ਡਾਕਟਰੀ ਕਰਨ ਗਈ ਮੁੱਲਾਂਪੁਰ ਪਿੰਡ ਦੀ ਪਰਵਿੰਦਰ ਕੌਰ ਵੀ ਯੂਕਰੇਨ 'ਚ ਫਸੀ

ਏਜੰਸੀ

ਖ਼ਬਰਾਂ, ਪੰਜਾਬ

ਡਾਕਟਰੀ ਕਰਨ ਗਈ ਮੁੱਲਾਂਪੁਰ ਪਿੰਡ ਦੀ ਪਰਵਿੰਦਰ ਕੌਰ ਵੀ ਯੂਕਰੇਨ 'ਚ ਫਸੀ

image


ਮੁੱਲਾਂਪੁਰ ਦਾਖਾ, 2 ਮਾਰਚ (ਰਾਜ ਜੋਸ਼ੀ) : ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦੇ ਹਾਲਾਤਾਂ ਕਾਰਨ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਫਸੀ ਪਿੰਡ ਮੁੱਲਾਂਪੁਰ ਦੇ ਵਸਨੀਕ ਤੇ ਮਸਕੱਟ ਵਿਖੇ ਕੰਮ ਕਰਦੇ ਪਿਤਾ ਜਗਦੀਸ਼ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਦੀ ਧੀ ਪਰਵਿੰਦਰ ਕੌਰ (25) ਹੋਰਨਾਂ ਵਿਦਿਆਰਥੀਆਂ ਨਾਲ ਰਾਜਧਾਨੀ ਕੀਵ ਵਿਚ ਵੀ.ਐੱਨ ਕਰਾਕਿਨ  ਮੈਡੀਕਲ ਯੂਨੀਵਰਸਿਟੀ ਵਿਚ ਐਮ.ਬੀ.ਬੀ.ਐਸ ਦੀ ਆਖ਼ਰੀ ਸਾਲ ਦੀ ਵਿਦਿਆਰਥਣ ਹੈ | ਪਰਵਿੰਦਰ ਕੌਰ ਦੀ ਮਾਂ ਰਾਜਿਵੰਦਰ ਕੌਰ ਦਸਿਆ ਕਿ ਉਨ੍ਹਾਂ ਦੀ ਧੀ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਹੈ ਪਰ ਹੁਣ ਹੁਣ ਯੁੱਧ ਪ੍ਰਭਾਵਤ ਯੂਕਰੇਨ 'ਚ ਉਨ੍ਹਾਂ ਦੀ ਧੀ ਦੇ ਫਸੇ ਹੋਣ ਕਰ ਕੇ ਪ੍ਰਵਾਰ ਭਾਰੀ ਚਿੰਤਾ ਵਿਚ ਹੈ | ਉਸ ਨੇ ਭਰੇ ਮਨ ਨਾਲ ਹੋਰ ਕਿਹਾ ਕਿ ਪਰਵਿੰਦਰ ਦੇ ਵਾਪਸ ਘਰ ਆਉਣ ਤਕ ਉਨ੍ਹਾਂ ਦੀ ਅਤੇ ਪ੍ਰਵਾਰ ਦੀ ਚਿੰਤਾ ਬਣੀ ਰਹੇਗੀ | ਪਰਵਿੰਦਰ ਕੌਰ ਦੀ ਮਾਤਾ ਰਾਜਵਿੰਦਰ ਕੌਰ, ਦਾਦੀ ਅਜੀਤ ਕੌਰ, ਤਾਈ ਕੁਲਵਿੰਦਰ ਕੌਰ ਦਸਿਆ ਕਿ ਪਰਵਿੰਦਰ ਦਾ ਪਿਤਾ ਅਰਬ ਦੇਸ਼ ਮਸਕਟ ਹੈ, ਜਿਥੇ ਉਸ ਦੀ ਅਪਣੀ ਧੀ ਨਾਲ ਫ਼ੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਹੈ |
  ਰਾਜਵਿੰਦਰ ਕੌਰ ਕਿਹਾ ਕਿ ਕਲ ਪਰਵਿੰਦਰ ਨਾਲ ਫ਼ੋਨ 'ਤੇ ਗੱਲਬਾਤ ਹੋਈ ਤਾਂ ਉਸ ਨੇ ਦਸਿਆ ਕਿ ਉਹ ਹੋਰਨਾਂ ਵਿਦਿਆਰਥੀਆਂ ਨਾਲ ਰੇਲਵੇ ਸਟੇਸ਼ਨ ਕੀਵ ਤੋਂ ਅੱਜ ਰਵਾਨਾ ਹੋਵੇਗੀ, ਅੱਗੋਂ ਹੰਗਰੀ, ਰੋਮਾਨੀਆਂ ਜਾਂ ਪੋਲੈਂਡ ਜਿਹੜਾ ਵੀ ਠੀਕ ਲਗੇਗਾ ਉਧਰ ਚਲੀ ਜਾਵੇਗੀ |
ਇਸ ਮੌਕੇ ਜਗਦੀਸ਼ ਸਿੰਘ ਨਾਲ ਮਸਕਟ ਹੋਈ ਗੱਲ ਤੇ ਉਸਨੇ ਦਸਿਆ ਕਿ ਉਸਦੀ ਅਪਣੀ ਬੇਟੀ ਨਾਲ ਥੋੜੀ ਥੋੜੀ ਦੇਰ ਬਾਅਦ ਗੱਲ ਹੋ ਜਾਂਦੀ ਹੈ ਤੇ ਇਸ ਮੌਕੇ ਉਹ ਕੀਵ ਦੇ ਰੇਲਵੇ ਸਟੇਸ਼ਨ ਤੇ ਖੜੇ ਹਨ |
 ਬਹੁਤ ਸਾਰੇ ਵਿਦਿਆਥੀ ਅਤੇ ਹੋਰ ਵੀ ਲੋਕ ਹਨ ਤੇ ਗੱਡੀ ਆਉਣ ਤੇ ਉਹ ਉਥੋਂ ਬਾਰਡਰ ਨੂੰ  ਚਾਲੇ ਜਾਉਣਗੇ | ਉਸਨੇ ਕਿਹਾ ਕਿ ਅਸੀਂ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਰਿਆਂ ਨੂੰ  ਸਹੀ ਸਲਾਮਤ ਰੱਖਣ | ਉਨ੍ਹਾ ਭਾਰਤ ਸਰਕਾਰ ਨੂੰ  ਵੀ ਅਪੀਲ ਕੀਤੀ ਕਿ ਹੁਣ ਤਾਂ ਜਲਦੀ ਤੋਂ ਜਲਦੀ ਬੱਚਿਆਂ ਨੂੰ  ਮਦਦ ਪਹੁੰਚਾਈ ਜਾਵੇ |