ਗੁਰੂ ਸਾਹਿਬ ਦੀ ਅਪਾਰ ਕਿਰਪਾ ਇਸ ਸਿੱਖ ਬੱਚੇ ’ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

7 ਸਾਲਾ ਬੱਚੇ ਨੂੰ ਕੰਠ ਹੈ ਜ਼ਫ਼ਰਨਾਮਾ ਤੇ ਸੱਤ ਬਾਣੀਆਂ ਦਾ ਪਾਠ

Guru Sahib's immense grace on this Sikh child

ਅਸੀਂ ਅਕਸਰ ਦੇਖਦੇ ਹਾਂ ਕਿ ਅੱਜਕਲ ਜ਼ਿਆਦਾ ਤਰ ਲੋਕ ਇੰਨੇ ਵਿਅਸਤ ਹੋ ਚੁੱਕੇ ਹਨ ਕਿ ਉਹ ਸਿਰਫ਼ ਮੋਬਾਈਲ ਜਾਂ ਫਿਰ ਅਪਣੇ ਕੰਮਾਂ ਕਾਰਾਂ ਵਿਚ ਰੁੱਝੇ ਰਹਿੰਦੇ ਹਨ ਤੇ ਗੁਰੂ ਘਰ ਜਾਣ ਲਈ ਵੀ ਮਸਾਂ ਹੀ ਸਮਾਂ ਕੱਢ ਪਾਉਂਦੇ ਹਨ। ਅਸੀਂ ਇਹ ਵੀ ਦੇਖਦੇ ਹਾਂ ਕਿ ਹਰ ਇਕ ਵਿਅਕਤੀ ਜਾਂ ਫਿਰ ਬੱਚੇ ’ਚ ਇਕ ਅਲੱਗ ਗੁਣ ਹੁੰਦਾ ਹੈ। ਹਰ ਇਕ ਬੱਚਾ ਬਚਪਨ ਤੋਂ ਹੀ ਕੋਈ ਖੇਡਣ ’ਚ, ਕੋਈ ਪੜ੍ਹਨ ’ਚ, ਕੋਈ ਗੁਰਬਾਣੀ ’ਚ, ਗਾਣਾ ਗਾਣੇ ’ਚ ਆਦਿ ਦਿਲਚਸਪੀ ਰੱਖਦਾ ਹੈ। ਹਰ ਇਕ ਬੱਚੇ ਵਿਚ ਇਕ ਅਲੱਗ ਗੁਣ ਹੁੰਦਾ ਹੈ।

ਰੋਜ਼ਾਨਾ ਸਪੋਕਸਮੈਨ ਦੀ ਟੀਮ ਇਕ ਬੱਚੇ ਨੂੰ ਮਿਲਣ ਪਹੁੰਚੀ ਜੋ ਕਿ ਸ੍ਰੀ ਹਰਕ੍ਰਿਸ਼ਨ ਸਕੂਲ ’ਚ ਦੂਜੀ ਕਲਾਸ ਦਾ ਵਿਦਿਆਰਥੀ ਹੈ, ਜਿਸ ਦਾ ਨਾਮ ਵਿਵੇਕ ਸਿੰਘ ਹੈ, ਜਿਸ ’ਤੇ ਗੁਰੂ ਸਾਹਿਬ ਜੀ ਦੀ ਇੰਨੀ ਕਿਰਪਾ ਹੈ ਕਿ ਇਸ ਬੱਚੇ ਨੂੰ ਜ਼ਫ਼ਰਨਾਮਾ ਤੇ ਸੱਤ ਬਾਣੀਆਂ ਮੂੰਹ ਜ਼ੁਬਾਨੀ ਯਾਦ ਹਨ। ਬੱਚੇ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਨਾਮ ਵਿਵੇਕ ਸਿੰਘ ਹੈ ਤੇ ਮੇਰੀ ਉਮਰ ਸਾਢੇ ਸੱਤ ਹੈ ਤੇ ਮੈਂ ਦੂਜੀ ਕਲਾਸ ਵਿਚ ਪੜ੍ਹਦਾ ਹਾਂ। ਵਿਵੇਕ ਸਿੰਘ ਨੇ ਮੂੰਹ ਜ਼ੁਬਾਨੀ ਜ਼ਫ਼ਰਨਾਮਾ ਵੀ ਸੁਣਾਇਆ।

