ਵਾਤਾਵਰਣ ਦੀ ਸੰਭਾਲ, ਲਿੰਗ ਸਮਾਨਤਾ ਸਮੇਤ ਵਿਸ਼ਿਆਂ ’ਤੇ ਪੰਜਾਬ ਦਾ ਪਹਿਲਾ ਪਤੰਗ ਉਡਾਉਣ ਦਾ ਮੁਕਾਬਲਾ

ਏਜੰਸੀ

ਖ਼ਬਰਾਂ, ਪੰਜਾਬ

ਪਤੰਗ ਉਤਸਵ ਦਾ ਵਿਸ਼ਾ ਵਾਤਾਵਰਣ ਦੀ ਸੰਭਾਲ, ਮਹਿਲਾ ਮਜ਼ਬੂਤੀਕਰਨ ਅਤੇ ਲਿੰਗ ਸਮਾਨਤਾ ਹੋਵੇਗਾ

Anmol Gagan Maan

ਫਿਰੋਜ਼ਪੁਰ: ਪੰਜਾਬ ਦੇ ਫਿਰੋਜ਼ਪੁਰ ’ਚ ਹੋਣ ਵਾਲੇ ਪਤੰਗ ਉਡਾਉਣ ਦੇ ਤਿਉਹਾਰ ਦਾ ਵਿਸ਼ਾ ਵਾਤਾਵਰਣ ਸੁਰੱਖਿਆ, ਮਹਿਲਾ ਮਜ਼ਬੂਤੀਕਰਨ ਅਤੇ ਲਿੰਗ ਸਮਾਨਤਾ ਹੈ। ਇਹ ਪਤੰਗ ਉਡਾਉਣ ਦਾ ਮੁਕਾਬਲਾ ਅਜਿਹਾ ਪਹਿਲਾ ਸੂਬਾ ਪੱਧਰੀ ਮੁਕਾਬਲਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦਸਿਆ ਕਿ 10 ਤੋਂ 11 ਫਰਵਰੀ ਤਕ ਹੋਣ ਵਾਲੇ ‘ਬਸੰਤ ਪੰਚਮੀ ਪਤੰਗ ਉਤਸਵ-2024’ ’ਚ 5 ਹਜ਼ਾਰ ਤੋਂ ਵੱਧ ਪਤੰਗ ਪ੍ਰੇਮੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਹ ਪਹਿਲੀ ਵਾਰ ਹੈ ਜਦੋਂ ਸੂਬਾ ਪੱਧਰ ’ਤੇ ਪਤੰਗ ਉਡਾਉਣ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ। 

ਪਤੰਗ ਉਤਸਵ ਦਾ ਵਿਸ਼ਾ ਵਾਤਾਵਰਣ ਦੀ ਸੰਭਾਲ, ਮਹਿਲਾ ਮਜ਼ਬੂਤੀਕਰਨ ਅਤੇ ਲਿੰਗ ਸਮਾਨਤਾ ਹੋਵੇਗਾ। ਧੀਮਾਨ ਨੇ ਦਸਿਆ ਕਿ 18 ਸਾਲ ਤੋਂ ਵੱਧ ਉਮਰ ਵਰਗ ਲਈ ਪੁਰਸ਼ਾਂ ਅਤੇ ਔਰਤਾਂ ਲਈ ਇਨਾਮੀ ਰਾਸ਼ੀ 1 ਲੱਖ ਰੁਪਏ ਹੋਵੇਗੀ। 10 ਤੋਂ 18 ਸਾਲ ਦੀ ਉਮਰ ਵਰਗ ਦੇ ਮੁੰਡੇ ਅਤੇ ਕੁੜੀਆਂ ਲਈ ਇਨਾਮੀ ਰਕਮ 25,000 ਰੁਪਏ ਹੋਵੇਗੀ।

ਉਨ੍ਹਾਂ ਦਸਿਆ ਕਿ ਪਤੰਗ ਉਡਾਉਣ ਦੇ ਮੁਕਾਬਲੇ ’ਚ ਐਨ.ਆਰ.ਆਈ.’ਜ਼ ਵੀ ਹਿੱਸਾ ਲੈ ਸਕਦੇ ਹਨ ਅਤੇ ਇਸ ਸ਼੍ਰੇਣੀ ਦੇ ਜੇਤੂ ਨੂੰ 51,000 ਰੁਪਏ ਦੀ ਇਨਾਮੀ ਰਕਮ ਦਿਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ‘ਦਿਵਿਆਂਗਜਨ’ ਭਾਗੀਦਾਰਾਂ ਲਈ ਇਕ ਸ਼੍ਰੇਣੀ ਵੀ ਹੋਵੇਗੀ। ਧੀਮਾਨ ਨੇ ਪ੍ਰਗਟਾਵਾ ਕੀਤਾ ਕਿ ‘ਸੱਭ ਤੋਂ ਵੱਡਾ ਪਤੰਗ ਉਡਾਉਣ ਵਾਲਾ’ ਮੁਕਾਬਲਾ ਪਤੰਗ ਉਡਾਉਣ ਦੀ ਚੁਨੌਤੀ ਦਾ ਮੁੱਖ ਕੇਂਦਰ ਬਣਨ ਜਾ ਰਿਹਾ ਹੈ

ਜਿਸ ’ਚ ਮੁਕਾਬਲੇ ਦੇ ਜੇਤੂ ਨੂੰ 2 ਲੱਖ ਰੁਪਏ ਦਾ ਇਨਾਮ ਦਿਤਾ ਜਾਵੇਗਾ। ਮੁਕਾਬਲੇ ’ਚ ਚੀਨੀ ਜਾਂ ਨਾਈਲੋਨ ਡੋਰ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ, ਇਸ ਲਈ ਪਤੰਗ ਪ੍ਰੇਮੀਆਂ ਨੂੰ ਸੂਤੀ ਧਾਗੇ ਦੀ ਵਰਤੋਂ ਕਰਨੀ ਹੋਵੇਗੀ ਜਿਸ ਨੂੰ ‘ਇੰਡੀਅਨ ਮਾਂਝਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ ਹੋਣ ਵਾਲੇ ਮੁਕਾਬਲੇ ’ਚ ਹਿੱਸਾ ਲੈਣ ਲਈ ਚਾਹਵਾਨ ਭਾਗੀਦਾਰਾਂ ਨੂੰ ਪਹਿਲਾਂ ਅਪਣੇ ਆਪ ਨੂੰ ਆਨਲਾਈਨ ਰਜਿਸਟਰ ਕਰਨਾ ਪਵੇਗਾ।