Punjab News: ਪਟਿਆਲਾ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ, ਸਮੀਰ ਕਤਲ ਕਾਂਡ ਦਾ ਪੰਜਵਾਂ ਮੁਲਜ਼ਮ ਕਾਬੂ
ਲੱਤ 'ਚ ਗੋਲੀ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ
ਪਟਿਆਲਾ - ਪੰਜਾਬ ਦੇ ਪਟਿਆਲਾ 'ਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਹੈ। ਗੋਲੀਬਾਰੀ ਤੋਂ ਬਾਅਦ ਪੁਲਿਸ ਨੇ 25 ਸਾਲਾ ਗੈਂਗਸਟਰ ਸੁਖਦੀਪ ਸਿੰਘ ਉਰਫ਼ ਉਗਾ ਵਾਸੀ ਪਿੰਡ ਬੰਗਾਂਵਾਲੀ, ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਲੱਤ 'ਤੇ ਗੋਲੀ ਲੱਗਣ ਕਾਰਨ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸੁਖਦੀਪ ਸ਼ਹਿਰ ਦੇ ਮਸ਼ਹੂਰ ਸਮੀਰ ਕਟਾਰੀਆ ਕਤਲ ਕੇਸ ਦਾ ਪੰਜਵਾਂ ਮੁੱਖ ਮੁਲਜ਼ਮ ਹੈ।
ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਮੁਲਜ਼ਮ ਸੁਖਦੀਪ ਬਾਰੇ ਸੂਚਨਾ ਮਿਲੀ ਸੀ। ਪੁਲਿਸ ਟੀਮ ਸਨੌਰ ਦੀ ਜੌੜੀ ਸੜਕ ’ਤੇ ਪੁੱਜੀ। ਜਿਵੇਂ ਹੀ ਦੋਸ਼ੀ ਨੇ ਪੁਲਿਸ ਨੂੰ ਦੇਖਿਆ ਤਾਂ ਉਸ ਨੇ ਆਪਣੇ ਪਿਸਤੌਲ ਤੋਂ ਫਾਇਰ ਕਰ ਦਿੱਤਾ। ਪੁਲਿਸ 'ਤੇ ਤਿੰਨ ਰਾਉਂਡ ਫਾਇਰ ਕੀਤੇ ਗਏ। ਬਚਾਅ 'ਚ ਪੁਲਿਸ ਨੇ ਦੋਸ਼ੀਆਂ 'ਤੇ ਗੋਲੀਬਾਰੀ ਕੀਤੀ।
ਜਵਾਬੀ ਹਮਲੇ ਵਿਚ ਗੋਲੀ ਸੁਖਦੀਪ ਦੀ ਲੱਤ ਵਿਚ ਲੱਗੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਮੁਲਜ਼ਮਾਂ ਕੋਲੋਂ ਲੁਧਿਆਣਾ ਵਿਚ ਚੋਰੀ ਕੀਤੀ ਇੱਕ ਕਾਰ, ਇੱਕ ਪਿਸਤੌਲ, ਚਾਰ ਕਾਰਤੂਸ ਅਤੇ ਤਿੰਨ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਐਸਐਸਪੀ ਵਰੁਣ ਨੇ ਦੱਸਿਆ ਕਿ ਇਹ ਸੁਖਦੀਪ ਸਿੰਘ ਹੀ ਸੀ ਜਿਸ ਨੇ ਕਾਰ ਲੁੱਟਣ ਦੀ ਨੀਅਤ ਨਾਲ ਸਮੀਰ ਕਟਾਰੀਆ ’ਤੇ ਹਮਲਾ ਕਰ ਕੇ ਉਸ ਦਾ ਕਤਲ ਕੀਤਾ ਸੀ। ਇਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਪੰਜ ਐਫਆਈਆਰ ਦਰਜ ਹਨ। ਉਸ ਨੂੰ ਨਾਭਾ ਅਦਾਲਤ ਵੱਲੋਂ ਇੱਕ ਕੇਸ ਵਿਚ ਭਗੌੜਾ ਕਰਾਰ ਦਿੱਤਾ ਗਿਆ ਹੈ।
ਪੁਲਿਸ ਰਿਕਾਰਡ ਅਨੁਸਾਰ ਦੋਸ਼ੀ ਗੈਂਗਸਟਰ ਸੁਖਦੀਪ ਨੇ ਸਾਲ 2019 'ਚ ਜੇਲ 'ਚ ਰਹਿੰਦਿਆਂ ਆਪਣਾ ਨੈੱਟਵਰਕ ਫੈਲਾਇਆ ਸੀ। 27 ਜਨਵਰੀ ਨੂੰ ਸਮੀਰ ਕਟਾਰੀਆ ਆਪਣੇ ਦੋਸਤ ਨਾਲ ਪਾਸੀ ਰੋਡ 'ਤੇ ਜਾ ਰਿਹਾ ਸੀ। ਇੱਥੇ ਸੁਖਦੀਪ ਤੇ ਉਸ ਦੇ ਸਾਥੀਆਂ ਨੇ ਮਿਲ ਕੇ ਕਾਰ ਲੁੱਟਣ ਲਈ ਉਸ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਪੁਲਸ ਟੀਮ ਨੇ ਦਿਨੇਸ਼, ਯੋਗੇਸ਼, ਸਾਹਿਲ ਨੂੰ ਗ੍ਰਿਫਤਾਰ ਕਰ ਲਿਆ। ਅਭਿਸ਼ੇਕ ਪਹਿਲਾਂ ਹੀ ਮੁਕਾਬਲੇ 'ਚ ਜ਼ਖਮੀ ਹੋਣ ਤੋਂ ਬਾਅਦ ਰਾਜਿੰਦਰਾ ਹਸਪਤਾਲ 'ਚ ਇਲਾਜ ਅਧੀਨ ਹੈ।
ਸੁਖਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਜਨਵਰੀ ਮਹੀਨੇ ਲੁਧਿਆਣਾ ਦੇ ਗਿੱਲ ਰੋਡ ਤੋਂ ਬੰਦੂਕ ਦੀ ਨੋਕ 'ਤੇ ਕਾਰ ਲੁੱਟੀ ਸੀ। ਕਾਰ 'ਚ ਇਕ ਔਰਤ ਬੈਠੀ ਸੀ ਜਦੋਂ ਕਿ ਉਸ ਦਾ ਬੇਟਾ ਦੁਕਾਨ 'ਤੇ ਗਿਆ ਹੋਇਆ ਸੀ। ਮੁਲਜ਼ਮਾਂ ਨੇ ਬੰਦੂਕ ਦੀ ਨੋਕ ’ਤੇ ਔਰਤ ਸਮੇਤ ਕਾਰ ਲੁੱਟ ਲਈ ਅਤੇ ਜਦੋਂ ਉਹ ਸੱਠ ਕਿਲੋਮੀਟਰ ਦੂਰ ਅਮਰਗੜ੍ਹ ਪੁੱਜੇ ਤਾਂ ਉਨ੍ਹਾਂ ਨੇ ਔਰਤ ਦੇ ਗਹਿਣੇ ਲੁੱਟ ਲਏ ਅਤੇ ਉਸ ਨੂੰ ਕਾਰ ’ਚੋਂ ਬਾਹਰ ਸੁੱਟ ਦਿੱਤਾ। ਹੁਣ ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਨੇ ਸੁਖਦੀਪ ਸਿੰਘ ਨੂੰ ਐਨਕਾਊਂਟਰ ਵਿਚ ਗ੍ਰਿਫ਼ਤਾਰ ਕਰਕੇ ਲੁਧਿਆਣਾ ਤੋਂ ਚੋਰੀ ਕੀਤੀ ਕਾਰ ਵੀ ਬਰਾਮਦ ਕਰ ਲਈ ਹੈ।