ਵਿਵੇਕ ਸਿੰਘ ਨੇ ਦਸਿਆ ਕਿ ਸਾਡਾ ਸਾਰਾ ਪਰਿਵਾਰ ਗੁਰ ਸਿੱਖ ਹੈ ਤੇ ਮੇਰੇ ਪਿਤਾ ਜੀ ਡਾਕਟਰ ਨੇ ਤੇ ਮੇਰੇ ਮਾਤਾ ਜੀ ਘਰ ’ਚ ਰਹਿੰਦੇ ਹਨ। ਬੱਚੇ ਨੇ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਗੁਰਬਾਣੀ ਨਾਲ ਜੋੜਿਆ ਹੈ ਤੇ ਤਿੰਨ ਸਾਲ ਦੀ ਉਮਰ ਵਿਚ ਪਹਿਲੀ ਵਾਰ ਮੈਨੂੰ ਮੇਰੀ ਮਾਂ ਨੇ ਜਪੁਜੀ ਸਾਹਿਬ ਦਾ ਪਾਠ ਸਿਖਾਉਣਾ ਸ਼ੁਰੂ ਕਰ ਦਿਤਾ ਸੀ। ਵਿਵੇਕ ਸਿੰਘ ਨੇ ਜਪੂਜੀ ਸਾਹਿਬ ਦਾ ਪਾਠ ਵੀ ਮੂੰਹ ਜ਼ੁਬਾਨੀ ਸੁਣਾਇਆ।

ਬੱਚੇ ਨੇ ਦਸਿਆ ਕਿ ਸਵੇਰੇ 4 ਵਜੇ ਉਠ ਕੇ ਮੈਂ ਆਪਣੀ ਮਾਂ ਤੇ ਦਾਦੀ ਜੀ ਨਾਲ ਪਹਿਲਾਂ ਦਰਬਾਰ ਸਾਹਿਬ ਜਾਂਦਾ ਹਾਂ ਤੇ ਫਿਰ ਆ ਕੇ ਪਾਠ ਕਰਦਾ ਹਾਂ ਇਸ ਤੋਂ ਬਾਅਦ 6 ਵਜੇ ਸਕੂਲ ਲਈ ਤਿਆਰ ਹੋ ਜਾਂਦਾ ਹਾਂ। ਵਿਵੇਕ ਸਿੰਘ ਨੇ ਕਿਹਾ ਕਿ ਬੱਚਿਆਂ ਤੇ ਲੋਕਾਂ ਨੂੰ ਮੋਬਾਈਲ ਛੱਡ ਕੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ।
ਵਿਵੇਕ ਸਿੰਘ ਦੀ ਅਧਿਆਪਕਾ ਨੇ ਕਿਹਾ ਕਿ ਮੈਨੂੰ ਤੇ ਸ੍ਰ੍ਰੀ ਹਰਕ੍ਰਿਸ਼ਨ ਸਕੂਲ ਨੂੰ ਬਹੁਤ ਮਾਣ ਹੈ ਕਿ ਵਿਵੇਕ ਸਿੰਘ ਸਾਡੇ ਸਕੂਲ ਦਾ ਵਿਦਿਆਰਥੀ ਹੈ।

ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ਪੜ੍ਹਨ ਵਿਚ ਵੀ ਅੱਵਲ ਹੈ ਤੇ ਫ਼੍ਰੀ ਟਾਈਮ ਵਿਚ ਵੀ ਇਹ ਬੱਚਾ ਗੁਰਬਾਣੀ ਦੀਆਂ ਹੀ ਗੱਲਾਂ ਕਰਦਾ ਹੈ।  ਉਨ੍ਹਾਂ ਕਿਹਾ ਕਿ ਫ਼੍ਰੀ ਟਾਈਮ ਵਿਚ ਇਹ ਬੱਚਾ ਗੁਰੂ ਸਾਹਿਬ ਤੇ ਸਿੰਘਾਂ ਦੀਆਂ ਫ਼ੋਟੋਆਂ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ’ਤੇ ਗੁਰੂ ਜੀ ਦੀ ਬਹੁਤ ਕਿਰਪਾ ਹੈ ਤੇ ਇਹ ਬੱਚਾ ਬਹੁਤ ਤਰੱਕੀ ਕਰੇਗਾ ਤੇ ਸਾਨੂੰ ਇਸ ਬੱਚੇ ’ਤੇ ਬਹੁਤ ਮਾਣ ਹੈ।

