ਸਾਡੇ ਸਿਆਸਤਦਾਨਾਂ ਦੀ ਨਾਕਾਮੀ ਕਾਰਨ ਹੀ ਪੰਜਾਬ ਦੇ ਬੱਚੇ ਯੂਕਰੇਨ ਪੜ੍ਹਨ ਲਈ ਹੋਏ ਮਜਬੂਰ : ਡਾ. ਧਰਮਵੀਰ ਗਾਂਧੀ

ਏਜੰਸੀ

ਖ਼ਬਰਾਂ, ਪੰਜਾਬ

ਸਾਡੇ ਸਿਆਸਤਦਾਨਾਂ ਦੀ ਨਾਕਾਮੀ ਕਾਰਨ ਹੀ ਪੰਜਾਬ ਦੇ ਬੱਚੇ ਯੂਕਰੇਨ ਪੜ੍ਹਨ ਲਈ ਹੋਏ ਮਜਬੂਰ : ਡਾ. ਧਰਮਵੀਰ ਗਾਂਧੀ

image

ਇਕ-ਇਕ ਕਰੋੜ ਦੇ ਕੇ ਇਥੇ ਪੜ੍ਹਨਾ ਨਹੀਂ ਆਮ ਬੱਚੇ ਦੇ ਵੱਸ ਦੀ ਗੱਲ


ਚੰਡੀਗੜ੍ਹ, 3 ਮਾਰਚ (ਗੁਰਉਪਦੇਸ਼ ਭੁੱਲਰ) : ਅੱਜ ਪੰਜਾਬ ਦਾ ਹਰੇਕ ਆਗੂ ਯੂਕਰੇਨ 'ਚ ਫਸੇ ਪੰਜਾਬ ਦੇ ਮੈਡੀਕਲ ਦੀ ਸਿਖਿਆ ਲੈਣ ਗਏ ਯੁੱਧ 'ਚ ਫਸੇ ਵਿਦਿਆਰਥੀਆਂ ਲਈ ਹਮਦਰਦੀ ਪ੍ਰਗਟ ਕਰਦੇ ਹੋਏ ਬਿਆਨ ਦਾਗ਼ ਰਹੇ ਹਨ ਪਰ ਪੰਜਾਬ ਦੇ ਸਿਆਸਤਦਾਨਾਂ ਨੇ ਚਾਰ ਸਾਲ ਪਹਿਲਾਂ ਸੂਬੇ ਅੰਦਰ ਐਮ.ਬੀ.ਬੀ.ਐਸ. ਦੀਆਂ ਸੀਟਾਂ ਦਾ 50 ਫ਼ੀ ਸਦੀ ਸਰਕਾਰੀ ਕੋਟਾ ਨਿਜੀ ਮੈਡੀਕਲ ਕਾਲਜਾਂ ਹਵਾਲੇ ਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਬੱਚੇ ਯੂਕਰੇਨ 'ਚ ਜਾ ਕੇ ਮੈਡੀਕਲ ਦੀ ਪੜ੍ਹਾਈ ਲਈ ਧੱਕੇ ਖਾਣ ਲਈ ਮਜ਼ਬੂਰ ਨਾ ਹੁੰਦੇ | ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪ੍ਰਗਟ ਕੀਤੇ ਹਨ |
  ਉਨ੍ਹਾਂ ਅੱਜ ਟਵੀਟ ਕਰ ਕੇ ਇਹ ਵਿਚਾਰ ਪ੍ਰਗਟ ਕਰਦਿਆਂ 2018 'ਚ ਉਨ੍ਹਾਂ ਵਲੋਂ ਪੰਜਾਬ ਸਰਕਾਰ ਦਾ 50 ਫ਼ੀ ਸਦੀ ਕੋਟਾ ਨਿਜੀ ਕਾਲਜਾਂ ਹਵਾਲੇ ਕਰਨ ਦੇ ਕੀਤੇ ਵਿਰੋਧ ਲਈ ਉਸ ਸਮੇਂ ਸਰਕਾਰ ਨੂੰ  ਲਿਖਿਆ ਪੱਤਰ ਵੀ ਜਾਰੀ ਕੀਤਾ ਹੈ | ਪੰਜਾਬ ਦੇ ਮੁੱਖ ਮੰਤਰੀ ਲਿਖੇ ਪੱਤਰ 'ਚ ਡਾ. ਗਾਂਧੀ ਨੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਮੈਡੀਕਲ ਦਾਖ਼ਲਿਆਂ ਦਾ 50 ਫ਼ੀ ਸਦੀ ਕੋਟਾ ਤਿੰਨ ਪ੍ਰਾਈਵੇਟ ਕਾਲਜਾਂ ਹਵਾਲੇ ਕਰਨ ਦਾ ਫ਼ੈਸਲਾ ਠੀਕ ਨਹੀਂ ਅਤੇ ਇਸ ਨਾਲ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਬੱਚਿਆਂ ਦੇ ਮਾਪਿਆਂ 'ਚ ਬਹੁਤ ਰੋਸ ਹੈ |
  ਉਨ੍ਹਾਂ ਮੁੱਖ ਮੰਤਰੀ ਨੂੰ  ਫ਼ੈਸਲਾ ਵਾਪਸ ਲੈਣ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਇਸ ਫ਼ੈਸਲੇ ਨਾਲ ਗ਼ਰੀਬ ਵਰਗ ਦੇ ਵਿਦਿਆਰਥੀ ਮੈਡੀਕਲ ਸਿਖਿਆ ਲੈਣ ਤੋਂ ਵਾਂਝੇ ਹੋ ਜਾਣਗੇ ਕਿਉਂਕਿ ਉਹ ਪਾ੍ਰਈਵੇਟ ਕਾਲਜਾਂ ਦੀਆਂ ਵੱਡੀਆਂ ਫ਼ੀਸਾਂ ਨਹੀਂ ਦੇ ਸਕਣਗੇ |
  ਪੰਜਾਬ 'ਚ ਇਸ ਸਮੇਂ ਮੈਡੀਕਲ ਦੀ ਪੜ੍ਹਾਈ ਦਾ ਖ਼ਰਚਾ ਇਕ ਕਰੋੜ ਤੋਂ ਵੀ ਉਪਰ ਤਕ ਹੈ ਜਦ ਕਿ ਯੂਕਰੇਨ 'ਚ ਐਮ.ਬੀ.ਬੀ.ਐਸ ਦੀ ਪੜ੍ਹਾਈ 25 ਲੱਖ 'ਚ ਹੋ ਜਾਂਦੀ ਹੈ, ਜਿਸ ਕਾਰਨ ਬੱਚੇ ਬਾਹਰ ਜਾਣ ਲਈ ਮਜ਼ਬੂਰ ਹੋ ਰਹੇ ਹਨ |