ਗ਼ੈਰਕਾਨੂਨੀ ਤਰੀਕੇ ਨਾਲ ਇਰਾਕ ਭੇਜਣ ਵਾਲਾ ਇਕ ਏਜੰਟ ਕਾਬੂ
ਗ਼ੈਰਕਾਨੂੰਨੀ ਤਰੀਕੇ ਨਾਲ ਨੌਜਵਾਨਾ ਨੂੰ ਇਰਾਕ ਭੇਜਣ ਵਾਲੇ ਟ੍ਰੈਵਲ ਏਜੰਟਾਂ ਨੂੰ ਪੁਲਿਸ ਗ੍ਰਿਫ਼ਤਾਰ ਕਰੇਗੀ ਤਾਂ ਜੋ ਭਵਿੱਖ 'ਚ ਇਨ੍ਹਾਂ ਦੇ ਹੱਥੇ ਚੜ੍ਹ ਕੇ...
ਜਲੰਧਰ : ਗ਼ੈਰਕਾਨੂੰਨੀ ਤਰੀਕੇ ਨਾਲ ਨੌਜਵਾਨਾ ਨੂੰ ਇਰਾਕ ਭੇਜਣ ਵਾਲੇ ਟ੍ਰੈਵਲ ਏਜੰਟਾਂ ਨੂੰ ਪੁਲਿਸ ਗ੍ਰਿਫ਼ਤਾਰ ਕਰੇਗੀ ਤਾਂ ਜੋ ਭਵਿੱਖ 'ਚ ਇਨ੍ਹਾਂ ਦੇ ਹੱਥੇ ਚੜ੍ਹ ਕੇ ਕੋਈ ਵੀ ਨਾਜਾਇਜ਼ ਤਰੀਕੇ ਨਾਲ ਵਿਦੇਸ਼ੀ ਧਰਤੀ 'ਤੇ ਨਾ ਜਾਵੇ। ਪੁਲਿਸ ਨੇ ਸ਼ਿਕੰਜਾ ਕਸਦਿਆਂ ਜਲੰਧਰ ਦੇ ਨਾਮਦੇਵ ਚੌਕ ਕੋਲ ਮੰਗਲਵਾਰ ਨੂੰ ਇਕ ਟ੍ਰੈਵਲ ਏਜੰਟ ਨੂੰ ਚੁਕਿਆ। ਇਸ ਟ੍ਰੈਵਲ ਏਜੰਟ ਨੇ ਚੂਹੜਵਾਲੀ ਦੇ ਸੁਰਜੀਤ ਨੂੰ ਨਾਜਾਇਜ਼ ਤੌਰ 'ਤੇ ਇਰਾਕ ਭੇਜਿਆ ਸੀ। ਸੁਰਜੀਤ ਦੀ ਪਤਨੀ ਊਸ਼ਾ ਦੇਵੀ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਇਸ ਟ੍ਰੈਵਲ ਏਜੰਟ ਨੇ ਮੋਟੀ ਰਕਮ ਲੈ ਕੇ ਉਸ ਦੇ ਪਤੀ ਸੁਰਜੀਤ ਨੂੰ ਪਹਿਲਾਂ ਇਕ ਮਹੀਨੇ ਲਈ ਦੁਬਈ ਦੇ ਟੂਰਿਸਟ ਵੀਜ਼ੇ 'ਤੇ ਭੇਜਿਆ ਸੀ।
ਉਥੋਂ ਪਰਤਣ ਤੋਂ ਬਾਅਦ 2013 'ਚ ਫਿਰ ਮੋਟੀ ਰਕਮ ਲੈ ਕੇ ਚੰਗੀ ਨੌਕਰੀ ਦਾ ਲਾਲਚ ਦੇ ਕੇ ਇਰਾਕ ਭੇਜ ਦਿਤਾ। ਇਸ ਲਈ ਇਸ ਏਜੰਟ ਨੇ 2.65 ਲੱਖ ਰੁਪਏ ਲਏ ਸਨ। ਉਥੇ ਹੀ ਦੂਜੇ ਪਾਸੇ ਸ਼ਿਕਾਇਤ ਮਿਲਦਿਆਂ ਹੀ ਪੁਲਿਸ ਹਰਕਤ 'ਚ ਆ ਗਈ ਅਤੇ ਨਾਮਦੇਵ ਚੌਕ ਕੋਲ ਇਕ ਬੈਂਕ 'ਚ ਕੰਮ ਕਰਦੇ ਏਜੰਟ ਰਾਜੀਵ ਕੁਮਾਰ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਡੀ.ਐਸ.ਪੀ. ਆਦਮਪੁਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਏਜੰਟ ਨੂੰ ਤਿੰਨ ਸਾਲ ਪਹਿਲਾਂ ਵੀ ਜਾਂਚ ਲਈ ਬੁਲਾਇਆ ਗਿਆ ਸੀ ਅਤੇ ਇਸ ਨੇ ਪੈਸੇ ਮੋੜਨ ਦੀ ਹਾਮੀ ਭਰੀ ਸੀ ਪਰ ਬਾਅਦ 'ਚ ਮੁੱਕਰ ਗਿਆ ਸੀ।
ਹੁਣ ਜਿਨ੍ਹਾਂ ਲੋਕਾਂ ਦੇ ਸਾਹਮਣੇ ਇਸ ਨੇ ਪੈਸੇ ਲਏ ਸਨ, ਉਨ੍ਹਾਂ ਦੀ ਗਵਾਹੀ ਰਿਕਾਰਡ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਏਜੰਟ ਰਾਜੀਵ ਵਿਰੁਧ ਕੇਸ ਦਰਜ ਕੀਤਾ ਜਾਵੇਗਾ। ਸੁਰਜੀਤ ਦੇ ਪਰਿਵਾਰ ਵਾਲਿਆਂ ਵਲੋਂ ਸ਼ਿਕਾਇਤ ਆਉਣ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਹੋ ਗਈ ਹੈ। ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਹੁਕਮ ਦਿਤੇ ਹਨ ਕਿ ਜਿਨ੍ਹਾਂ-ਜਿਨ੍ਹਾਂ ਏਜੰਟਾਂ ਜ਼ਰੀਏ ਇਰਾਕ 'ਚ ਨਾਜਾਇਜ਼ ਤੌਰ 'ਤੇ ਨੌਜਵਾਨਾਂ ਨੂੰ ਭੇਜਿਆ ਗਿਆ ਹੈ, ਉਨ੍ਹਾਂ ਵਿਰੁਧ ਕੇਸ ਦਰਜ ਕੀਤਾ ਜਾਵੇ।