ਸਾਧਾਰਨ ਪਰਵਾਰ 'ਚ ਜਨਮੇ ਕੁਲਦੀਪ ਸਿੰਘ ਗਿੱਲ ਨੇ ਜੱਜ ਬਣ ਕੇ ਕੋਟਕਪੂਰੇ ਦਾ ਨਾਮ ਕੀਤਾ ਰੋਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਸਾਧਾਰਨ ਪਰਵਾਰ 'ਚ ਜਨਮੇ ਕੁਲਦੀਪ ਸਿੰਘ ਗਿੱਲ ਨੇ ਜੱਜ ਬਣ ਕੇ ਕੋਟਕਪੂਰੇ ਦਾ ਨਾਮ ਕੀਤਾ ਰੋਸ਼ਨ

image

ਕੋਟਕਪੂਰਾ, 3 ਫ਼ਰਵਰੀ (ਗੁਰਮੀਤ ਸਿੰਘ ਮੀਤਾ): ਸਾਧਾਰਣ ਪਰਵਾਰ ਵਿਚ ਜਨਮ ਲੈ ਕੇ ਅਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਪੀ.ਸੀ.ਐਸ. ਜੁਡੀਸੀਅਲ ਪ੍ਰੀਖਿਆ ਪਾਸ ਕਰ ਕੇ ਜੱਜ ਬਣੇ ਕੁਲਦੀਪ ਸਿੰਘ ਗਿੱਲ ਨੇ ਕੋਟਕਪੂਰੇ ਸ਼ਹਿਰ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ, ਨਾਲ ਹੀ ਮਿਸਾਲ ਪੈਦਾ ਵੀ ਕੀਤੀ ਹੈ ਕਿ ਜਦ ਨਿਸ਼ਾਨੇ ਉੱਚੇ ਰੱਖੇ ਹੋਣ ਤਦ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਸਾਡੇ ਜਜ਼ਬੇ ਅੱਗੇ ਬੌਣੀਆਂ ਬਣ ਜਾਂਦੀਆਂ ਹਨ | 
ਸਥਾਨਕ ਪੁਰਾਣਾ ਸ਼ਹਿਰ ਵਿਚ ਸਥਿਤ ਗਿੱਲ ਨਿਵਾਸ ਵਿਖੇ ਕੁਲਦੀਪ ਸਿੰਘ ਦੇ ਰੱਖੇ ਸਨਮਾਨ ਸਮਾਰੋਹ ਮੌਕੇ ਮਾ. ਸੋਹਣ ਸਿੰਘ ਗਿੱਲ, ਮਨਦੀਪ ਸਿੰਘ ਮਿੰਟੂ ਗਿੱਲ, ਮਾ. ਹਰਦੀਪ ਸਿੰਘ, ਗੁਰਿੰਦਰ ਸਿੰਘ ਮਹਿੰਦੀਰੱਤਾ, ਡਾ. ਜਸਪਾਲ ਸਿੰਘ ਵੜੈਚ ਸਮੇਤ ਹੋਰ ਬੁਲਾਰਿਆਂ ਨੇ ਦਸਿਆ ਕਿ ਇੱਥੋਂ ਦੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਹਰਨੇਕ ਸਿੰਘ ਦੇ ਘਰ ਜਨਮ ਲੈਣ ਵਾਲੇ ਕੁਲਦੀਪ ਸਿੰਘ ਗਿੱਲ ਨੇ ਅਪਣੀ ਮੁਢਲੀ ਪੜ੍ਹਾਈ ਕਿਲ੍ਹੇ ਵਾਲੇ ਸਰਕਾਰੀ ਸਕੂਲ ਕੋਟਕਪੂਰਾ 'ਚੋਂ ਹਾਸਲ ਕੀਤੀ ਪਰ ਘਰੇਲੂ ਹਾਲਾਤ ਸਾਜ਼ਗਾਰ ਨਾ ਹੋਣ ਕਰ ਕੇ ਨੌਵੀਂ ਤੋਂ ਬਾਰ੍ਹਵੀਂ ਕਲਾਸ ਤਕ ਦੀ ਪੜ੍ਹਾਈ ਘਰ ਰਹਿ ਕੇ ਹੀ ਹਾਸਲ ਕੀਤੀ |
