ਸ਼ੋ੍ਰਮਣੀ ਅਕਾਲੀ ਦਲ ਨਾਲ ਨਤੀਜਿਆਂ ਬਾਅਦ ਗਠਜੋੜ ਦਾ ਵਿਚਾਰ ਨਹੀਂ ਤੇ ਨਾ ਹੀ ਕੋਈ ਸੰਭਾਵਨਾ : ਸ਼ੇਖ਼ਾਵਤ

ਏਜੰਸੀ

ਖ਼ਬਰਾਂ, ਪੰਜਾਬ

ਸ਼ੋ੍ਰਮਣੀ ਅਕਾਲੀ ਦਲ ਨਾਲ ਨਤੀਜਿਆਂ ਬਾਅਦ ਗਠਜੋੜ ਦਾ ਵਿਚਾਰ ਨਹੀਂ ਤੇ ਨਾ ਹੀ ਕੋਈ ਸੰਭਾਵਨਾ : ਸ਼ੇਖ਼ਾਵਤ

image

ਭਾਜਪਾ ਵੀ ਹੁਣ ਸਮਝਣ ਲੱਗੀ ਹੈ ਹਵਾ ਦਾ ਰੁਖ਼ ਕਿ ਅਕਾਲੀ ਦਲ ਨੂੰ  ਨਤੀਜਿਆਂ 'ਚ ਜ਼ਿਆਦਾ ਕੁੱਝ ਨਹੀਂ ਮਿਲਣ ਵਾਲਾ

ਚੰਡੀਗੜ੍ਹ, 3 ਮਾਰਚ (ਗੁਰਉਪਦੇਸ਼ ਭੁੱਲਰ) : ਭਾਜਪਾ ਨੂੰ  ਵੀ ਹੁਣ 10 ਮਾਰਚ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਹਵਾ ਦਾ ਰੁਖ਼ ਸਮਝ ਆਉਣ ਲੱਗ ਪਿਆ ਹੈ | ਇਸ ਗੱਲ ਦਾ ਸੰਕੇਤ ਅੱਜ ਇਥੇ ਭਾਜਪਾ ਪੰਜਾਬ ਦੇ ਪ੍ਰਮੁੱਖ ਆਗੂਆਂ ਵਲੋਂ ਸੰਭਾਵੀ ਚੋਣ ਨਤੀਜਿਆਂ ਅਤੇ ਭਵਿੱਖ ਦੀ ਰਣਨੀਤੀ ਲਈ ਕੀਤੀ ਮੰਥਨ ਮੀਟਿੰਗ 'ਚ ਦਿਤੇ ਹਨ | ਇਸ ਮੀਟਿੰਗ 'ਚ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਰਾਜੇਂਦਰ ਸ਼ੇਖ਼ਾਵਤ ਅਤੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਸਾਰੇ ਪ੍ਰਮੁੱਖ ਨੇਤਾ ਮੌਜੂਦ ਸਨ |
ਮੀਟਿੰਗ ਤੋਂ ਬਾਅਦ ਸ਼ੇਖ਼ਾਵਤ ਨੇ ਸਪਸ਼ਟ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨਾਲ ਚੋਣ ਨਤੀਜਿਆਂ ਬਾਅਦ ਗਠਜੋੜ ਦਾ ਕੋਈ ਵਿਚਾਰ ਨਹੀਂ, ਨਾ ਹੀ ਕੋਈ ਵਿਚਾਰ ਹੋਈ ਹੈ ਅਤੇ ਨਾ ਹੀ ਸੰਭਾਵਨਾ ਹੈ | ਇਸੇ ਤਰ੍ਹਾਂ ਅਸ਼ਵਨੀ ਸ਼ਰਮਾ ਨੇ ਦਾਅਵਾ ਕੀਤਾ ਕਿ ਭਾਜਪਾ ਹੀ ਸਰਕਾਰ ਬਣਾਏਗੀ |
ਸ਼ੇਖਾਵਤ ਦੇ ਬਿਆਨ ਤੋਂ ਸਪਸ਼ਟ ਹੁੰਦਾ ਹੈ ਕਿ ਭਾਜਪਾ ਦੇ ਮੰਥਨ 'ਚ ਅਨੁਮਾਨ ਲਾਇਆ ਗਿਆ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ  ਜ਼ਿਆਦਾ ਸੀਟਾਂ ਨਹੀਂ ਮਿਲ ਰਹੀਆਂ, ਜਿਸ ਕਰ ਕੇ ਭਾਜਪਾ ਦੀ ਅੱਖ ਕਾਂਗਰਸ ਤੇ 'ਆਪ' ਦੇ ਜੇਤੂ ਮੈਂਬਰਾਂ ਦੇ ਨੰਬਰਾਂ ਉਪਰ ਰਹੇਗੀ | ਭਾਜਪਾ ਆਗੂਆਂ ਨੂੰ  ਲਗਦਾ ਹੈ ਕਿ 'ਆਪ' ਜਾਂ ਕਾਂਗਰਸ ਨੂੰ  ਬਹੁਮਤ ਨਹੀਂ ਮਿਲੇਗਾ ਅਤੇ ਇਸ ਸਥਿਤੀ 'ਚ ਬਾਜ਼ੀ ਭਾਜਪਾ ਦੇ ਜੇਤੂ ਮੈਂਬਰਾਂ ਦੇ ਹੱਥ ਆ ਸਕਦੀ ਹੈ ਅਤੇ ਜੋੜ-ਤੋੜ ਦੀ ਸਿਆਸਤ ਨਾਲ ਭਾਜਪਾ ਸਰਕਾਰ ਬਣਾ ਸਕਦੀ ਹੈ | ਇਸ ਤਰ੍ਹਾਂ ਜੋੜ-ਤੋੜ ਨਾਲ ਸਰਕਾਰਾਂ ਬਣਾਉਣ 'ਚ ਅਮਿਤ ਸ਼ਾਹ ਦੀ ਮੁਹਾਰਤ ਹੈ | ਸ਼ੇਖਾਵਤ ਨੇ ਕਿਹਾ ਕਿ ਅੱਜ ਦੀ ਮੀਟਿੰਗ 'ਚ ਸੱਭ ਪਾਸਿਉਂ ਆਈਆਂ ਰੀਪੋਰਟਾਂ ਦਾ ਪੂਰੀ ਡੂੰਘਾਈ 'ਚ ਮੰਥਨ ਕੀਤਾ ਗਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਚੋਣਾਂ ਤੋਂ ਪਹਿਲਾਂ ਲਗਦਾ ਸੀ ਕਿ ਪਿੰਡਾਂ 'ਚ ਜਾਣਾ ਔਖਾ ਹੋਵੇਗਾ ਪਰ ਉਥੇ ਵੀ ਭਰਵਾਂ ਹੁੰਗਾਰਾ ਮਿਲਿਆ ਹੈ | ਇਸ ਤੋਂ ਇਲਾਵਾ ਹੋਰ ਵਰਗਾਂ ਨੇ ਵੀ ਚੰਗਾ ਸਮਰਥਨ ਦਿਤਾ, ਜਿਸ ਕਰ ਕੇ ਭਾਜਪਾ ਨੂੰ  ਬਦਲਾਅ 'ਚ ਸਫ਼ਲਤਾ ਦੀ ਉਮੀਦ ਹੈ |