ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ, ਪ੍ਰਤੀ ਵਿਅਕਤੀ ਇਕ ਲੱਖ
ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ, ਪ੍ਰਤੀ ਵਿਅਕਤੀ ਇਕ ਲੱਖ ਰੁਪਏ ਕਰਜ਼ੇ ਦਾ ਬੋਝ : ਰਾਘਵ ਚੱਢਾ
ਰੁਪਏ ਕਰਜ਼ੇ ਦਾ ਬੋਝ : ਰਾਘਵ ਚੱਢਾ
ਕਿਹਾ, ਪੰਜਾਬ ਦੇ ਬਜਟ ਦਾ 20 ਫ਼ੀ ਸਦ ਸਿਰਫ਼ ਕਰਜ਼ੇ ਦਾ ਵਿਆਜ ਉਤਾਰਨ 'ਚ ਹੋ ਰਿਹੈ ਖ਼ਰਚ
ਚੰਡੀਗੜ੍ਹ, 3 ਜਨਵਰੀ (ਸਸਸ): ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਸੂਬੇ ਦੀ ਪਿਛਲੀ ਅਕਾਲੀ-ਭਾਜਪਾ ਅਤੇ ਮੌਜੂਦਾ ਕਾਂਗਰਸ ਸਰਕਾਰ 'ਤੇ ਪੰਜਾਬ ਨੂੰ ਕਰਜ਼ੇ ਵਿਚ ਡੋਬਣ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਬਾਦਲ ਸਰਕਾਰਾਂ ਨੇ ਪਿਛਲੇ 50 ਸਾਲਾਂ ਵਿਚ ਪੰਜਾਬ ਨੂੰ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਨਾਲ ਡੋਬ ਦਿਤਾ ਹੈ | ਅੱਜ 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਹਰ ਵਿਅਕਤੀ ਦੇ ਸਿਰ 'ਤੇ 1 ਲੱਖ ਰੁਪਏ ਕਰਜ਼ੇ ਦਾ ਬੋਝ ਹੈ | ਅੱਜ ਪੰਜਾਬ ਵਿਚ ਜਨਮ ਲੈਂਦੇ ਹੀ ਬੱਚੇ ਸਿਰ ਇਕ ਲੱਖ ਰੁਪਏ ਦਾ ਕਰਜ਼ਾ ਚੜ੍ਹ ਜਾਂਦਾ ਹੈ |
ਰਾਘਵ ਚੱਢਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਸਾਲਾਨਾ ਬਜਟ ਦਾ 20 ਫ਼ੀ ਸਦ ਸਿਰਫ਼ ਕਰਜ਼ੇ ਦੇ ਵਿਆਜ ਉਤਾਰਨ 'ਤੇ ਹੀ ਖ਼ਰਚ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ 'ਤੇ ਇੰਨਾ ਕਰਜ਼ਾ ਨਾ ਹੁੰਦਾ ਤਾਂ ਇਹ ਪੈਸਾ ਉੱਚ ਮਿਆਰੀ ਹਸਪਤਾਲਾਂ, ਸਕੂਲ, ਸੜਕਾਂ, ਓਵਰ ਬਿ੍ਜਾਂ ਅਤੇ ਹੋਰ ਵਿਕਾਸ ਕਾਰਜਾਂ ਸਮੇਤ ਲੋਕਾਂ ਨੂੰ ਸਹੂਲਤਾਂ ਉਪਲਬਧ ਕਰਵਾਉਣ ਵਿਚ ਵਰਤਿਆ ਜਾਂਦਾ | ਪਰ ਇਥੇ ਲੋਕਾਂ ਦੇ ਟੈਕਸ ਦਾ ਪੈਸਾ ਕਰੋੜਾਂ ਰੁਪਏ ਦਾ ਕਰਜ਼ਾ ਮੋੜਨ ਵਿਚ ਖ਼ਰਚ ਕੀਤਾ ਜਾ ਰਿਹਾ ਹੈ |
