ਪਿੰਡ ਮਹੇਸ਼ਰੀ ਦੀ ਬੀਬੀ ਸੁਖਦੇਵ ਕੌਰ ਦੀ ਕਿਸਾਨ ਧਰਨੇ ਦੌਰਾਨ ਹੋਈ ਸ਼ਹਾਦਤ 

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਮਹੇਸ਼ਰੀ ਦੀ ਬੀਬੀ ਸੁਖਦੇਵ ਕੌਰ ਦੀ ਕਿਸਾਨ ਧਰਨੇ ਦੌਰਾਨ ਹੋਈ ਸ਼ਹਾਦਤ 

image


ਮੋਗਾ, 3 ਫ਼ਰਵਰੀ (ਪ੍ਰੇਮ ਹੈਪੀ):  ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਮੋਗਾ ਜ਼ਿਲ੍ਹੇ ਦੀ ਇਕ ਹੋਰ ਸ਼ਹਾਦਤ ਪਿੰਡ ਮਹੇਸਰੀ ਤੋਂ 70 ਸਾਲਾ ਬੀਬੀ ਸੁਖਦੇਵ ਕੌਰ ਮਹੇਸਰੀ ਦੀ ਹੋ ਗਈ | ਲਗਭਗ ਗਿਆਰਾਂ ਦਿਨਾਂ ਤੋਂ ਸਿੰਘੂ ਬਾਡਰ ਉੱਤੇ ਲੱਗੇ ਕਿਸਾਨ ਮੋਰਚੇ ਵਿਚ ਦਿਨ ਰਾਤ ਸ਼ਾਮਲ ਹੋਣ ਵਾਲੀ ਬੀਬੀ ਸੁਖਦੇਵ ਕੌਰ ਮਹੇਸਰੀ ਉਥੇ ਬਿਮਾਰ ਹੋ ਗਏ ਸਨ | ਉਨ੍ਹਾਂ ਨੂੰ ਬਿਮਾਰੀ ਦੀ ਹਾਲਤ ਵਿਚ ਹੀ ਪੰਜਾਬ ਲਿਆ ਕੇ ਪਹਿਲਾਂ ਤਲਵੰਡੀ ਭਾਈ, ਫਿਰ ਮੋਗੇ ਅਤੇ ਬਾਅਦ ਵਿਚ ਫ਼ਰੀਦਕੋਟ ਦਾਖ਼ਲ ਕਰਵਾਇਆ ਗਿਆ | ਉਸ ਦੇ ਨਾਲ ਗਈ ਸੁਖਜੀਤ ਕੌਰ ਨੇ ਦਸਿਆ ਕਿ ਉਥੇ ਠੰਢ ਅਤੇ ਮੀਂਹ ਦੇ ਮੌਸਮ ਵਿਚ ਵੀ ਸੁਖਦੇਵ ਕੌਰ ਪੰਡਾਲ ਵਿਚ ਹਾਜ਼ਰੀ ਭਰਦੀ ਰਹੀ ਅਤੇ ਰੋਜ਼ਾਨਾ ਲੰਗਰਾਂ ਵਿਚ ਸੇਵਾ ਕਰਦੀ ਰਹੀ | ਇਸ ਮੌਕੇ ਮਾਤਾ ਦੀ ਮਿ੍ਤਕ ਦੇਹ ਉਪਰ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਵਲੋਂ ਖੇਤੀ ਅੰਦੋਲਨ ਦਾ ਝੰਡਾ ਪਾ ਕੇ ਸ਼ਰਧਾਂਜਲੀ ਦਿਤੀ ਗਈ | ਜ਼ਿਕਰਯੋਗ ਹੈ ਕਿ ਮਾਤਾ ਸੁਖਦੇਵ ਕੌਰ ਛੋਟੀ ਕਿਸਾਨੀ ਨਾਲ ਸਬੰਧਿਤ ਪਰਵਾਰ ਵਿਚੋਂ ਸਨ ਅਤੇ ਉਨ੍ਹਾਂ ਦੇ ਚਾਰ ਪੁੱਤਰਾਂ ਵਿਚੋਂ ਇਕ ਦੀ ਮੌਤ ਹੋ ਚੁੱਕੀ ਹੈ | ਪਤੀ ਦਲੀਪ ਸਿੰਘ ਵੀ ਕਈ ਸਾਲ ਪਹਿਲਾਂ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ | ਮੌਜੂਦਾ ਕਿਸਾਨ ਅੰਦੋਲਨ ਵਿਚ ਜਿੱਥੇ ਮਾਤਾ ਸੁਖਦੇਵ ਕੌਰ ਨੇ ਖ਼ੁਦ ਹਾਜ਼ਰੀ ਲਗਵਾਈ, ਉਥੇ ਉਸ ਦੇ ਪੁੱਤਰ, ਪੋਤਰੇ ਅਤੇ ਰਿਸ਼ਤੇਦਾਰ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ | ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਬੀਬੀ ਦੇ ਪਰਵਾਰ ਨੂੰ ਸਹਾਇਤਾ ਰਾਸ਼ੀ ਦਿਤੀ ਜਾਵੇ | ਸਸਕਾਰ ਮੌਕੇ ਮਾਤਾ ਦੇ ਸਪੁੱਤਰ ਸਰੂਪ ਸਿੰਘ, ਸੁਖਪਾਲ ਸਿੰਘ, ਰਮਨਜੀਤ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ | ਇਸ ਮੌਕੇ ਜਗਰਾਜ ਸਿੰਘ ਸਰਪੰਚ, ਨੌਜਵਾਨ ਆਗੂ ਸੁਖਜਿੰਦਰ ਮਹੇਸਰੀ, ਆਤਮਾ ਸਿੰਘ, ਜਸਵੀਰ ਸਿੰਘ ਸੀਰਾ ਸਾਬਕਾ ਮੈਂਬਰ, ਸਤਨਾਮ ਸਿੰਘ ਸਾਬਕਾ ਮੈਂਬਰ, ਕੌਰਾ ਮੈਂਬਰ, ਲਖਵੀਰ ਸਿੰਘ ਰਾਜੂ, ਤਰਲੋਚਨ ਸਿੰਘ ਆਦਿ ਹਾਜ਼ਰ ਸਨ |