ਉਨ੍ਹਾਂ ਕਿਹਾ ਕਿ ਅੱਜਕਲ ਦੇ ਬੱਚੇ ਮੋਬਾਈਲ ਬਹੁਤ ਚਲਾਉਂਦੇ ਹਨ ਤੇ ਉਨ੍ਹਾਂ ਨੇ ਮਾਪਿਆਂ ਨੂੰ ਬੇਨਤੀ ਕੀਤੀ ਕੇ ਉਹ ਆਪਣੇ ਬੱਚਿਆਂ ਨੂੰ ਜੇ ਮੋਬਾਈਲ ਦਿੰਦੇ ਵੀ ਹਨ ਤਾਂ ਉਸ ਵਿਚ ਗੁਰਬਾਣੀ ਹੀ ਲਗਾ ਕੇ ਦੇਣ ਤਾਂ ਜੋ ਬੱਚੇ ਗੁਰਬਾਣੀ ਨਾਲ ਜੁੜ ਸਕਣ।ਸਕੂਲ ਦੇ ਮੁੱਖ ਅਧਿਆਪਕ ਸਤਵੰਤ ਸਿੰਘ ਬੈਂਸ ਨੇ ਕਿਹਾ ਕਿ ਕੋਈ ਸਕੂਲ, ਅਧਿਆਪਕ ਜਾਂ ਫਿਰ ਮਾਂ-ਬਾਪ ਉਸ ਨੂੰ ਬਹੁਤ ਮਾਨ ਮਹਿਸੂਸ ਹੁੰਦਾ ਹੈ ਜਦੋਂ ਵਿਵੇਕ ਸਿੰਘ ਜਿਹੇ ਬੱਚੇ ਉਨ੍ਹਾਂ ਕੋਲ ਪੜ੍ਹਨ ਆਉਂਦੇ ਹਨ।

ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ਜਿਸ ਦੀ ਉਮਰ 7 ਸਾਲ ਹੈ ਤੇ ਦੂਜੀ ਕਲਾਸ ਵਿਚ ਪੜ੍ਹਦਾ ਹੈ ਤੇ ਉਸ ਨੂੰ ਗੁਰਬਾਣੀ ਮੂੰਹ ਜ਼ੁਬਾਨੀ ਯਾਦ ਹੈ ਇਹ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ਨੂੰ ਗੁਰਬਾਣੀ ਨਾਲ ਜੋੜਨ ’ਚ ਉਸ ਦੇ ਮਾਤਾ ਪਿਤਾ ਦਾ ਬਹੁਤ ਵੱਡਾ ਹੱਥ ਹੈ ਤੇ ਸਾਡੇ ਸਕੂਲ ਵਿਚ ਵੀ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ। ਉਨ੍ਹਾਂ  ਕਿਹਾ ਕਿ ਵਿਵੇਕ ਸਿੰਘ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਹੀ ਰਿਹਾ ਪਰ ਨਾਲ ਨਾਲ ਸਾਡਾ ਤੇ ਸਕੂਲ ਦਾ ਵੀ ਨਾਮ ਰੌਸ਼ਨ ਕਰ ਰਿਹਾ ਹੈ।

ਵਿਵੇਕ ਸਿੰਘ ਦੀ ਮਾਤਾ ਜੀ ਨੇ ਕਿਹਾ ਕਿ ਸਾਡੇ ਬੱਚੇ ’ਤੇ ਗੁਰੂ ਅਰਜਨ ਦੇਵ ਜੀ ਤੇ ਗੁਰੂ ਰਾਮਦਾਸ ਜੀ ਦੀ ਅਪਾਰ ਮੇਹਰ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਵੇਕ ਸਿੰਘ ਛੋਟਾ ਸੀ ਅਸੀਂ ਉਸ ਦੇ ਕੋਲ ਬੈਠ ਕੇ ਪਾਠ ਕਰਦੇ ਸਨ ਤੇ ਜਦੋਂ ਵਿਵੇਕ ਸਿੰਘ ਥੋੜਾ ਵੱਡਾ ਹੋਇਆ ਤਾਂ ਅਸੀਂ ਉਸ ਨੂੰ ਜਪੁਜੀ ਸਾਹਿਬ ਦੀ ਇਕ ਇਕ ਪੋੜੀ ਪੜ੍ਹ ਕੇ ਸੁਣਾਉਂਦੇ ਰਹੇ ਤੇ ਵਿਵੇਕ ਸਿੰਘ ਨੂੰ ਹੌਲੀ ਹੌਲੀ ਸਾਰੇ ਪਾਠ ਯਾਦ ਹੁੰਦੇ ਗਏ। ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ਨੇ ਕਈ ਕੰਠ ਮੁਕਾਬਲਿਆਂ ਵਿਚ ਭਾਗ ਲਿਆ ਤੇ ਪਹਿਲਾ ਸਥਾਨ ਹਾਸਲ ਕੀਤਾ।

