਪ' ਦੇ ਸਾਬਕਾ ਵਿਧਾਇਕ ਸ.ਅਵਤਾਰ ਸਿੰਘ ਕਾਲਕਾ, ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਮੈਂਬਰ ਸ.ਚਮਨ ਸਿੰਘ ਸ਼ਾਹਪੁਰਾ, ਡਾ.ਪਰਮਿੰਦਰਪਾਲ ਸਿੰਘ ਸਣੇ ਸ.ਦਲਜੀਤ ਸਿੰਘ, ਸ.ਸੰਗਤ ਸਿੰਘ ਅਤੇ ਸ.ਜ਼ੋਰਾਵਰ ਸਿੰਘ 'ਤੇ ਆਧਾਰਤ ਵਫ਼ਦ ਨੇ ਸਣੇ ਤੱਥਾਂ ਦੋਹਾਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦੀ ਫੌਰੀ ਮੰਗ ਕੀਤੀ | ਮੁਲਾਕਾਤ ਪਿਛੋਂ ਮੋਰਚੇ ਵਲੋਂ ਜਾਰੀ ਬਿਆਨ ਵਿਚ ਦਸਿਆ ਗਿਆ ਕਿ ਕੇਂਦਰ ਸਰਕਾਰ ਵਲੋਂ ਪ੍ਰੋ.ਭੁੱਲਰ ਨੂੰ ਰਿਹਾਅ ਕਰਨ ਬਾਰੇ 2019 ਵਿਚ ਨੋਟੀਫ਼ੀਕੇਸ਼ਨ ਜਾਰੀ ਕੀਤਾ ਗਿਆ ਸੀ, ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੋ.ਭੁੱਲਰ ਦੀ ਫ਼ਾਈਲ 'ਤੇ ਦਸਤਖ਼ਤ ਹੀ ਕਰਨੇ ਹਨ, ਜੋ ਉਹ ਨਹੀਂ ਕਰ ਰਹੇ |
ਇਸ ਬਾਰੇ ਪ੍ਰੋ.ਭੁੱਲਰ ਦੀ ਜੀਵਨ ਸਾਥਣ ਸਰਦਾਰਨੀ ਨਵਨੀਤ ਕੌਰ ਭੁੱਲਰ ਵਲੋਂ ਬੰਦੀ ਸਿੰਘ ਰਿਹਾਈ ਮੋਰਚੇ ਰਾਹੀਂ ਦਿੱਲੀ ਸਰਕਾਰ ਨੂੰ ਲਿਖੀ ਚਿੱਠੀ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੇ 74 ਸਾਲਾ ਬਜ਼ੁਰਗ ਮਾਤਾ ਨਰਿੰਦਰ ਕੌਰ ਵਲੋਂ
ਅਪਣੇ ਪੁੱਤਰ ਨੂੰ ਤਿਹਾੜ ਜੇਲ ਵਿਚੋਂ ਪੰਜਾਬ ਦੀ ਜੇਲ ਵਿਚ ਤਬਦੀਲ ਕਰਨ ਬਾਰੇ ਲਿਖੀ ਗਈ ਚਿੱਠੀ ਵੀ ਜੇਲ ਮੰਤਰੀ ਨੂੰ ਦੇ ਕੇ ਦੋਹਾਂ ਸਿਆਸੀ ਸਿੱਖ ਕੈਦੀਆਂ ਬਾਰੇ ਤੁਰਤ ਫ਼ੈਸਲਾ ਲੈਣ ਦੀ ਅਪੀਲ ਕੀਤੀ ਗਈ |
ਮੋਰਚੇ ਦੇ ਨੁਮਾਇੰਦਿਆਂ ਨੇ ਦਸਿਆ ਕਿ ਸਤਿੰਦਰ ਜੈਨ ਨੇ ਪ੍ਰੋ.ਭੁੱਲਰ ਦੀ ਰਿਹਾਈ ਬਾਰੇ ਵਿਚਾਰ ਕਰਨ ਤੇ ਵਿਰੋਧੀ ਧਿਰ ਆਗੂ ਰਾਮ ਵੀਰ ਸਿੰਘ ਬਿਧੂੜੀ ਨੇ ਵਿਧਾਨ ਸਭਾ ਵਿਚ ਇਹ ਮੁੱਦਾ ਚੁਕਣ ਦਾ ਭਰੋਸਾ ਦਿਤਾ ਹੈ |