ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਪੋਲੈਂਡ ਲਈ ਰਵਾਨਾ, ਕਿਹਾ - ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਕੀਤੇ ਜਾਣਗੇ ਯਤਨ 

ਏਜੰਸੀ

ਖ਼ਬਰਾਂ, ਪੰਜਾਬ

ਖਾਰਕੀਵ ਦੇ ਬੰਕਰਾਂ ਵਿਚ ਫਸੇ ਵਿਦਿਆਰਥੀ ਰੋਮਾਨੀਆ ਤੇ ਹੋਰ ਸਰਹੱਦਾਂ ਤੋਂ ਕਰੀਬ 1500 ਕਿਲੋਮੀਟਰ ਦੂਰ ਹਨ, ਉਨ੍ਹਾਂ ਨੂੰ ਸੁਰੱਖਿਅਤਵਾਪਸ ਲਿਆਉਣ ਲਈ ਕੀਤੀ ਜਾਵੇਗੀ ਮਦਦ 

Gurjeet Singh Aujla

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਦੀ ਮਦਦ ਲਈ ਅੱਜ ਪੋਲੈਂਡ ਲਈ ਰਵਾਨਾ ਹੋ ਗਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਹੁਤ ਵੜਿਆ ਕੰਮ ਕਰ ਰਹੀ ਹੈ ਪਰ ਅਜੇ ਵੀ ਬਿਹਤਰ ਕੰਮ ਕਰਨ ਦੀ ਜ਼ਰੂਰਤ ਹੈ ਅਤੇ ਬਹੁਤ ਸਾਰੇ ਪੰਜਾਬੀ ਵੀ ਉਥੇ ਫਸੇ ਹੋਏ ਹਨ। ਉਨ੍ਹਾਂ ਪੋਲੈਂਡ ਅਤੇ ਇਸ ਦੇ ਆਲੇ-ਦੁਆਲੇ ਮੌਜੂਦ ਪੰਜਾਬੀ ਲੋਕਾਂ ਨੂੰ ਆਵਾਜਾਈ ਲਈ ਮਦਦ ਕਰਨ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾ ਸਕੇ।

ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਵਿਦਿਆਰਥੀ ਅਜੇ ਵੀ ਯੂਕਰੇਨ ਦੇ ਖਾਰਕੀਵ ਵਿੱਚ ਫਸੇ ਹੋਏ ਹਨ। ਮਦਦ ਉਨ੍ਹਾਂ ਵਿਦਿਆਰਥੀਆਂ ਤੱਕ ਨਹੀਂ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਗੱਲ ਕੀਤੀ ਹੈ ਅਤੇ ਵਿਦੇਸ਼ ਮੰਤਰਾਲੇ ਨਾਲ ਵੀ ਰਾਬਤਾ ਕਾਇਮ ਕੀਤਾ ਪਰ ਉਨ੍ਹਾਂ ਦਾ ਕੋਈ ਤਸੱਲੀਬਖਸ਼ ਨਤੀਜਾ ਨਹੀਂ ਨਿਕਲਿਆ।

ਉਨ੍ਹਾਂ ਨੇ ਖਾਰਕੀਵ ਅਤੇ ਆਲੇ-ਦੁਆਲੇ ਦੇ ਦੇਸ਼ਾਂ ਵਿਚ ਮੌਜੂਦ ਆਪਣੇ ਦੋਸਤਾਂ ਨਾਲ ਸੰਪਰਕ ਕੀਤਾ ਹੈ, ਪਰ ਸਮੇਂ ਅਤੇ ਇੰਟਰਨੈੱਟ ਦੀ ਸਮੱਸਿਆ ਸਾਹਮਣੇ ਆ ਰਹੀ ਹੈ। ਜਿਸ ਕਾਰਨ ਉਹ ਬੇਵੱਸ ਮਹਿਸੂਸ ਕਰ ਰਹੇ ਹਨ। ਇਸ ਬੇਵਸੀ ਦੇ ਵਿਚਕਾਰ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਪੋਲੈਂਡ ਜਾਣਗੇ। ਉਥੇ ਮੌਜੂਦ ਰਹਿੰਦਿਆਂ ਉਹ ਉਨ੍ਹਾਂ ਵਿਦਿਆਰਥੀਆਂ ਨੂੰ ਖਾਣਾ ਦੇਣ ਦੇ ਨਾਲ-ਨਾਲ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨਗੇ।

ਔਜਲਾ ਨੇ ਦੱਸਿਆ ਕਿ ਖਾਰਕੀਵ ਵਿੱਚ ਬੰਕਰ ਵਿੱਚ ਫਸੇ ਵਿਦਿਆਰਥੀ ਰੋਮਾਨੀਆ ਅਤੇ ਹੋਰ ਸਰਹੱਦਾਂ ਤੋਂ ਕਰੀਬ 1500 ਕਿਲੋਮੀਟਰ ਦੂਰ ਹਨ। ਵਿਦਿਆਰਥੀਆਂ ਲਈ ਉਨ੍ਹਾਂ ਸਰਹੱਦਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਸੰਸਦ ਮੈਂਬਰ ਔਜਲਾ ਨੇ ਇਸ ਦੌਰਾਨ ਪੋਲੈਂਡ ਅਤੇ ਇਸ ਦੇ ਆਸ-ਪਾਸ ਰਹਿੰਦੇ ਪੰਜਾਬੀਆਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਭਾਰਤ ਵਾਪਸ ਲਿਆਂਦਾ ਜਾ ਸਕੇ। ਸਾਂਸਦ ਔਜਲਾ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਆਵਾਜਾਈ ਦਾ ਪ੍ਰਬੰਧ ਕੀਤਾ ਜਾਵੇ। ਇਸ ਦਾ ਵੀ ਭੁਗਤਾਨ ਕਰ ਦੇਣਗੇ ਪਰ ਇਸ ਸਮੇਂ ਸਭ ਤੋਂ ਵੱਡਾ ਮੁੱਦਾ ਯੂਕਰੇਨ ਵਿੱਚ ਅੰਦਰੂਨੀ ਆਵਾਜਾਈ ਹੈ, ਜਿੱਥੋਂ ਵਿਦਿਆਰਥੀਆਂ ਨੂੰ ਨਜ਼ਦੀਕੀ ਸਰਹੱਦ 'ਤੇ ਲਿਆਉਣਾ ਜ਼ਰੂਰੀ ਹੈ।