PAU scientist Dr. Salwinder Singh ਨੇ ਵਿਸ਼ਵ ਪੱਧਰ ’ਤੇ ਦੂਜਾ ਤੇ ਰਾਸ਼ਟਰੀ ਪੱਧਰ ’ਤੇ ਪਹਿਲਾ ਰੈਂਕ ਹਾਸਲ ਕੀਤਾ
PAU scientist Dr. Salwinder Singh: ਸਕਾਲਰ ਜੀਪੀਐਸ ਗਲੋਬਲ ਰੈਕਿੰਗ ’ਚ ਪੌਦਿਆਂ ਦੇ ਪੋਸ਼ਣ ਖੋਜ ਲਈ ਮਿਲਿਆ ਸਨਮਾਨ
PAU scientist Dr. Salwinder Singh: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਸਾਬਕਾ ਭੂਮੀ ਵਿਗਿਆਨੀ, ਸੂਖਮ ਤੱਤਾਂ ਬਾਰੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਪ੍ਰਾਜੈਕਟ ਦੇ ਇੰਚਾਰਜ ਅਤੇ ਕੌਮਾਂਤਰੀ ਜ਼ਿੰਕ ਐਸੋਸੀਏਸ਼ਨ ਦੇ ਆਨਰੇਰੀ ਮੈਂਬਰ ਡਾ. ਸਲਵਿੰਦਰ ਸਿੰਘ ਧਾਲੀਵਾਲ ਨੂੰ ਬੀਤੇ ਦਿਨੀਂ ਭੂਮੀ ਵਿਗਿਆਨ ਅਤੇ ਪੌਦਾ ਪੋਸ਼ਣ ਵਰਗ ਵਿਚ ਕੌਮਾਂਤਰੀ ਪੱਧਰ ਤੇ ਦੂਸਰੀ ਅਤੇ ਦੇਸ਼ ਪੱਧਰ ਤੇ ਪਹਿਲੀ ਰੈਂਕਿੰਗ ਹਾਸਲ ਹੋਈ ਹੈ। ਸਕਾਲਰ ਜੀਪੀਐਸ ਗਲੋਬਲ ਰੈਂਕਿੰਗ 2025 ਅਨੁਸਾਰ, ਪੌਦਿਆਂ ਦੇ ਪੋਸ਼ਣ ਖੋਜ ’ਚ ਦੂਜਾ ਸਥਾਨ ਹਾਸਲ ਕਰ ਕੇ ਵਿਸ਼ਵ ਪੱਧਰ ’ਤੇ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ ਅਤੇ ਵਿਸ਼ਵ ਪੱਧਰ ’ਤੇ ਪੰਜਾਬ ਦਾ ਮਾਣ ਵਧਾਇਆ ਹੈ। ਇਸ ਰੈਂਕਿੰਗ ਵਿਚ ਵੱਖ-ਵੱਖ ਖੇਤਰਾਂ ਦੇ ਸੰਸਾਰ ਪ੍ਰਸਿੱਧ ਮਾਹਰਾਂ ਨੂੰ ਦਰਜਾਬੰਦ ਕੀਤਾ ਗਿਆ।
ਵਿਸ਼ੇਸ਼ ਤੌਰ ’ਤੇ ਖੇਤੀ ਅਤੇ ਕੁਦਰਤੀ ਸਰੋਤ, ਭੂਮੀ ਵਿਗਿਆਨ ਅਤੇ ਪੌਦਾ ਪੋਸ਼ਣ ਖੇਤਰਾਂ ਵਿਚ ਕੀਤੀਆਂ ਗਈਆਂ ਪ੍ਰਕਾਸ਼ਨਾਵਾਂ, ਖੋਜ ਕਾਰਜ ਅਤੇ ਮਿਆਰੀ ਵਿਗਿਆਨ ਦੇਣ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਸ ਰੈਂਕਿੰਗ ਦੇ ਯੋਗ ਸਮਝਿਆ ਗਿਆ। ਰਾਸ਼ਟਰੀ ਪੱਧਰ ਦੀ ਇਹ ਰੈਂਕਿੰਗ 2019-2024 ਦੇ ਅਰਸੇ ਦੌਰਾਨ ਸੂਖਮ ਤੱਤਾਂ ਅਤੇ ਦੁਜ਼ੈਲੇ ਪੋਸ਼ਕ ਤੱਤਾਂ ਦੇ ਰੂਪ ਵਿਚ ਖੇਤ ਫਸਲਾਂ ਲਈ ਕੀਤੀ ਖੋਜ ਦੇ ਅਧਾਰ ਤੇ ਪ੍ਰਦਾਨ ਕੀਤੀ ਗਈ। ਡਾ. ਧਾਲੀਵਾਲ ਨੇ 290 ਖੋਜ ਪ੍ਰਕਾਸ਼ਨਾਵਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵੱਕਾਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਕਰਵਾਈਆਂ ਜਿਸ ਨਾਲ ਉਨ੍ਹਾਂ ਦਾ ਖੋਜ ਪ੍ਰਭਾਵ ਬੇਹੱਦ ਪ੍ਰਭਾਵਸ਼ਾਲੀ ਅੰਕਿਆ ਗਿਆ।
