ਰੰਧਾਵਾ ਨੇ ਬਾਦਲ ਪਿਉ-ਪੁੱਤ ਨੂੰ ਮਸੰਦ ਦਸਦਿਆਂ 'ਜਥੇਦਾਰ' ਤੋਂ ਪੰਥ 'ਚੋਂ ਖ਼ਾਰਜ ਕਰਨ ਦੀ ਕੀਤੀ ਮੰਗ
ਰੰਧਾਵਾ ਨੇ ਬਾਦਲ ਪਿਉ-ਪੁੱਤ ਨੂੰ ਮਸੰਦ ਦਸਦਿਆਂ 'ਜਥੇਦਾਰ' ਤੋਂ ਪੰਥ 'ਚੋਂ ਖ਼ਾਰਜ ਕਰਨ ਦੀ ਕੀਤੀ ਮੰਗ
ਇਨ੍ਹਾਂ ਨੂੰ ਆਖੋ ਹੁਸ਼ਿਆਰਪੁਰ ਅਦਾਲਤ ਵਿਚ ਜਾ ਕੇ, ਪੰਥਕ, ਅਪੰਥਕ ਹੋਣ ਦਾ ਨਿਬੇੜਾ ਕਰਵਾਉਣ
ਚੰਡੀਗੜ੍ਹ, 3 ਜਨਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੀਤੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਵਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਬਾਦਲਾਂ ਦੀ ਅਗਵਾਈ ਹੇਠ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੌਜੂਦਗੀ ਵਿਚ ਮਨਾਏ ਗਏ ਰੋਸ ਦਿਵਸ ਨੂੰ ਲੈ ਕੇ ਇਤਰਾਜ਼ ਪ੍ਰਗਟ ਕਰਦਿਆਂ ਕਈ ਸਵਾਲ ਚੁੱਕੇ ਹਨ |
ਰੰਧਾਵਾ ਨੇ ਅੱਜ ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਮੇਰੇ ਹਿਰਦੇ ਨੂੰ ਇਸ ਨਾਲ ਵੱਡੀ ਠੇਸ ਲੱਗੀ ਹੈ | ਪਰ ਜੋ ਤੁਹਾਡੇ ਵਲੋਂ ਅਪੀਲ ਰਾਹੀਂ ਬਾਦਲ ਦਲ ਨੂੰ ਤਕੜਾ ਕਰਨ ਦੀ ਜੋ ਗੱਲ ਆਖੀ ਗਈ ਹੈ, ਉਹ ਆਮ ਸਿੱਖ ਸੰਗਤ ਦੇ ਹਿਰਦਿਆਂ ਨੂੰ ਵਲੰੂਧਰਦੀ ਹੈ | ਬਾਦਲ ਦਲ ਨੇ ਅਪਣੇ ਆਪ ਨੂੰ ਪੰਥ ਅਤੇ ਪੰਥਕ ਹੋਣ ਤੋਂ 1996 ਦੀ ਮੋਗਾ ਕਾਨਫ਼ਰੰਸ ਵੇਲੇ ਅਤੇ ਬਾਅਦ ਵਿਚ ਭਾਰਤੀ ਚੋਣ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕਰ ਕੇ ਅਪਣੇ ਆਪ ਨੂੰ ਵੱਖ ਕਰ ਲਿਆ ਸੀ | ਇਸ ਸਬੰਧੀ ਹੁਸ਼ਿਆਰਪੁਰ ਅਦਾਲਤ ਵਿਚੋਂ ਬਾਦਲਕਿਆਂ ਦੇ ਵਾਰ ਵਾਰ ਵਾਰੰਟ ਨਿਕਲੇ | ਤੁਸੀਂ ਇਨ੍ਹਾਂ ਨੂੰ ਹਦਾਇਤ ਕਰੋ ਕਿ ਉਹ ਕੋਰਟ ਵਿਚ ਜਾ ਕੇ ਅਪਣੇ ਆਪ ਨੂੰ ਪੰਥਕ ਹੋਣ ਜਾਂ ਨਾ ਹੋਣ ਦਾ ਨਿਬੇੜਾ ਕਰਨ |
