Punjab News: ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼; ਪਰਵਾਰ ਦਾ ਇਕਲੌਤਾ ਪੁੱਤ ਸੀ ਮ੍ਰਿਤਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਪਛਾਣ 25 ਸਾਲਾ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਉਹ ਪਰਵਾਰ ਦਾ ਇਕਲੌਤਾ ਪੁੱਤਰ ਸੀ।

Youth found dead under car in Khanna

Punjab News: ਖੰਨਾ ਦੇ ਥਾਣਾ ਮਾਛੀਵਾੜਾ ਸਾਹਿਬ ਦੇ ਸਮਰਾਲਾ ਰੋਡ ਇਲਾਕੇ 'ਚ ਸੁੰਨਸਾਨ ਜਗ੍ਹਾ 'ਤੇ ਕਾਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮੌਤ ਸ਼ੱਕੀ ਹਾਲਾਤਾਂ 'ਚ ਹੋਣ ਕਾਰਨ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੀ ਪਛਾਣ 25 ਸਾਲਾ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਉਹ ਪਰਵਾਰ ਦਾ ਇਕਲੌਤਾ ਪੁੱਤਰ ਸੀ।

ਮਿਲੀ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਦੁਪਹਿਰ 12 ਵਜੇ ਫੋਰਡ ਫਿਗੋ ਕਾਰ ਵਿਚ ਘਰੋਂ ਨਿਕਲਿਆ ਸੀ। ਪਰਵਾਰਕ ਮੈਂਬਰ ਯਾਦਵਿੰਦਰ ਨੂੰ ਵਾਰ-ਵਾਰ ਫੋਨ ਕਰ ਰਹੇ ਸਨ ਪਰ ਫੋਨਾਂ ਦਾ ਕੋਈ ਜਵਾਬ ਨਹੀਂ ਆਇਆ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਸਮਰਾਲਾ ਰੋਡ ’ਤੇ ਇਕ ਨੌਜਵਾਨ ਕਾਰ ਵਿਚ ਸ਼ੱਕੀ ਹਾਲਤ ਵਿਚ ਪਿਆ ਹੋਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਸਐਚਓ ਭਿੰਦਰ ਸਿੰਘ ਅਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਉਥੇ ਦੇਖਿਆ ਗਿਆ ਕਿ ਨੌਜਵਾਨ ਡਰਾਈਵਰ ਸੀਟ 'ਤੇ ਬੇਹੋਸ਼ ਪਿਆ ਸੀ। ਕਾਰ 'ਚੋਂ ਮਿਲੇ ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਹੋਈ ਅਤੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਫੋਨ ਕਰ ਕੇ ਸੂਚਿਤ ਕੀਤਾ ਗਿਆ। ਜਦੋਂ ਉਸ ਨੂੰ ਹਸਪਤਾਲ ਲਿਜਾ ਕੇ ਚੈੱਕ ਕੀਤਾ ਗਿਆ ਤਾਂ ਡਾਕਟਰ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿਤਾ।

ਖੰਨਾ ਪੁਲਿਸ ਜ਼ਿਲ੍ਹੇ ਦੇ ਐਸਪੀ (ਆਈ) ਸੌਰਵ ਜਿੰਦਲ ਨੇ ਦਸਿਆ ਕਿ ਮੌਤ ਸ਼ੱਕੀ ਹਾਲਾਤਾਂ ਵਿਚ ਹੋਈ ਹੈ। ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ। ਪਰਵਾਰ ਮੁਤਾਬਕ ਯਾਦਵਿੰਦਰ ਦਿਲ ਦਾ ਮਰੀਜ਼ ਸੀ। ਪੁਲਿਸ ਨੇ ਪਰਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰੀਪੋਰਟ ਵਿਚ ਆਵੇਗਾ।

 (For more Punjabi news apart from Youth found dead under car in Khanna, stay tuned to Rozana Spokesman)