ਮੋਟੇਮਾਜਰਾ ਦੀ ਢਾਬ ਵਿਚ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜ਼ਦੀਕੀ ਪਿੰਡ ਮੋਟੇਮਾਜਰਾ ਦੀ 25 ਏਕੜ ਦੇ ਕਰੀਬ ਰਕਬੇ ਵਿਚ ਫੈਲੀ ਵੱਡ-ਆਕਾਰੀ ਢਾਬ 'ਤੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧਣੀ ਆਰੰਭ ਹੋ ਗਈ ਹੈ।

Migratory birds increased in the, Motemajra Dhab

ਬਨੂੜ : ਨਜ਼ਦੀਕੀ ਪਿੰਡ ਮੋਟੇਮਾਜਰਾ ਦੀ 25 ਏਕੜ ਦੇ ਕਰੀਬ ਰਕਬੇ ਵਿਚ ਫੈਲੀ ਵੱਡ-ਆਕਾਰੀ ਢਾਬ 'ਤੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧਣੀ ਆਰੰਭ ਹੋ ਗਈ ਹੈ। ਪ੍ਰਵਾਸੀ ਪੰਛੀਆਂ ਦੇ ਬੈਠਣ ਲਈ ਦਿੱਕਤਾਂ ਬਣੀਆਂ ਹੋਈਆਂ ਸੰਘਾੜੇ ਦੀਆਂ ਵੇਲਾਂ ਦਾ ਫ਼ੂਸ ਗਲਣ ਮਗਰੋਂ ਟੋਭੇ ਦਾ ਕਾਫ਼ੀ ਹਿੱਸਾ ਸਾਫ਼ ਹੁੰਦਿਆਂ ਹੀ ਪ੍ਰਵਾਸੀ ਪੰਛੀਆਂ ਨੇ ਦਸਤਕ ਦੇ ਦਿਤੀ ਹੈ। ਢਾਬ 'ਤੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਵਧਦਿਆਂ ਹੀ ਪੰਛੀ ਪ੍ਰੇਮੀ ਵੀ ਪੰਛੀਆਂ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਪਹੁੰਚਣੇ ਆਰੰਭ ਹੋ ਗਏ ਹਨ। ਢਾਬ 'ਤੇ ਚਿੱਟਾ ਮੱਗ, ਕਾਲਾ ਮੱਗ, ਨੀਲਾ ਮੱਗ, ਲਾਲ ਮੱਗ, ਪਹਾੜੀ ਕਾਂ,

ਮੁਰਗਾਬੀਆਂ ਦੀਆਂ ਵੱਖ ਵੱਖ ਕਿਸਮਾਂ ਸਮੇਤ ਅੱਧੀ ਦਰਜਨ ਤੋਂ ਵੱਧ ਕਿਸਮਾਂ ਦੇ ਸੈਂਕੜੇ ਪ੍ਰਵਾਸੀ ਪੰਛੀ ਪੁੱਜੇ ਹੋਏ ਹਨ। ਇਹ ਪੰਛੀ ਦਿਨ ਵਿਚ ਆਲੇ ਦੁਆਲੇ ਦੇ ਕੱਲਰਾਂ ਵਾਲੇ ਖੇਤਾਂ ਵਿਚ ਰੋੜ ਚੁਗਣ ਲਈ ਵੀ ਉਡਾਰੀਆਂ ਭਰਦੇ ਹਨ। ਦੁਪਹਿਰ ਸਮੇਂ ਵੱਡੀ ਗਿਣਤੀ ਵਿਚ ਪੰਛੀ ਪਾਣੀ ਵਿਚੋਂ ਬਾਹਿਰ ਨਿਕਲ ਕੇ ਟੋਭੇ ਦੇ ਆਲੇ ਦੁਆਲੇ ਉਗੇ ਘਾਹ 'ਤੇ ਵੀ ਬੈਠ ਜਾਂਦੇ ਹਨ। ਇੱਥੇ ਪੁੱਜੇ ਦਰਸ਼ਕ ਪੰਛੀਆਂ ਦੀਆਂ ਡਾਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਕਲਿੱਪ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਨਾਲੋ ਨਾਲ ਅਪਲੋਡ ਕਰ ਰਹੇ ਹਨ। ਢਾਬ 'ਤੇ ਪੁੱਜੇ ਕਈ ਦਰਸ਼ਕਾਂ ਨੇ ਦਸਿਆ ਕਿ ਉਹ ਹਰ ਵਰ੍ਹੇ ਇੱਥੇ ਪੰਛੀ ਵੇਖਣ ਆਉਂਦੇ ਹਨ।

ਉਨ੍ਹਾਂ ਦਸਿਆ ਕਿ ਪਹਿਲਾਂ ਜਨਵਰੀ ਦਾ ਆਰੰਭ ਹੁੰਦਿਆਂ ਹੀ ਇੱਥੇ ਪੰਛੀ ਪਹੁੰਚ ਜਾਂਦੇ ਹਨ। ਇਸ ਵਾਰ ਸਮੁੱਚਾ ਟੋਭਾ ਸੰਘਾੜੇ ਦੀਆਂ ਵੇਲਾਂ ਨਾਲ ਭਰਿਆ ਹੋਣ ਕਾਰਨ ਪੰਛੀਆਂ ਦੇ ਪਾਣੀ 'ਤੇ ਬੈਠਣ ਲਈ ਥਾਂ ਹੀ ਨਹੀਂ ਸੀ ਜਿਸ ਕਾਰਨ ਪੰਛੀਆਂ ਨੂੰ ਦਿੱਕਤ ਆਈ ਤੇ ਬਹੁਤੇ ਪੰਛੀ ਜਨਵਰੀ ਦੇ ਆਖ਼ੀਰ 'ਚ ਹੀ ਇੱਥੇ ਪੁੱਜੇ। ਪੰਛੀ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਮੋਟੇਮਾਜਰਾ ਦਾ ਟੋਭਾ ਪੰਛੀਆਂ ਦੀ ਰੱਖ ਅਤੇ ਸੈਰ ਸਪਾਟੇ ਦੇ ਕੇਂਦਰ ਦੇ ਤੌਰ 'ਤੇ ਵਿਕਸਿਤ ਕਰਨਾ ਚਾਹੀਦਾ ਹੈ।