ਮੋਹਾਲੀ SSP ਦਫ਼ਤਰ ਬਾਹਰ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ 2 ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

28 ਜਨਵਰੀ ਨੂੰ ਮੋਹਾਲੀ SSP ਦਫ਼ਤਰ ਬਾਹਰ ਕੀਤਾ ਗਿਆ ਸੀ ਗੁਰਵਿੰਦਰ ਸਿੰਘ ਦਾ ਕਤਲ

2 arrested for aiding murder accused outside Mohali SSP office

ਮੋਹਾਲੀ: ਮੋਹਾਲੀ ਦੇ SSP ਦਫ਼ਤਰ ਬਾਹਰ ਸੜਕ ’ਤੇ ਗੋਲੀਆਂ ਮਾਰ ਕੇ ਗੁਰਵਿੰਦਰ ਸਿੰਘ ਦੇ ਕਤਲ ਦੇ ਮਾਮਲੇ ’ਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਸਹਾਇਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਤੇਜ ਸਿੰਘ ਉਰਫ਼ ਬੰਟੀ ਵਾਸੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਅਤੇ ਮੰਗਤ ਸਿੰਘ ਉਰਫ਼ ਮੈਕਸ ਵਾਸੀ ਜਲਾਲਾਬਾਦ ਵਜੋਂ ਹੋਈ ਹੈ। ਇਸ ਦੌਰਾਨ ਪੁਲਿਸ ਵੱਲੋਂ ਦੋ ਸ਼ੂਟਰਾਂ ਤੋਂ ਇਲਾਵਾ ਵਿਦੇਸ਼ ਬੈਠੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਵਿੱਕੀ ਸਿੰਘ ਉਰਫ ਵਿੱਕੀ ਸੱਟੇਵਾਲਾ ਅਤੇ ਰਵੀ ਕੁਮਾਰ ਉਰਫ਼ ਰਵੀ ਫਰੀਦਕੋਟੀਆ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਕਾਨੂੰਨੀ ਤੌਰ ’ਤੇ ਨਾਮਜ਼ਦ ਕੀਤੇ ਵਿਕਅਤੀਆਂ ਦੀ ਗਿਣਤੀ ਕੁੱਲ 7 ਹੋ ਗਈ ਹੈ।

ਪੁਲਿਸ ਮੁਤਾਬਕ ਗੁਰਵਿੰਦਰ ਸਿੰਘ 28 ਜਨਵਰੀ ਨੂੰ ਮੋਹਾਲੀ ਅਦਾਲਤ ਵਿਖੇ ਤਾਰੀਖ਼ ਭੁਗਤਣ ਲਈ ਆਇਆ ਸੀ। ਅਦਾਲਤੀ ਕਾਰਵਾਈ ਤੋਂ ਬਾਅਦ ਜਦੋਂ ਉਹ ਕੋਰਟ ਕੰਪਲੈਕਸ ਦੇ ਬਾਹਰ ਸੜਕ ’ਤੇ ਮੌਜੂਦ ਸੀ, ਤਾਂ ਅਣਪਛਾਤੇ ਹਮਲਾਵਰਾਂ ਵਲੋਂ ਉਸ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਮੌਕੇ ਗੁਰਵਿੰਦਰ ਸਿੰਘ ਦੀ ਪਤਨੀ ਵੀ ਨਾਲ ਸੀ, ਜੋ ਕਿ ਬਚ ਗਈ ਸੀ।