ਡੇਰਾਬੱਸੀ 'ਚ ਕਰੋਨਾ ਵਾਇਰਸ ਦੀ ਫੈਲੀ ਅਫ਼ਵਾਹ, ਮੈਡੀਕਲ ਦੁਕਾਨਾਂ 'ਤੇ ਲੱਗੀ ਭੀੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਮਿਸਟ ਦੀਆਂ ਦੁਕਾਨਾਂ ਤੇ ਲੱਗੀ ਮਾਸਕ ਲੈਣ ਵਾਲਿਆਂ ਦੀ ਭੀੜ...

Medical hal dera bassi

ਡੇਰਾਬੱਸੀ: ਡੇਰਾਬੱਸੀ ਸ਼ਹਿਰ ਵਿੱਚ  ਕਰੋਨਾ ਵਾਇਰਸ ਦਾ ਮਰੀਜ਼ ਆਉਣ ਨੂੰ ਲੈ ਕੇ ਉਸ ਵੇਲੇ ਅਫ਼ਵਾਹ ਫੈਲ ਗਈ ਜਦੋਂ ਇੱਕ ਵਿਦੇਸ਼ੀ ਨੂੰ ਸਿਹਤ ਵਿਭਾਗ ਦੀ ਟੀਮ ਨੇ ਜਾਂਚ ਦੇ ਲਈ ਪ੍ਰੋਟੈਕਟ ਕੀਤਾ। ਹਾਲਾਂਕਿ ਸਿੰਗਾਪੁਰ ਤੋਂ ਆਇਆ ਇਹ ਵਿਦੇਸ਼ੀ ਸਿਹਤ ਵਿਭਾਗ ਦੀ ਜਾਂਚ ਵਿੱਚ ਠੀਕ ਪਾਇਆ ਗਿਆ। ਪਰੰਤੂ ਇਸ ਸਾਰੀ ਕਾਰਵਾਈ ਨੂੰ ਲੈ ਕੇ ਸ਼ਹਿਰ ਵਿੱਚ ਕਰੋਨਾ ਵਾਇਰਸ ਦਾ ਡੇਰਾਬਸੀ ਵਿੱਚ ਮਰੀਜ਼ ਆਉਣ ਦਾ ਰੌਲਾ ਪੈ ਗਿਆ।

ਲੋਕਾਂ ਦੀ ਮੈਡੀਕਲ ਸਟੋਰਾਂ ਤੇ ਮਾਸਕ ਲੈਣ ਲਈ ਭੀੜ ਲੱਗ ਗਈ। ਮੈਡੀਕਲ ਸਟੋਰਾਂ ਤੇ ਮਾਸਕ ਦੀ ਘਾਟ ਹੋਣ ਕਾਰਨ ਉਸ ਦਾ ਰੇਟ ਵੀ ਵਧਾ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੇਰਾਬਸੀ ਸਬ ਡਿਵੀਜ਼ਨ ਹਸਪਤਾਲ ਦੀ ਐਸਐਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਸਿੰਗਾਪੁਰ ਤੋਂ ਇੱਕ ਵਿਦੇਸ਼ੀ ਇੱਥੇ ਸੱਤ ਦਿਨ ਦੇ ਟੂਰ ਤੇ ਕਿਸੇ ਫ਼ੈਕਟਰੀ ਵਿੱਚ ਮਸ਼ੀਨਾਂ ਇੰਸਟਾਲ ਕਰਨ ਦੇ ਲਈ ਆਇਆ ਹੋਇਆ ਸੀ।

