ਗੈਰ ਕਾਨੂੰਨੀ ਢੰਗ ਨਾਲ ਯੂਕਰੇਨ ਦੀ ਸਰਹੱਦ ਟੱਪ ਰੋਮਾਨੀਆ ਜਾ ਰਹੇ ਪੰਜਾਬ ਦੇ 2 ਨੌਜਵਾਨ ਯੂਕਰੇਨ ਦੀ ਪੁਲਿਸ ਨੇ ਕੀਤੇ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਨੋਂ ਨੌਜਵਾਨ ਇਕ ਸਾਲ ਪਹਿਲਾਂ ਭਾਸ਼ਾ ਦੀ ਪੜ੍ਹਾਈ ਲਈ ਯੂਕਰੇਨ ਗਏ ਸਨ।

Rajat Singh, Ramandeep

 

ਜਲੰਧਰ (ਨੀਸ਼ਾ ਸ਼ਰਮਾ) - ਰੂਸ ਅਤੇ ਯੂਕ੍ਰੇਨ ਦੀ ਲੜਾਈ ਜਾਰੀ ਹੈ ਤੇ ਇਸ ਦੌਰਾਨ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਤਹਿਤ ਹਜ਼ਾਰਾਂ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਦੂਜੇ ਪਾਸੇ ਕਈ ਨੌਜਵਾਨ ਅਜਿਹੇ ਵੀ ਹਨ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਵੀਜ਼ੇ ਦੀ ਮਿਆਦ ਖ਼ਤਮ ਹੋਣ ਕਰ ਕੇ ਬਾਰਡਰ ਪਾਰ ਕਰਕੇ ਰੋਮਾਨੀਆ ਵੱਲ ਨੂੰ ਜਾ ਰਹੇ ਹਨ। ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਦੋ ਲੜਕੇ ਜੋ ਜਲੰਧਰ ਦੇ ਆਦਮਪੁਰ ਇਲਾਕੇ ਦੇ ਪਿੰਡ ਗਾਜ਼ੀਪੁਰ ਦੇ ਰਹਿਣ ਵਾਲੇ ਹਨ, ਜੋ ਕਰੀਬ ਇਕ ਸਾਲ ਪਹਿਲਾਂ ਭਾਸ਼ਾ ਦੀ ਪੜ੍ਹਾਈ ਲਈ ਯੂਕਰੇਨ ਗਏ ਸਨ। ਦੋਹਾਂ ਨੂੰ ਯੂਕ੍ਰੇਨ ਪੁਲਿਸ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਰੋਮਾਨੀਆ ਜਾਂਦੇ ਹੋਏ ਬਾਰਡਰ ’ਤੇ ਫੜ ਲਿਆ ਹੈ। 

 

ਇਨ੍ਹਾਂ ਦੋਨੋਂ ਲੜਕਿਆਂ ਨੇ 5 ਫਰਵਰੀ ਨੂੰ ਯੂਕ੍ਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ ਵੱਲ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਤੋਂ ਪਹਿਲਾਂ ਕਿ ਬਾਰਡਰ ਪਾਰ ਕਰਦੇ ਯੂਕ੍ਰੇਨ ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਬਾਬਤ ਜਦੋਂ ਇਹਨਾਂ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਰਜਤ ਸਹੋਤਾ ਦੇ ਪਿਤਾ ਸੁਖਪਾਲ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੇ ਆਪਣੇ ਬੇਟੇ ਨਾਲ ਆਖ਼ਰੀ ਵਾਰ ਸੋਮਵਾਰ ਨੂੰ ਗੱਲਬਾਤ ਹੋਈ ਸੀ

 

ਜਿਸ ਤੋਂ ਬਾਅਦ ਉਹ ਆਪਣੇ ਬੇਟੇ ਦੇ ਨਾਲ ਸੰਪਰਕ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਬੇਟੇ ਦਾ ਫੋਨ ਆਇਆ ਸੀ, ਜਿਸ ਨੇ ਦੱਸਿਆ ਸੀ ਕਿ ਉਸ ਨੂੰ ਯੂਕ੍ਰੇਨ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਸਮੇਂ ਕਿਸੇ ਕੈਂਪ ’ਚ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀ ਆਪਣੇ ਬੇਟੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ। 

 

ਸੁਖਪਾਲ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਨ੍ਹਾਂ ’ਚੋਂ ਰਜਤ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੇ ਲੱਖਾਂ ਰੁਪਏ ਲਗਾ ਕੇ ਪੜ੍ਹਾਈ ਲਈ ਭੇਜਿਆ ਸੀ ਪਰ ਹੁਣ ਉਥੇ ਫਸ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੇਟੇ ਦਾ ਪਤਾ ਲਗਾ ਕੇ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ। ਇਸ ਦੇ ਨਾਲ ਹੀ ਦੂਜੇ ਲੜਕੇ ਰਮਨਦੀਪ ਦੇ ਪਿਤਾ ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵੀ ਰਜਤ ਦੇ ਨਾਲ ਹੀ ਸੀ ਅਤੇ ਉਸ ਨੂੰ ਵੀ ਯੂਕ੍ਰੇਨ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਲਦੀ ਤੋਂ ਜਲਦੀ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ।