ਨਸ਼ਾ ਤਸਕਰੀ ਵਿੱਚ ਲਿਪਤ ਪਾਏ ਜਾਣ ਕਾਰਨ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜਮ ਕੀਤੇ ਮੁਅੱਤਲ: ਲਾਲਜੀਤ ਸਿੰਘ ਭੁੱਲਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਸਪੈਕਟਰ ਅਤੇ ਕੰਡਕਟਰ ਨੂੰ ਨਸ਼ੇ ਦੀ ਤਸਕਰੀ ਕਰਨ ਤੇ ਪੁਲਿਸ ਵੱਲੋਂ ਕੀਤਾ ਗਿਆ ਸੀ ਗ੍ਰਿਫਤਾਰ

Two Transport Department employees suspended for being involved in drug smuggling: Laljit Singh Bhullar

ਚੰਡੀਗੜ੍ਹ: ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ਤੇ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜ਼ਮਾਂ ਨੂੰ ਨਸ਼ਾ ਤਸ਼ਕਰੀ ਵਿੱਚ ਲਿਪਤ ਪਾਏ ਜਾਣ ਕਾਰਨ ਮੁਅੱਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਲਈ ਕਾਰਵਾਈ ਆਰੰਭੀ ਜਾ ਚੁੱਕੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਤਸ਼ਕਰੀ ਵਿੱਚ ਇਕ ਇੰਸਪੈਕਟਰ ਅਤੇ ਇੱਕ ਕੰਡਕਟਰ ਲਿਪਤ ਪਾਏ ਗਏ ਹਨ। ਇਨ੍ਹਾਂ ਦੋਨਾਂ ਨੂੰ ਜਲੰਧਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਉਨ੍ਹਾਂ ਵਿਰੁੱਧ ਸਪੈਸ਼ਲ ਸੈੱਲ, ਕਮਿਸ਼ਨਰੇਟ, ਜਲੰਧਰ ਵੱਲੋਂ ਕੇਸ ਦਰਜ ਕੀਤਾ ਗਿਆ ਹੈ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਪੰਜਾਬ ਰੋਡਵੇਜ਼ ਜਲੰਧਰ-2 ਦੇ ਇੰਸਪੈਕਟਰ ਕੀਰਤ ਸਿੰਘ ਅਤੇ ਕੰਡਕਟਰ ਦੀਪਕ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਦੋਨਾਂ ਮੁਲਾਜਮਾਂ ਦੇ ਮੁਅੱਤਲੀ ਸਬੰਧੀ ਵਿਭਾਗ ਵੱਲੋਂ ਦਫ਼ਤਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹਨਾਂ ਦੋਨੋ ਮੁਲਾਜਮਾਂ ਨਾਲ ਤੀਜਾ ਵਿਅਕਤੀ ਅਜੀਤ ਸਿੰਘ ਰਾਜੂ, ਜੋ ਨਸ਼ਾ ਤਸਕਰੀ ਵਿੱਚ ਫੜਿਆ ਗਿਆ ਹੈ, ਉਸ ਦਾ ਟਰਾਸਪੋਰਟ ਵਿਭਾਗ ਨਾਲ ਕੋਈ ਸਬੰਧ ਨਹੀ ਹੈ।  ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਸੂਬੇ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀ ਇਸ ਵਚਨਬੱਧਤਾ ਤਹਿਤ ਜੇਕਰ ਵਿਭਾਗ ਦਾ ਕੋਈ ਵੀ ਮੁਲਾਜ਼ਮ ਨਸ਼ਾ ਤਸ਼ਕਰੀ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਸ ਵਿਰੁੱਧ ਸਖਤ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।