ਰੂਸ ਵਿਰੁਧ ਲਾਮਬੰਦ ਹੋਇਆ ਪੂਰਾ ਵਿਸ਼ਵ, ਯੂਕਰੇਨ 'ਚ ਹਮਲੇ ਤੇਜ਼ ਹੋਏ

ਏਜੰਸੀ

ਖ਼ਬਰਾਂ, ਪੰਜਾਬ

ਰੂਸ ਵਿਰੁਧ ਲਾਮਬੰਦ ਹੋਇਆ ਪੂਰਾ ਵਿਸ਼ਵ, ਯੂਕਰੇਨ 'ਚ ਹਮਲੇ ਤੇਜ਼ ਹੋਏ

image

ਰੂਸ ਨੇ ਯੂਕਰੇਨ ਦੀਆਂ ਪ੍ਰਮੁਖ ਬੰਦਰਗਾਹਾਂ ਨੂੰ  ਘੇਰਿਆ, ਰਿਹਾਇਸ਼ੀ ਇਮਾਰਤਾਂ 'ਤੇ ਕੀਤੇ ਹਵਾਈ ਹਮਲੇ

ਕੀਵ, 3 ਮਾਰਚ : ਰੂਸ ਵਿਰੁਧ ਲਾਮਬੰਦ ਹੁੰਦੇ ਹੋਏ ਬੁਧਵਾਰ ਨੂੰ  ਸੰਯੁਕਤ ਰਾਸ਼ਟਰ ਵਿਚ ਜ਼ਿਆਦਾਤਰ ਦੇਸ਼ਾਂ ਨੇ ਉਸ ਨੂੰ  ਯੂਕਰੇਨ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ | ਰੂਸੀ ਫ਼ੌਜ ਨੇ ਯੂਕਰੇਨ ਦੇ ਦੂਜੇ ਸੱਭ ਤੋਂ ਵੱਡੇ ਸ਼ਹਿਰ ਵਿਚ ਬੰਬਾਰੀ ਫਿਰ ਸ਼ੁਰੂ ਕਰ ਦਿਤੀ ਹੈ ਅਤੇ ਇਸ ਨਾਲ ਦੇਸ਼ ਦੀ ਰਾਜਧਾਨੀ 'ਤੇ ਖ਼ਤਰਾ ਹੋਰ ਵੱਧ ਗਿਆ ਹੈ | ਰੂਸ ਨੇ ਯੂਕਰੇਨ ਦੀਆਂ ਪ੍ਰਮੁਖ ਬੰਦਰਗਾਹਾਂ ਨੂੰ  ਵੀ ਘੇਰ ਲਿਆ ਹੈ |  ਰੂਸੀ ਹਵਾਈ ਫ਼ੌਜ ਨੇ ਯੂਕਰੇਨ ਦੀ ਰਾਜਧਾਨੀ ਕੀਵ ਨੇੜੇ ਇਕ ਰਿਹਾਇਸ਼ੀ ਇਮਾਰਤ 'ਤੇ ਐਸ.ਯੂ-25 ਜਹਾਜ਼ ਰਾਹੀਂ ਹਮਲੇ ਕੀਤੇ | ਰੂਸ ਦਾ ਦਾਅਵਾ ਹੈ ਕਿ ਪਿਛਲੇ ਹਫ਼ਤੇ ਸ਼ੁਰੂ ਹੋਈ ਫ਼ੌਜੀ ਕਾਰਵਾਈ ਵਿਚ ਹੁਣ ਤਕ ਕਰੀਬ 500 ਰੂਸੀ ਫ਼ੌਜੀ ਮਾਰੇ ਗਏ ਹਨ ਅਤੇ ਕਰੀਬ 1600 ਜ਼ਖ਼ਮੀ ਹਨ | ਉਥੇ ਹੀ ਯੂਕਰੇਨ ਨੇ ਅਪਣੀ ਫ਼ੌਜ ਦੇ ਮਾਰੇ ਗਏ ਜਾਂ ਜ਼ਖ਼ਮੀ ਹੋਏ ਫ਼ੌਜੀਆਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ | ਦੋਹਾਂ ਦੇਸ਼ਾਂ ਦੇ ਦਾਅਵਿਆਂ ਦੀ ਹੁਣ ਤਕ ਪੁਸ਼ਟੀ ਨਹੀਂ ਹੋ ਸਕੀ |
 ਯੂਕਰੇਨ ਅਤੇ ਰੂਸ ਦੇ ਰਾਜਦੂਤ ਦੂਜੀ ਵਾਰ ਬੇਲਾਰੂਸ ਵਿਚ ਮੁਲਾਕਾਤ ਕਰਨਗੇ, ਤਾਕਿ ਜੰਗ ਰੋਕਣ ਲਈ ਕੋਈ ਢੁਕਵਾਂ ਹੱਲ ਲਭਿਆ ਜਾ ਸਕੇ | ਹਾਲਾਂਕਿ ਦੋਹਾਂ ਵਿਚਾਲੇ ਸਹਿਮਤੀ ਬਣਨ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ, ਕਿਉਂਕਿ ਰੂਸ ਦਾ ਵਫ਼ਦ ਕਈ ਘੰਟਿਆਂ ਤੋਂ ਬੇਲਾਰੂਸ ਸਰਹੱਦ 'ਤੇ ਯੂਕਰੇਨੀ ਵਫ਼ਦਾ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਉਹ ਨਹੀਂ ਆਇਆ | ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ,''ਯੂਕਰੇਨ ਨਾਲ ਗੱਲਬਾਤ ਲਈ ਸਾਡਾ ਵਫ਼ਦ ਬੁਧਵਾਰ ਦੁਪਹਿਰ ਤੋਂ ਬੇਲਾਰੂਸ ਵਿਚ ਮੌਜੂਦ ਹੈ, ਪਰ ਯੂਕਰੇਨ ਦਾ ਦਲ ਹੁਣ ਤਕ ਇਥੇ ਨਹੀਂ ਪਹੁੰਚਿਆ | ਅਸੀਂ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਾਂ | ਉਮੀਦ ਹੈ ਕਿ ਉਹ ਜਲਦੀ ਇਥੇ ਪਹੁੰਚਣਗੇ |'' ਹਾਲਾਂਕਿ ਤੈਅ ਇਹ ਹੋਇਆ ਸੀ ਕਿ ਗੱਲਬਾਤ ਬੇਲਾਰੂਸ ਵਿਚ ਨਹੀਂ, ਪੋਲੈਂਡ ਵਿਚ ਹੋਵੇਗੀ, ਪਰ ਰੂਸ ਦਾ ਵਫ਼ਦ ਬੇਲਾਰੂਸ ਵਿਚ ਮੌਜੂਦ ਹੈ |
  ਦੂਜੇ ਪਾਸੇ ਸੰਯੁਕਤ ਰਾਸ਼ਟਰ ਨਿਗਰਾਨੀ ਏਜੰਸੀ ਦੇ ਪ੍ਰਮੁਖ ਨੇ ਸੁਚੇਤ ਕਰਦਿਆਂ ਕਿਹਾ ਕਿ ਜੰਗ ਯੂਕਰੇਨ ਦੇ 15 ਪਰਮਾਣੂ ਰਿਐਕਟਰਾਂ ਲਈ ਖ਼ਤਰਾ ਬਣ ਗਈ ਹੈ | ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਰਾਫ਼ੇਲ ਗਰਾਸੀ ਨੇ ਕਿਹਾ ਕਿ ਜੰਗ ਅਜਿਹੀ ਥਾਂ ਹੋ ਰਹੀ ਹੈ, ਜਿਥੇ ਵੱਡੀਆਂ ਪਰਮਾਣੂ ਊਰਜਾ ਸੁਵਧਾਵਾਂ ਸਥਾਪਤ ਹਨ | ਉਨ੍ਹਾਂ ਕਿਹਾ ਕਿ ਇਹ ਬੇਹਦ ਚਿੰਤਾ ਦੀ ਗੱਲ ਹੈ | ਰੂਸ ਨੇ ਪਹਿਲਾਂ ਤੋਂ ਹੀ ਬੰਦ ਪਏ ਚੇਨਾਰਬਿਲ ਪਰਮਾਥੂ ਪਲਾਂਟ 'ਤੇ ਕਬਜ਼ਾ ਕਰ ਲਿਆ ਹੈ | ਰੂਸੀ ਫ਼ੌਜ ਵਲੋਂ ਯੂਕਰੇਨ ਦੀਆਂ ਪ੍ਰਮੁਖ ਬੰਦਰਗਾਹਾਂ ਦੀ ਘੇਰਾਬੰਦੀ ਦੇ ਨਾਲ ਹੀ ਕੀਵ 'ਤੇ ਬੰਬਾਰੀ ਤੇਜ਼ ਕਰ ਦਿਤੀ ਹੈ, ਜਦੋਂਕਿ ਕੀਵ ਦੇ ਬਾਹਰ ਵਿਸ਼ਾਲ ਬੰਖ਼ਤਬੰਦ ਗੱਡੀਆਂ ਦੇਖੀਆਂ ਜਾ ਰਹੀਆਂ ਹਨ |
  ਇਸ ਵਿਚਾਲੇ ਅਮਰੀਕਾ ਨੇ ਰੂਸ ਦੇ ਨਾਲ-ਨਾਲ ਬੇਲਾਰੂਸ 'ਤੇ ਵੀ ਸਖ਼ਤ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ | ਵ੍ਹਾਈਟ ਹਾਊਸ ਨੇ ਕਿਹਾ ਕਿ ਰੂਸ ਅਤੇ ਬੇਲਾਰੂਸ ਦੇ ਰਖਿਆ ਸੈਕਟਰ ਵਿ ਹੋਣ ਵਾਲੇ ਨਿਰਯਾਤ 'ਤੇ ਪਾਬੰਦੀ ਲਗਾਈ ਗਈ ਹੈ | ਸੰਯੁਕਤ ਰਾਸ਼ਟਰ ਮਹਾਂਸਪਾ (ਯੂਐਨਜੀਏ) ਵਿਚ ਬੁਧਵਾਰ ਰਾਤ ਯੂਕਰੇਨ 'ਚੋਂ ਰੂਸੀ ਫ਼ੌਜ ਦੀ ਵਾਪਸੀ ਲਈ ਵੋਟਿੰਗ ਹੋਈ | ਇਸ ਦੇ ਪੱਖ ਵਿਚ 141, ਜਦੋਂ ਕਿ ਵਿਰੋਧ ਵਿਚ 5 ਵੋਟਾਂ ਪਈਆਂ | ਭਾਰਤ ਸਮੇਤ 35 ਦੇਸ਼ਾਂ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ | ਰੂਸ ਦੇ ਪੱਖ ਵਿਚ ਵੋਟ ਪਾਉਣ ਵਾਲੇ ਦੇਸ਼ਾਂ ਵਿਚ, ਰੂਸ, ਬੇਲਾਰੂਸ, ਉੱਤਰ ਕੋਰੀਆ, ਇਰੀਟ੍ਰੀਆ ਅਤੇ ਸੀਰੀਆ ਸ਼ਾਮਲ ਹਨ | (ਏਜੰਸੀ)