 ਇਸ ਸਮੇਂ ਦੌਰਾਨ ਅਪਣੀ ਪੜਾਈ ਜਾਰੀ ਰੱਖਣ ਲਈ ਕੁਲਦੀਪ ਨੂੰ ਦੁਕਾਨ 'ਤੇ ਨੌਕਰੀ ਵੀ ਕਰਨੀ ਪਈ ਅਤੇ ਕਈ ਵਾਰ ਅਪਣੇ ਪਿਤਾ ਨਾਲ ਮਜ਼ਦੂਰੀ ਵੀ ਕਰਨ ਲਈ ਮਜਬੂਰ ਹੋਣਾ ਪਿਆ ਪਰ ਕੁਲਦੀਪ ਸਿੰਘ ਨੇ ਸੰਘਰਸ਼ ਜਾਰੀ ਰਖਦਿਆਂ ਅਗਲੀ ਪੜ੍ਹਾਈ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਅਤੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਲਗਭਗ ਢਾਈ ਸਾਲ ਪ੍ਰੈਕਟਿਸ ਕੀਤੀ ਅਤੇ ਪੀ.ਸੀ.ਐਸ. (ਜ) ਦੇ 2019-20 ਸੈਸ਼ਨ ਦੌਰਾਨ ਦਿਤੀ ਪ੍ਰੀਖਿਆ ਪਾਸ ਕਰਨ ਉਪਰੰਤ ਇਸ ਸਨਮਾਨਯੋਗ ਪਦਵੀ ਲਈ ਚੁਣੇ ਗਏ | 
ਉਨ੍ਹਾਂ ਕੁਲਦੀਪ ਸਿੰਘ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਦੀ ਪ੍ਰੇਰਨਾ ਵੀ ਦਿਤੀ | ਅਪਣੇ ਸੰਬੋਧਨ ਦੌਰਾਨ ਕੁਲਦੀਪ ਸਿੰਘ ਗਿੱਲ ਤੇ ਉਸ ਦੇ ਮਾਤਾ-ਪਿਤਾ ਨੇ ਆਖਿਆ ਕਿ ਉਹ ਸਮੇਂ ਸਮੇਂ ਸਹਿਯੋਗ ਦੇਣ ਵਾਲੇ ਪਰਵਾਰਾਂ ਦੇ ਸਦਾ ਰਿਣੀ ਰਹਿਣਗੇ ਪਰ ਅਪਣਾ ਟੀਚਾ ਸਾਹਮਣੇ ਰੱਖ ਕੇ ਮਿਹਨਤ ਕਰਨ ਤੋਂ ਕੋਈ ਵੀ ਨੌਜਵਾਨ ਜਾਂ ਬੱਚਾ ਕੁਤਾਹੀ ਨਾ ਕਰੇ ਕਿਉਾਕਿ ਮਿਹਨਤ, ਲਗਨ ਅਤੇ ਇਮਾਨਦਾਰੀ ਹੀ ਸਾਨੂੰ ਮਿੱਥੇ ਟੀਚੇ 'ਤੇ ਪਹੁੰਚਾਉਣ ਵਿਚ ਸਹਾਈ ਹੁੰਦੀਆਂ ਹਨ |
ਫੋਟੋ :- ਕੇ.ਕੇ.ਪੀ.-ਗੁਰਿੰਦਰ-3-3ਸੀ
ਕੈਪਸ਼ਨ : ਮਾ. ਸੋਹਣ ਸਿੰਘ ਗਿੱਲ ਦੇ ਪਰਿਵਾਰ ਵਲੋਂ ਨਵੇਂ ਬਣੇ ਜੱਜ ਕੁਲਦੀਪ ਸਿੰਘ ਨੂੰ ਸਨਮਾਨਿਤ ਕਰਨ ਦੀ ਤਸਵੀਰ | (ਗੋਲਡਨ)