ਸੈਕਸ ਸਕੈਂਡਲ ’ਚ ਘਿਰੇ ਕਰਨਾਟਕ ਦੇ ਮੰਤਰੀ ਰਮੇਸ਼ ਜਾਰਕੀਹੋਲੀ ਨੇ ਦਿਤਾ ਅਸਤੀਫ਼ਾ
ਸੈਕਸ ਸਕੈਂਡਲ ’ਚ ਘਿਰੇ ਕਰਨਾਟਕ ਦੇ ਮੰਤਰੀ ਰਮੇਸ਼ ਜਾਰਕੀਹੋਲੀ ਨੇ ਦਿਤਾ ਅਸਤੀਫ਼ਾ
ਬੰਗਲੁਰੂ, 3 ਮਾਰਚ : ਕਰਨਾਟਕ ਦੇ ਮੰਤਰੀ ਰਮੇਸ਼ ਜਾਰਕੀਹੋਲੀ ਨੇ ਸੈਕਸ ਟੇਪ ਮਾਮਲੇ ਵਿਚ ਉਸ ਦੀ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ। ਸੀਐਮ ਬੀਐਸ ਯੇਦੀਯੁਰੱਪਾ ਨੂੰ ਲਿਖੀ ਚਿੱਠੀ ਵਿਚ ਜਾਰਕੀਹੋਲੀ ਨੇ ਲਿਖਿਆ, ‘ਮੇਰੇ ਉੱਤੇ ਲੱਗੇ ਦੋਸ਼ ਝੂਠੇ ਹਨ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ, ਮੈਂ ਨੈਤਿਕ ਆਧਾਰ ’ਤੇ ਅਸਤੀਫ਼ਾ ਦੇ ਰਿਹਾ ਹਾਂ।
ਨਿਊਜ਼ ਏਜੰਸੀ ਏ ਐਨ ਆਈ ਦੇ ਅਨੁਸਾਰ, ਸੀਐਮ ਬੀਐਸ ਯੇਦੀਯੁਰੱਪਾ ਨੇ ਰਮੇਸ਼ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਸ ਤੋਂ ਬਾਅਦ ਜ਼ਾਰਕੀਹੋਲੀ ਦਾ ਅਸਤੀਫ਼ਾ ਰਾਜਪਾਲ ਨੂੰ ਮਨਜ਼ੂਰੀ ਲਈ ਭੇਜਿਆ ਹੈ।
ਦਸਣਯੋਗ ਹੈ ਕਿ ਇਸ ਕਥਿਤ ਵੀਡੀਉ ਕਲਿੱਪ ਵਿਚ ਰਮੇਸ਼ ਕਿਸੇ ਅਣਪਛਾਤੀ ਔਰਤ ਨਾਲ ਸਬੰਧ ਬਣਾਉਂਦੇ ਦਿਖਾਈ ਦੇ ਰਿਹਾ ਹੈ। ਇਹ ਕਲਿੱਪ ਕੰਨੜ ਨਿਊਜ਼ ਚੈਨਲਾਂ ਵਿਚ ਪ੍ਰਸਾਰਿਤ ਕੀਤੀ ਗਈ।
ਸਮਾਜ ਸੇਵੀ ਦਿਨੇਸ਼ ਕੱਲਾਹੱਲੀ ਨੇ ਮੰਗਲਵਾਰ ਨੂੰ ਰਮੇਸ਼ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਨੌਕਰੀ ਦੀ ਮੰਗ ਕਰ ਰਹੀ ਇਕ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਅਤੇ ਉਸ ਦੇ ਪਰਵਾਰ ਨੂੰ ਧਮਕੀ ਦਿਤੀ ਕਿ ਜੇ ਉਹ ਇਸ ਬਾਰੇ ਕੱੁਝ ਵੀ ਦੱਸਦੀ ਹੈ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਜਾਰਕੀਹੋਲੀ ਨੇ ਮੰਗਲਵਾਰ ਰਾਤ ਨੂੰ ਦੋਸ਼ਾਂ ’ਤੇ ਪ੍ਰਤੀਕਰਮ ਦਿੰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਉਹ ਸਦਮੇ ਵਿਚ ਹਨ ਅਤੇ ਵੀਡੀਉ 100 ਪ੍ਰਤੀਸ਼ਤ ਜਾਅਲੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। (ਏਜੰਸੀ)