ਬਾਪੂ ਸੂਰਤ ਸਿੰਘ ਨੂੰ DMC ਹਸਪਤਾਲ ਤੋਂ ਮਿਲੀ ਛੁੱਟੀ, ਸਮਰਥਕਾਂ ਨੇ ਕੀਤੀ ਫੁੱਲਾਂ ਦੀ ਵਰਖਾ 

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਉਹ ਮੋਰਚੇ ਵਿੱਚ ਜਾਂਦੇ ਹਨ ਤਾਂ ਕਿ ਲੋੜ ਪੈਣ ’ਤੇ ਉੱਥੇ ਡਾਕਟਰਾਂ ਦੀ ਟੀਮ ਉਹਨਾਂ ਦੇ ਚੈੱਕਅਪ ਲਈ ਭੇਜੀ ਜਾਵੇਗੀ 

Bapu Surat Singh

ਲੁਧਿਆਣਾ -  ਬਾਪੂ ਸੂਰਤ ਸਿੰਘ ਖਾਲਸਾ ਨੂੰ ਲੰਬੇ ਸਮੇਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂ ਅੱਜ ਬਾਪੂ ਸੂਰਤ ਸਿੰਘ ਖਾਲਸਾ ਨੂੰ ਲੈਣ ਡੀਐਮਸੀ ਹਸਪਤਾਲ ਪਹੁੰਚੇ। ਇਸ ਮੌਕੇ ਸੁਰੱਖਿਆ ਦੇ ਵੀ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਦਾ ਮੈਡੀਕਲ ਚੈੱਕਅਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਉਹਨਾਂ ਨੂੰ ਉਹਨਾਂ ਦੇ ਪਿੰਡ ਹਸਨਪੁਰ ਭੇਜਿਆ ਗਿਆ ਤੇ ਸਮਰਥਕਾਂ ਨੇ ਉਹਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ। 

ਬਾਪੂ ਸੂਰਤ ਸਿੰਘ ਨੂੰ ਜਦੋਂ ਡੀਐਮਸੀ ਹਸਪਤਾਲ ਵਿਚੋਂ ਛੁੱਟੀ ਦਿੱਤੀ ਗਈ ਤਾਂ ਉਸ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਅਤੇ ਹਸਪਤਾਲ਼ ਦੇ ਡਾਕਟਰਾਂ ਵੱਲੋਂ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਤੋਂ ਕਈ ਗੱਲਾਂ 'ਤੇ ਸਹਿਮਤੀ ਮੰਗੀ, ਜਿਸ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਛੁੱਟੀ ਮਿਲੀ।

ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਬਾਪੂ ਸੂਰਤ ਸਿੰਘ ਖਾਲਸਾ ਦਾ ਹਸਪਤਾਲ ਦੇ ਬਾਹਰ ਆਉਂਦਿਆਂ ਸਵਾਗਤ ਕੀਤਾ। ਇਸ ਦੌਰਾਨ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਬਲਵਿੰਦਰ ਸਿੰਘ ਨੇ ਕਿਹਾ ਕਿ ਮੋਰਚੇ ਨੇ ਆਖਿਰਕਾਰ ਕਾਫੀ ਜੱਦੋਜਹਿਦ ਤੋਂ ਬਾਅਦ ਬਾਪੂ ਸੂਰਤ ਸਿੰਘ ਖਾਲਸਾ ਨੂੰ ਹੁਣ ਘਰ ਲੈ ਜਾ ਰਹੇ ਹਨ। ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਹੈ।

ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੈਡੀਕਲ ਸਰਟੀਫਿਕੇਟ ਮਿਲਣ ਤੋਂ ਬਾਅਦ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਛੁੱਟੀ ਦਿੱਤੀ ਗਈ ਹੈ ਪਰ ਉਨ੍ਹਾਂ ਨੇ ਕਿਹਾ ਕਿ ਬਾਪੂ ਨੂੰ ਦੋ ਤਿੰਨ ਗੰਭੀਰ ਬਿਮਾਰੀਆਂ ਹਨ ਇਸ ਕਰਕੇ ਉਹਨਾਂ ਨੂੰ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦਾ ਹੈ। 

ਫਿਲਹਾਲ ਕੌਮੀ ਇਨਸਾਫ ਮੋਰਚੇ ਨੂੰ ਉਨ੍ਹਾਂ ਨੂੰ ਮੋਰਚੇ ਵਿਚ ਲੈ ਜਾਣ ਲਈ ਮਨਾ ਕੀਤਾ ਗਿਆ ਹੈ ਅਤੇ ਫਿਲਹਾਲ ਉਹ ਘਰ ਰਹਿਣਗੇ ਜਿਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਸਿਹਤ ਠੀਕ ਹੋ ਜਾਵੇਗੀ ਤਾਂ ਉਹਨਾਂ ਨੂੰ ਮੋਰਚੇ ਦੇ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਮੁੜ ਤੋਂ ਮਰਨ ਵਰਤ ’ਤੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਫਿਲਹਾਲ ਐਂਬੂਲੈਂਸ ਦੇ ਵਿੱਚ ਉਨ੍ਹਾਂ ਨੂੰ ਭੇਜਿਆ ਗਿਆ ਹੈ ਸੁਰੱਖਿਆ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੇਕਰ ਉਹ ਮੋਰਚੇ ਵਿੱਚ ਜਾਂਦੇ ਹਨ ਤਾਂ ਕਿ ਲੋੜ ਪੈਣ ’ਤੇ ਉੱਥੇ ਡਾਕਟਰਾਂ ਦੀ ਟੀਮ ਉਹਨਾਂ ਦੇ ਚੈੱਕਅਪ ਲਈ ਭੇਜੀ ਜਾਵੇਗੀ