ਡਾ. ਧਾਲੀਵਾਲ ਨੂੰ ਸਟੈਨਫੋਰਡ-ਏਲਸੇਵੀਅਰ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ (2024) ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਵਿੱਚ 89,766 ਦੀ ਗਲੋਬਲ ਰੈਂਕਿੰਗ ਹਾਸਲ ਕੀਤੀ। ਸੂਖਮ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ, ਮਿੱਟੀ ਦੀ ਸਿਹਤ ਅਤੇ ਟਿਕਾਊ ਖੇਤੀਬਾੜੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵਿਆਪਕ ਤੌਰ ’ਤੇ ਸਵੀਕਾਰ ਕੀਤਾ ਗਿਆ ਹੈ, ਜਿਸ ਨਾਲ ਪੀਏਯੂ ਦੇ ਵਿਸ਼ਵ ਖੋਜ ਪ੍ਰਭਾਵ ਨੂੰ ਮਜ਼ਬੂਤੀ ਮਿਲੀ ਹੈ।
2018 ਵਿੱਚ ਅੰਤਰਰਾਸ਼ਟਰੀ ਜ਼ਿੰਕ ਐਵਾਰਡ ਹਾਸਲ ਕਰਨ ਵਾਲੇ ਡਾ. ਧਾਲੀਵਾਲ ਨੇ ਇਸ ਤੋਂ ਪਹਿਲਾਂ 2009 ਵਿੱਚ ਫਲੋਰੀਡਾ ਯੂਨੀਵਰਸਿਟੀ (ਯੂਐਸਏ) ਵਿੱਚ ਵਿਜ਼ਿਟਿੰਗ ਸਾਇੰਟਿਸਟ ਵਜੋਂ ਕੰਮ ਕੀਤਾ ਹੈ ਅਤੇ 2019 ਵਿੱਚ ਪੀਏਯੂ ਦੇ ਓਵਰਆਲ ਆਊਟਸਟੈਂਡਿੰਗ ਸਾਇੰਟਿਸਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ ਦੀਆਂ ਭੂਮਿਕਾਵਾਂ ਵਿੱਚ ਇੰਡੀਅਨ ਸੋਸਾਇਟੀ ਆਫ਼ ਸੋਇਲ ਸਾਇੰਸ (2019-2022) ਲਈ ਰਾਸ਼ਟਰੀ ਕੌਂਸਲਰ ਅਤੇ ਅੰਤਰਰਾਸ਼ਟਰੀ ਜ਼ਿੰਕ ਐਸੋਸੀਏਸ਼ਨ ਦੇ ਆਨਰੇਰੀ ਮੈਂਬਰ ਵਜੋਂ ਸੇਵਾ ਕਰਨਾ ਸ਼ਾਮਲ ਹੈ। ਮਿੱਟੀ ਦੀ ਸਿਹਤ, ਪੌਦਿਆਂ ਦੇ ਪੋਸ਼ਣ ਅਤੇ ਟਿਕਾਊ ਖੇਤੀ ਅਭਿਆਸਾਂ ਪ੍ਰਤੀ ਡਾ. ਧਾਲੀਵਾਲ ਦੀ ਵਚਨਬੱਧਤਾ ਖੇਤੀ ਵਿਗਿਆਨੀਆਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਧਾਲੀਵਾਲ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|
(For more news apart from PAU scientist Dr. Salwinder Singh Latest News, stay tuned to Rozana Spokesman)