ਖਾਲਿਸਤਾਨ ਨਾ ਤਾਂ ਪਹਿਲਾਂ ਬਣਿਆ ਤੇ ਨਾ ਹੀ ਅੱਗੇ ਕਦੇ ਬਣੇਗਾ : ਅਮਨ ਅਰੋੜਾ

ਏਜੰਸੀ

ਖ਼ਬਰਾਂ, ਪੰਜਾਬ

''ਸੁਪਨੇ ਲੈਣ ਦਿਉ ਅਤੇ ਕੁਝ ਲੋਕਾਂ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ''

Aman Arora

ਚੰਡੀਗੜ੍ਹ- ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਖਾਲਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਖਾਲਿਸਤਾਨ ਦੀ ਗੱਲ ਪਿਛਲੇ 40 ਸਾਲ ਤੋਂ ਚੱਲ ਰਹੀ ਹੈ ਪਰ ਨਾ ਤਾਂ ਖਾਲਿਸਤਾਨ ਪਹਿਲਾਂ ਬਣਿਆ ਅਤੇ ਨਾ ਹੀ ਅੱਗੇ ਬਣੇਗਾ। ਉਨ੍ਹਾਂ ਕਿਹਾ ਕਿ ਕੁੱਝ ਲੋਕ ਖਾਲਿਸਤਾਨ ਬਣਾਉਣ ਦੇ ਦਿਨੇ ਹੀ ਸੁਪਨੇ ਲੈ ਰਹੇ ਹਨ ਪਰ ਸਾਡੀ ਸਰਕਾਰ ਅਜਿਹਾ ਕੁੱਝ ਨਹੀਂ ਹੋਣ ਦੇਵੇਗੀ। ਉਨ੍ਹਾਂ ਨੂੰ ਸੁਪਨੇ ਲੈਣ ਦਿਉ ਅਤੇ ਕੁਝ ਲੋਕਾਂ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ।  

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅਜਨਾਲਾ ਘਟਨਾ ਦੀ ਮੁੱਖ ਮੰਤਰੀ ਖ਼ੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਿਲਾਫ਼ ਛੇਤੀ ਹੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਪਾਲ ਦੀ ਜਾਨ ਨੂੰ ਖਤਰੇ ਦੇ ਸਵਾਲ 'ਤੇ ਅਮਨ ਅਰੋੜਾ ਨੇ ਕਿਹਾ ਕਿ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ। ਇਸ ਬਾਰੇ ਕੋਈ ਏਜੰਸੀ ਜਾਂ ਮੁੱਖ ਮੰਤਰੀ ਮਾਨ ਹੀ ਦੱਸ ਸਕਦੇ ਹਨ।

ਗੈਂਗਸਟਰਾਂ ਬਾਰੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਅਸੀਂ ਇਸ ਨੂੰ ਠੀਕ ਕਰਨ ਵਚ ਲੱਗੇ ਹੋਏ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਲੋਕਾਂ ਵੱਲੋਂ ਚੁਣੀ ਸਰਕਾਰ ਦੇ ਕੰਟਰੋਲ ਵਿਚ ਹੈ ਅਤੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਇਜ਼ਾਜਤ ਨਹੀਂ ਹੈ। ਅਮਨ ਅਰੋੜਾ ਨੇ ਕਿਹਾ ਮੈਂ ਵਿਰੋਧੀ ਪਾਰਟੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਣਬੁੱਝ ਕੇ ਲੋਕਾਂ ਨੂੰ ਡਰਾਉਣ ਵਾਲੇ ਬਿਆਨ ਨਾ ਦੇਣ। ਪੰਜਾਬ ਵਿਚ ਸਭ ਕੁਝ ਠੀਕ ਚਲ ਰਿਹਾ ਹੈ।