ਰੰਧਾਵਾ ਨੇ 'ਜਥੇਦਾਰ' ਨੂੰ ਸੰਬੋਧਨ ਹੁੰਦਿਆਂ ਅੱਗੇ ਕਿਹਾ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਆਪ ਜੀ ਦੀ ਮੌਜੂਦਗੀ ਵਿਚ ਹੋਈਆਂ ਤਕਰੀਰਾਂ ਵਿਚ ਜਿਥੇ ਪੰਥ ਨੂੰ ਮਸੰਦਾਂ ਵਲੋਂ ਪੰਥ ਤੇ ਕਬਜ਼ੇ ਤੋਂ ਸੁਚੇਤ ਕੀਤਾ ਗਿਆ ਪਰ ਸਵਾਲ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਸ਼ੋ੍ਰਮਣੀ ਕਮੇਟੀ ਉਪਰ ਕਾਬਜ਼ ਰਹੇ ਕਿਹੜੇ ਕਿਹੜੇ ਮਸੰਦਾਂ ਨੇ ਜਾਮ-ਏ-ਇੰਸਾਂ ਵਿਚ ਸ਼ਾਮਲ ਡੇਰੇਦਾਰਾਂ ਨਾਲ ਸਾਂਝਾਂ ਪੁਗਾਈਆਂ ਅਤੇ ਉਸ ਨੂੰ ਬਠਿੰਡਾ ਕੇਸ ਵਿਚੋਂ ਖ਼ਾਰਜ ਕਰਵਾਉਣ ਲਈ ਕੰਮ ਕੀਤਾ ਅਤੇ ਹੁਕਮਨਾਮੇ ਦਾ ਉਲੰਘਣ ਕਰ ਕੇ ਉਸ ਦੀਆਂ ਵੋਟਾਂ ਲਈਆਂ | ਇਸ ਤੋਂ ਉਤਸ਼ਾਹਤ ਹੋ ਕੇ ਡੇਰੇਦਾਰਾਂ ਨੇ ਫ਼ਿਲਮਾਂ ਚਲਾਈਆਂ ਅਤੇ ਇਨ੍ਹਾਂ ਦੀ ਪੁਸ਼ਤਪਨਾਹੀ ਵਿਚ ਸਾਲ 2015 ਵਿਚ ਹਿਰਦੇਵੇਧਕ ਬਰਗਾੜੀ ਵਰਗੀਆਂ ਬੇਅਦਬੀ ਦੀਆਂ ਘਟਨਾਵਾਂ ਕਰਵਾਈਆਂ |
ਰੰਧਾਵਾ ਨੇ ਕਿਹਾ ਕਿ ਇਸ ਸਮੇਂ ਉਸ ਸਮੇਂ ਦੇ ਕਾਬਜ਼ ਜਥੇਦਾਰਾਂ ਤੇ ਸ਼ੋ੍ਰਮਣੀ ਕਮੇਟੀ ਨੂੰ ਮਜਬੂਰ ਕਰ ਕੇ ਪਹਿਲਾਂ ਸੌਦਾ ਸਾਧ ਨੂੰ ਮੁਆਫ਼ੀ ਦਵਾਈ ਅਤੇ ਇਸ ਤੋਂ ਬਾਅਦ ਇਸ ਨੂੰ ਸਹੀ ਠਹਿਰਾਉਣ ਲਈ ਗੁਰੂ ਕੀ ਗੋਲਕ ਵਿਚੋਂ ਕਰੋੜਾਂ ਰੁਪਏ ਖ਼ਰਚ ਕੇ ਇਸ਼ਤਿਹਾਰ ਦਿਤੇ | ਉਨ੍ਹਾਂ ਕਿਹਾ ਕਿ ਕੀ ਇਹ ਉਸ ਸਮੇਂ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਬਾਦਲ ਪਿਉ-ਪੱੁਤ ਨਾਲੋਂ ਕੋਈ ਵੱਡਾ ਮਸੰਦ ਹੈ? ਰੰਧਾਵਾ ਨੇ ਚਿੱਠੀ ਦੇ ਅੰਤ ਵਿਚ ਕਿਹਾ ਕਿ ਸਾਡੀ ਸਰਕਾਰ ਸਮੇਂ ਐਸ.ਆਈ.ਟੀ. ਰਾਹੀਂ ਬੇਅਦਬੀਆਂ ਦੀ ਜਾਂਚ ਜਾਰੀ ਰੱਖੀ ਗਈ ਤੇ ਸਾਲ 2018 ਵਿਚ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਿਆ ਗਿਆ | ਇਨ੍ਹਾਂ ਦੇ ਸਾਜ਼ਸ਼ ਕਰਤਾਵਾਂ ਨੂੰ ਨੱਥ ਪਾਈ | ਇਸ ਬਾਰੇ ਰਣਬੀਰ ਸਿੰਘ ਖਟੜਾ ਜੋ ਸਿੱਟ ਦੇ ਉਸ ਸਮੇਂ ਮੁਖੀ ਸਨ, ਆਪ ਜੀ ਨੂੰ ਸਿੱਖ ਸੰਗਤ ਤੇ ਵਿਦਵਾਨਾਂ ਦੇ ਇਕੱਠ ਵਿਚ ਸ਼ਾਮਲ ਹੋ ਕੇ ਦਸ ਚੁੱਕੇ ਹਨ | ਰੰਧਾਵਾ ਨੇ 'ਜਥੇਦਾਰ' ਤੋਂ ਮੰਗ ਕੀਤੀ ਕਿ ਪੰਥਕ ਰਵਾਇਤਾਂ ਮੁਤਾਬਕ ਬਾਦਲ ਪਿਉ ਪੁੱਤ ਮਸੰਦਾਂ ਨੂੰ ਤਲਬ ਕਰ ਕੇ ਸਿੱਖ ਕੌਮ ਵਿਚੋਂ ਖ਼ਾਰਜ ਕੀਤਾ ਜਾਵੇ |