ਇਸ ਦੀ ਸੂਚਨਾ ਪ੍ਰਸ਼ਾਸਨ ਵੱਲੋਂ ਹਸਪਤਾਲ ਨੂੰ ਦਿੱਤੀ ਗਈ। ਜਿਸ ਮਗਰੋਂ ਉਸ ਵਿਦੇਸ਼ੀ ਦੀ ਸਿਹਤ ਜਾਂਚ ਕਰਨ ਲਈ ਹਸਪਤਾਲ ਦੇ ਡਾਕਟਰਾਂ ਸਮੇਤ ਆਪਣਾ ਅਮਲਾ ਭੇਜਿਆ।  ਟੀਮ ਨੇ ਜਿਸ ਫੈਕਟਰੀ ਵਿੱਚ ਕੰਮ ਕਰਨ ਲਈ ਵਿਦੇਸ਼ੀ ਆਇਆ ਹੋਇਆ ਸੀ ਉਨ੍ਹਾਂ ਦੇ ਪ੍ਰਬੰਧਕਾਂ ਨਾਲ ਵੀ ਰਾਬਤਾ ਬਣਾਇਆ।

ਸਿਹਤ ਵਿਭਾਗ ਦੀ ਟੀਮ ਨੇ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਪ੍ਰੰਤੂ ਉਸ ਵਿੱਚ ਵੀ ਕੋਈ ਵੀ ਕਰੋਨਾ ਵਾਰਿਸ ਦਾ ਲੱਛਣ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਫਿਰ ਵੀ ਉਨ੍ਹਾਂ ਨੇ ਅਹਿਤਿਆਤ ਦੇ ਤੌਰ ਤੇ ਉਕਤ ਵਿਦੇਸ਼ੀ ਨੂੰ ਵਾਪਸ ਜਾਣ ਦੇ ਲਈ ਕਹਿ ਦਿੱਤਾ ਹੈ ਜੋ ਅੱਜ ਸ਼ਾਮ ਦੀ ਫਲਾਈਟ ਰਾਹੀਂ ਸਿੰਗਾਪੁਰ ਵਾਪਸ ਚਲਾ ਜਾਏਗਾ।

ਕੈਮਿਸਟ ਦੀਆਂ ਦੁਕਾਨਾਂ ਤੇ ਲੱਗੀ ਮਾਸਕ ਲੈਣ ਵਾਲਿਆਂ ਦੀ ਭੀੜ

ਡੇਰਾਬਸੀ ਸ਼ਹਿਰ ਵਿੱਚ ਜਿਸ ਤਰ੍ਹਾਂ ਹੀ ਇਹ ਅਫਵਾਹ ਫੈਲੀ ਕਿ ਵਿਦੇਸ਼ ਤੋਂ ਆਇਆ ਇੱਕ ਵਿਅਕਤੀ ਕਰੋਨਾ ਵਾਰਿਸ ਦਾ ਪੀੜਤ ਮਿਲਿਆ ਹੈ ਤਾਂ ਲੋਕੀਂ ਮੈਡੀਕਲ ਸਟੋਰਾਂ ਤੇ ਮਾਸਕ ਲੈਣ ਲਈ ਪਹੁੰਚ ਗਏ। ਉਧਰ ਮੈਡੀਕਲ ਸਟੋਰ ਵਾਲਿਆਂ ਦਾ ਕਹਿਣਾ ਹੈ ਕਿ ਮਾਸਕ ਦੀ ਸਪਲਾਈ ਪਿੱਛੇ ਤੋਂ ਆਉਣੀ ਬੰਦ ਹੋ ਗਈ ਹੈ । ਜਿਸ ਕਾਰਨ ਮੈਡੀਕਲ ਸਟੋਰ ਤੇ ਮਾਸਕਾਂ ਦੀ ਕਾਫੀ ਘਾਟ ਹੈ। ਉਧਰ ਡਾਕਟਰ ਸੰਗੀਤਾ ਜੈਨ ਦੱਸਿਆ ਕਿ ਹਸਪਤਾਲ ਵਿੱਚ ਮਾਸਕਾਂ ਦੀ ਕੋਈ ਕਮੀ ਨਹੀਂ ਹੈ ਹਸਪਤਾਲ ਵਿੱਚ ਲਗਭਗ ਡੇਢ ਹਜ਼ਾਰ ਦੇ ਕਰੀਬ ਮਾਸਕ ਉਪਲਬਧ ਹਨ।