ਅੰਬਾਨੀ ਦੇ ਘਰ ਨੇੜੇ ਵਿਸਫੋਟਕ ਮਿਲਣ ਦਾ ਮਾਮਲਾ: ਜਾਂਚ ਟੀਮ ਦੀ ਅਗਵਾਈ ਕਰੇਗਾ ਏਸੀਪੀ ਪੱਧਰ ਦਾ ਅਧਿਕਾ
ਅੰਬਾਨੀ ਦੇ ਘਰ ਨੇੜੇ ਵਿਸਫੋਟਕ ਮਿਲਣ ਦਾ ਮਾਮਲਾ: ਜਾਂਚ ਟੀਮ ਦੀ ਅਗਵਾਈ ਕਰੇਗਾ ਏਸੀਪੀ ਪੱਧਰ ਦਾ ਅਧਿਕਾਰੀ
ਛੇ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਨੂੰ ਕੋਈ ਸਫ਼ਲਤਾ ਨਹੀਂ ਮਿਲੀ
ਮੁੰਬਈ, 3 ਮਾਰਚ : ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਨੇੜੇ ਖੜੀ ਇਕ ਕਾਰ ਵਿਚ ਹੋਏ ਵਿਸਫੋਟਕਾਂ ਦੀ ਬਰਾਮਦਗੀ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੀ ਅਗਵਾਈ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਦੇ ਸਹਾਇਕ ਕਮਿਸ਼ਨਰ ਪੁਲਿਸ (ਏਸੀਪੀ) ਪੱਧਰ ਦੇ ਇਕ ਅਧਿਕਾਰੀ ਕਰਨਗੇ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਹਾਲਾਂਕਿ, ਇਸ ਕੇਸ ਨੂੰ ਛੇ ਦਿਨ ਬੀਤ ਜਾਣ ਦੇ ਬਾਵਜੂਦ ਇਸ ਕੇਸ ਵਿਚ ਕੋਈ ਸਫ਼ਲਤਾ ਨਹੀਂ ਮਿਲੀ ਹੈ।
ਉਨ੍ਹਾਂ ਕਿਹਾ ਕਿ ਸਹਾਇਕ ਪੁਲਿਸ ਕਮਿਸ਼ਨਰ (ਅਪਰਾਧ) ਨਿਤਿਨ ਅਲਕਨੂਰੇ ਜਾਂਚ ਟੀਮ ਦੀ ਅਗਵਾਈ ਕਰਨਗੇ ਜਿਸ ਵਿਚ ਹੋਰ ਇਕਾਈਆਂ ਵੀ ਮਦਦ ਕਰਨਗੀਆਂ।
ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਅੰਬਾਨੀ ਦੇ ਬਹੁ ਮੰਜ਼ਲਾ ਮਕਾਨ ’ਐਂਟੀਲੀਆ’ ਨੇੜੇ 25 ਫ਼ਰਵਰੀ ਦੀ ਸ਼ਾਮ ਨੂੰ ਇਕ ਐਸਯੂਵੀ (ਸਕਾਰਪੀਉ) ਵਿਚ 2.5 ਕਿਲੋ ਜੈਲੇਟਿਨ ਦੀਆਂ ਛੜਾਂ (ਵਿਸਫੋਟਕ ਸਮੱਗਰੀ) ਬਰਾਮਦ ਹੋਈ ਸੀ। ਐਸਯੂਵੀ ਦੇ ਅੰਦਰ ਇਕ ਚਿੱਠੀ ਵੀ ਸੀ ਜਿਸ ਵਿਚ ਕਥਿਤ ਤੌਰ ’ਤੇ ਅੰਬਾਨੀ ਅਤੇ ਉਸ ਦੇ ਪਰਵਾਰ ਨੂੰ ਧਮਕੀ ਦਿਤੀ ਗਈ ਸੀ। ਪੁਲਿਸ ਹੁਣ ਤਕ ਦੀ ਜਾਂਚ ਵਿਚ ਕਿਸੇ ਵੀ ਅਤਿਵਾਦੀ ਐਂਗਲ ਨੂੰ ਰੱਦ ਕਰ ਚੁਕੀ ਹੈ।
ਅਧਿਕਾਰੀ ਨੇ ਦਸਿਆ ਕਿ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਟੀਮਾਂ ਸਮੇਤ 10 ਟੀਮਾਂ ਦਾ ਗਠਨ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਹੁਣ ਤਕ 30 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁਕੇ ਹਨ। ਪੁਲਿਸ ਇਨੋਵਾ ਕਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਵਿਚ ਧਮਾਕਾਖੇਜ਼ ਸਮੱਗਰੀ ਨਾਲ ਖੜੀ ਐਸਯੂਵੀ ਦਾ ਡਰਾਈਵਰ ਬੈਠ ਕੇ ਫ਼ਰਾਰ ਹੋ ਗਿਆ ਸੀ। (ਪੀਟੀਆਈ)
ਅਧਿਕਾਰੀ ਨੇ ਦਸਿਆ ਕਿ ਮੁੰਬਈ, ਠਾਣੇ ਅਤੇ ਹੋਰ ਨੇੜਲੇ ਇਲਾਕਿਆਂ ਵਿਚ ਵੱਖ ਵੱਖ ਥਾਵਾਂ ‘ਤੇ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪਹਿਲਾਂ ਦਸਿਆ ਸੀ ਕਿ ਐਸਯੂਵੀ ਇਕ ਹਫ਼ਤੇ ਪਹਿਲਾਂ ਮੁਲੁੰਦ ਖੇਤਰ ਤੋਂ ਚੋਰੀ ਕੀਤੀ ਗਈ ਸੀ। (ਪੀਟੀਆਈ)