ਪੂਰੀ ਦੁਨੀਆਂ ਨਾਜ਼ੁਕ ਦੌਰ ਤੋਂ ਲੰਘ ਰਹੀ ਹੈ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਪੂਰੀ ਦੁਨੀਆਂ ਨਾਜ਼ੁਕ ਦੌਰ ਤੋਂ ਲੰਘ ਰਹੀ ਹੈ : ਮੋਦੀ

image

ਕਿਹਾ, ਸੰਕਟ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਭਾਰਤ ਦੀ ਕੋਸ਼ਿਸ਼ ਉਸ ਤੋਂ ਵੀ ਵਧ ਵੱਡੀ ਰਹੀ ਹੈ 

ਮਿਰਜ਼ਾਪੁਰ, 4 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੂਰੀ ਦੁਨੀਆਂ ਇਸ ਸਦੀ ਦੇ ਨਾਜ਼ੁਕ ਦੌਰ ਤੋਂ ਲੰਘ ਰਹੀ ਹੈ ਪਰ ਸੰਕਟ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਭਾਰਤ ਦੀ ਕੋਸ਼ਿਸ਼ ਉਸ ਤੋਂ ਵੀ ਵਧ ਵੱਡੀ ਰਹੀ ਹੈ। ਪ੍ਰਧਾਨ ਮੰਤਰੀ ਨੇ ਮਿਰਜ਼ਾਪੁਰ ’ਚ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ‘ਆਪਰੇਸ਼ ਗੰਗਾ’ ਮੁਹਿੰਮ ਤਹਿਤ ਹਜ਼ਾਰਾਂ ਵਿਦਿਆਰਥੀਆਂ ਨੂੰ ਜੰਗ ਪੀੜਤ ਯੂਕਰੇਨ ਤੋਂ ਸੁਰੱਖਿਅਤ ਵਾਪਸ ਲਿਆਇਆ ਗਿਆ ਹੈ, ਅਤੇ ਜੋ ਹਾਲੇ ਵੀ ਉਥੇ ਹਨ ਉਨ੍ਹਾਂ ਨੂੰ ਕਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਪੂਰੀ ਦੁਨੀਆਂ ਹੁਣ ਇਸ ਸਦੀ ਦੇ ‘ਨਾਜ਼ੁਕ ਦੌਰ’ ਤੋਂ ਲੰਘ ਰਹੀ ਹੈ। ਕਈ ਦੇਸ਼ ਅੱਜ ਮਹਾਂਮਾਰੀ, ਅਸ਼ਾਂਤੀ ਨਾਲ ਪ੍ਰਭਾਵਤ ਹੋ ਰਹੇ ਹਨ ਪਰ ਤੁਸੀਂ ਦੇਖ ਰਹੇ ਹੋ ਕਿ ਸੰਕਟ ਭਾਵੇਂ ਕਿੰਨਾ ਵੀ ਡੂੰਘਾ ਹੋਵੇ, ਭਾਰਤ ਦੀ ਕੋਸ਼ਿਸ਼ ਉਸ ਤੋਂ ਵੀ ਵੱਡੀ ਰਹੀ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ,‘‘ਕੋਰੋਨਾ ’ਚ ਵੰਦੇ ਭਾਰਤ ਮੁਹਿੰਮ ਚਲਾ ਕੇ ਇਕ-ਇਕ ਨਾਗਰਿਕ ਨੂੰ ਵਿਦੇਸ਼ ਤੋਂ ਲਿਆਂਦਾ ਗਿਆ, ਅਫ਼ਗ਼ਾਨਿਸਤਾਨ ’ਚ ਆਪਰੇਸ਼ਨ ਦੇਵੀ ਚਲਾ ਕੇ ਭਾਰਤ ਨੇ ਅਪਣੇ ਨਾਗਰਿਕਾਂ ਨੂੰ ਉੱਥੋਂ ਕਢਿਆ ਅਤੇ ਹੁਣ ਯੂਕਰੇਨ ਤੋਂ ਅਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਬਚਾਉਣ ’ਚ ਭਾਰਤ ਲੱਗਾ ਹੋਇਆ ਹੈ।’’ ਮੋਦੀ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ‘ਪ੍ਰਵਾਰਵਾਦੀਆਂ’ ਅਤੇ ‘ਮਾਫ਼ੀਆ’ ਨੂੰ ਹਰਾਉਣ ਹੈ ਅਤੇ ਉਤਰ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਬਣਾਉਣੀ ਹੈ। 
ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਨੂੰ ਲਗਾਤਾਰ ਅਜਿਹੀ ਅਗਵਾਈ ਚਾਹੀਦੀ ਹੈ ਜਿਸ ਵਿਚ ਰਾਸ਼ਟਰਭਗਤੀ ਦੀ ਭਾਵਨਾ ਭਰੀ ਹੋਵੇ। ਸਮਾਜਵਾਦੀ ਪਾਰਟੀ ਦਾ ਨਾਂ ਲਏ ਬਿਨਾਂ ਮੋਦੀ ਨੇ ਕਿਹਾ, ‘‘ਇਹ ਜੋ ਕੱਟੜ ਪ੍ਰਵਾਰਵਾਦੀ ਹਨ ਇਨ੍ਹਾਂ ਦੇ ਇਤਿਹਾਸ ਦਾ ਇਕ-ਇਕ ਪੰਨਾ ਕਾਲੀ ਸਿਆਹੀ ਨਾਲ ਰੰਗਿਆ ਹੋਇਆ ਹੈ, ਤੁਸੀਂ ਉਸ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਇਨ੍ਹਾਂ ਦਾ ਇਤਿਹਾਸ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦਾ ਹੈ ਅਤੇ ਰਾਜ ਨੂੰ ਲੁੱਟਣ ਦਾ ਹੈ। ਇਨ੍ਹਾਂ ਦਾ ਇਤਿਹਾਸ ਅਤਿਵਾਦੀਆਂ ਨੂੰ ਛੱਡਣ ਅਤੇ ਦੰਗਾਈਆਂ ਨੂੰ ਮਦਦ ਕਰਨ ਦਾ ਹੈ।’’     (ਏਜੰਸੀ)