ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮੋਗਾ ਦੇ ਸਿਵਲ ਹਸਪਤਾਲ 'ਚੋਂ ਫਰਾਰ

ਏਜੰਸੀ

ਖ਼ਬਰਾਂ, ਪੰਜਾਬ

ਮੋਗਾ ਸਿਵਲ ਹਸਪਤਾਲ 'ਚ ਇਲਾਜ ਲਈ ਆਇਆ ਨੌਜਵਾਨ ਡਾਕਟਰਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

file photo

 ਪੰਜਾਬ : ਮੋਗਾ ਸਿਵਲ ਹਸਪਤਾਲ 'ਚ ਇਲਾਜ ਲਈ ਆਇਆ ਨੌਜਵਾਨ ਡਾਕਟਰਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਦਰਅਸਲ ਗੁਰਪ੍ਰੀਤ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਬੱਧਣੀ ਕਲਾਂ ਬੀਤੇ ਦਿਨੀਂ ਦੁਬਈ ਤੋਂ ਪਰਤਿਆ ਸੀ। ਜਿਸ ਨੂੰ ਨਿਮੋਨੀਆ ਹੋ ਗਿਆ ਅਤੇ ਉਹ ਇਲਾਜ ਕਰਵਾਉਣ ਲਈ ਮੋਗਾ ਦੇ ਸਿਵਲ ਹਸਪਤਾਲ ਪੁੱਜਾ। ਇਸ ਦੌਰਾਨ ਡਾਕਟਰਾਂ ਵਲੋਂ ਉਸ ਦੇ ਲੋੜੀਂਦੇ ਟੈਸਟ ਕੀਤੇ ਗਏ। 

ਟੈਸਟ ਤੋਂ ਬਾਅਦ ਡਾਕਟਰਾਂ ਵਲੋਂ ਉਸ 'ਚ ਕੋਰੋਨਾ ਵਾਇਰਸ ਹੋਣ ਦਾ ਖਦਸ਼ਾ ਪ੍ਰਗਟਾਇਆ ਅਤੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਨਿਗਰਾਨੀ ਹੇਠ ਰੱਖਣ ਦੀ ਸਲਾਹ ਦਿੱਤੀ ਪਰ ਇਸ ਤੋਂ ਪਹਿਲਾਂ ਹੀ ਉਕਤ ਨੌਜਵਾਨ ਸਾਰਿਆਂ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਿਆ। ਦੂਜੇ ਪਾਸੇ ਪੁਲਸ ਵਲੋਂ ਨੌਜਵਾਨ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 

ਗੁਰਦਾਸਪੁਰ ਤੋਂ ਵੀ ਫਰਾਰ ਹੋਇਆ ਸੀ ਸ਼ੱਕੀ ਮਰੀਜ਼
ਇਸ ਤੋਂ ਪਹਿਲਾਂ 20 ਫਰਵਰੀ ਨੂੰ ਗੁਰਦਾਸਪੁਰ ਦੇ ਹਸਪਤਾਲ 'ਚੋਂ ਵੀ ਇਕ ਸ਼ੱਕੀ ਮਰੀਜ਼ ਇਸੇ ਤਰ੍ਹਾਂ ਫਰਾਰ ਹੋ ਗਿਆ ਸੀ। ਦਰਅਸਲ ਕਲਾਨੌਰ ਨਿਵਾਸੀ ਇਕ 26 ਸਾਲਾ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਵਾਇਰਸ ਦਾ ਸ਼ੱਕੀ ਪਾਇਆ ਗਿਆ ਸੀ। ਡਾਕਟਰਾਂ ਨੇ ਤੁਰੰਤ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖ ਦਿੱਤਾ। ਇਸ ਦੌਰਾਨ ਮਰੀਜ਼ ਨੂੰ ਜਦੋਂ ਕੋਰੋਨਾ ਵਾਇਰਸ ਦੇ ਸ਼ੱਕੀ ਹੋਣ ਦਾ ਪਤਾ ਲੱਗਾ ਤਾਂ ਉਹ ਹਸਪਤਾਲ ਤੋਂ ਭਜ ਗਿਆ।

ਡਾਕਟਰਾਂ ਮੁਤਾਬਕ ਉਨ੍ਹਾਂ ਨੇ ਏਅਰਪੋਰਟ ਤੋਂ ਸੂਚੀ ਦੇ ਅਧਾਰ 'ਤੇ  ਮਰੀਜ਼ ਨੂੰ ਦਾਖ਼ਲ ਕਰਵਾਇਆ ਸੀ। ਉਸ ਦੇ ਬਲੱਡ ਸੈਂਪਲ ਜਾਂਚ ਲਈ ਭੇਜੇ ਗਏ ਹਨ ਪਰ ਇਸ ਸਮੇਂ ਦੌਰਾਨ ਉਹ ਕਿਸੇ ਨੂੰ ਦੱਸੇ ਬਿਨਾਂ ਹਸਪਤਾਲ ਤੋਂ ਭੱਜ ਗਿਆ। ਭਾਰਤ 'ਚ ਕੋਰੋਨਾ ਵਾਇਰਸ ਦੀ ਦਸਤਕ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ      

ਕੋਰੋਨਾ ਵਾਇਰਸ ਦਾ ਕਹਿਰ
ਕੋਰੋਨਾ ਵਾਇਰਸ ਜਿਸ ਨੇ ਸਾਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੈ, ਨਾਲ ਹੁਣ ਤਕ ਇਕੱਲੇ ਚੀਨ ਵਿਚ ਹੀ 2981 ਮੌਤਾਂ ਹੋ ਚੁੱਕੀਆਂ ਹਨ। ਜਦਕਿ ਇਸ ਨਾਲ ਪ੍ਰਭਾਵਤ ਮਰੀਜ਼ਾਂ ਦੀ ਗਿਣਤੀ 80, 270 ਦਾ ਅੰਕੜਾ ਪਾਰ ਕਰ ਚੁੱਕੀ ਹੈ। ਭਾਰਤ ਵਿਚ ਹੁਣ ਤਕ 28 ਕੇਸ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚ 12 ਭਾਰਤੀ ਅਤੇ 16 ਵਿਦੇਸ਼ੀ ਸ਼ਾਮਲ ਹਨ। ਜਾਣਕਾਰੀ ਮੁਤਾਬਕ 12 ਭਾਰਤੀਆਂ 'ਚੋਂ 3 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।