ਉਨ੍ਹਾਂ ਕਿਹਾ ਕਿ ਸਾਡੇ ਬੱਚੇ ’ਤੇ ਵਾਹਿਗੁਰੂ ਜੀ ਦੀ ਬਹੁਤ ਮੇਹਰ ਹੈ ਜਿਸ ਕਰ ਕੇ ਹੀ ਸਾਡਾ ਬੱਚਾ ਗੁਰਬਾਣੀ ਨਾਲ ਜੁੜਿਆ ਹੈ। ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ਅਕਸਰ ਸਾਨੂੰ ਕਹਿੰਦਾ ਰਹਿੰਦਾ ਹੈ ਮੈਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਜਾਨਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਵਿਵੇਕ ਸਿੰਘ ਨੂੰ ਡਰਾਇੰਗ ਕਰਨ ਦਾ ਸ਼ੁਰੂ ਤੋਂ ਹੀ ਸੌਂਕ ਹੈ ਤੇ ਉਹ ਹਮੇਸ਼ਾ ਹੀ ਗੁਰੂ ਜੀ ਤੇ ਸ਼ਹੀਦ ਸਿੰੰਘਾਂ ਦੀਆਂ ਅਲੱਗ-ਅਲੱਗ ਤਸਵੀਰਾਂ ਬਣਾਉਂਦਾ ਰਹਿੰਦਾ ਹੈ।

ਉਨ੍ਹਾਂ ਕਿਹਾ ਕਿ ਜੇ ਅਸੀਂ ਸਿੱਖ ਧਰਮ ਨਾਲ ਜੁੜੇ ਹਾਂ ਤਾਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਸਿੱਖ ਧਰਮ ਨਾਲ ਜੋੜੀਏ। ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ ਆਪ ਗੁਰਬਾਣੀ ਨਾਲ ਜੁੜਨਾ ਪਵੇਗਾ ਤਾਂ ਹੀ ਅਸੀਂ ਆਪਣੇ ਬੱਚਿਆਂ ਗੁਰਬਾਣੀ ਨਾਲ ਜੋੜ ਸਕਾਂਗੇ।  ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵੀ ਅਸੀਂ ਦੇਖਦੇ ਹੀ ਹਾਂ ਕਿ ਜ਼ਿਆਦਾ ਤਰ ਬੱਚੇ ਨਸ਼ਿਆਂ ਵਿਚ ਪੈ ਜਾਂਦੇ ਹਨ ਜਾਂ ਫਿਰ ਚੋਰੀ ਡਕੈਤੀ ਆਦਿ ਗਲਤ ਕੰਮਾਂ ਵਿਚ ਫਸ ਜਾਂਦੇ ਹਨ।

ਜਿਸ ਨਾਲ ਮਾਪੇ ਬਹੁਤ ਦੁਖੀ ਹੁੰਦੇ ਹਨ, ਇਸੇ ਕਰ ਕੇ ਸਾਨੂੰ ਆਪਣੇ ਬੱਚਿਆਂ ਨੂੰ ਚੰਗੀ ਸਿਖਿਆ ਤੇ ਸਾਡੇ ਗੁਰੂਆਂ ਵਲੋਂ ਬਖ਼ਸੀ ਦਾਤ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਵੱਡੇ ਹੋ ਕੇ ਚੰਗੇ ਕੰਮ ਕਰਨ, ਗੁਰਬਾਣੀ ਨਾਲ ਜੁੜਨ ਤੇ ਸਾਡਾ ਨਾਮ ਰੌਸ਼ਨ ਕਰਨ।