ਅਕਾਲੀ ਅਤੇ ਕਾਂਗਰਸੀ ਆਗੂਆਂ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਇਕ ਪਾਸੇ ਜਿਥੇ ਪੰਜਾਬ ਦਾ ਖ਼ਜ਼ਾਨਾ ਸਾਲ ਦਰ ਸਾਲ ਖ਼ਾਲੀ ਹੋ ਰਿਹਾ ਹੈ, ਉਥੇ ਦੂਜੇ ਪਾਸੇ ਇਨ੍ਹਾਂ ਭਿ੍ਸ਼ਟ ਨੇਤਾਵਾਂ ਦੀ ਜਾਇਦਾਦ ਹਰ ਸਾਲ ਵਧਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਪਹਿਲਾਂ ਸਕੂਟਰਾਂ 'ਤੇ ਘੁੰਮਦੇ ਸਨ ਅੱਜ ਉਹ ਕਰੂਜ਼ਰ ਅਤੇ ਮਰਸੀਡੀਜ਼ ਕਾਰਾਂ ਵਿਚ ਘੁੰਮ ਰਹੇ ਹਨ | ਲੋਕਾਂ ਦੇ ਪੈਸਿਆਂ ਨਾਲ ਅਜਿਹੇ ਲੀਡਰਾਂ ਨੇ ਅਪਣੀਆਂ ਕੋਠੀਆਂ, ਜ਼ਮੀਨਾਂ ਅਤੇ ਵੱਡੇ ਵੱਡੇ ਫ਼ਾਰਮ ਹਾਊਸ ਬਣਾ ਲਏ ਹਨ | ਦੋ-ਦੋ ਕਰੋੜ ਰੁਪਏ ਦੀਆਂ ਕਾਰਾਂ ਉੱਤੇ ਚੜ੍ਹਨ ਵਾਲੇ ਇਹ ਭਿ੍ਸ਼ਟ ਆਗੂ ਅੱਜ ਕਹਿ ਰਹੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖ਼ਾਲੀ ਹੈ | ਉਨ੍ਹਾਂ ਕਿਹਾ ਕਿ ਅਸਲ ਵਿਚ ਪੰਜਾਬ ਦਾ ਖ਼ਜ਼ਾਨਾ ਇਨ੍ਹਾਂ ਨੇਤਾਵਾਂ ਦੀ ਲੁੱਟ ਅਤੇ ਭਿ੍ਸ਼ਟਾਚਾਰ ਕਾਰਨ ਹੀ ਖ਼ਾਲੀ ਹੋਇਆ ਹੈ |
ਪੰਜਾਬ ਦੇ ਸੁਨਹਿਰੀ ਇਤਿਹਾਸ ਦਾ ਜ਼ਿਕਰ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕਿਸੇ ਸਮੇਂ ਪੰਜਾਬ ਭਾਰਤ ਦੀ 'ਅੰਨ ਦੀ ਟੋਕਰੀ' ਵਾਲਾ ਸੂਬਾ ਹੁੰਦਾ ਸੀ | ਦੇਸ਼ ਦਾ ਸੱਭ ਤੋਂ ਵੱਡਾ ਖੇਡ ਉਦਯੋਗ ਪੰਜਾਬ 'ਚ ਹੁੰਦਾ ਸੀ, ਪਰ ਪਿਛਲੀ ਅਕਾਲੀ-ਭਾਜਪਾ ਸਮੇਤ ਮੌਜੂਦਾ ਕਾਂਗਰਸ ਸਰਕਾਰ ਦੀ ਲੁੱਟ ਅਤੇ ਭਿ੍ਸ਼ਟਾਚਾਰ ਨੇ ਪੰਜਾਬ ਨੂੰ ਬਰਬਾਦ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਪਾਰੀ ਅਤੇ ਕਾਰੋਬਾਰੀ
ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿਚ ਨਿਵੇਸ਼ ਕਰ ਰਹੇ ਹਨ | ਪੰਜਾਬ ਤੋਂ ਉਦਯੋਗਾਂ ਦਾ ਲਗਾਤਾਰ ਪ੍ਰਵਾਸ ਹੋ ਰਿਹਾ ਹੈ | ਰਾਘਵ ਚੱਢਾ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਲਈ ਬਦਲਾਅ ਲਿਆਉਣ ਅਤੇ ਇਕ ਸਵੱਛ ਸ਼ਾਸਨ ਅਤੇ ਦੂਰ-ਦਿ੍ਸ਼ਟੀ ਵਾਲੀ ਸਰਕਾਰ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਉ ਰਲ ਕੇ ਇਸ ਵਾਰ ਕੇਜਰੀਵਾਲ ਦੀ ਸਰਕਾਰ ਬਣਾਈਏ ਅਤੇ ਇਕ ਖ਼ੁਸ਼ਹਾਲ ਪੰਜਾਬ ਬਣਾਈਏ |