ਚੰਡੀਗੜ੍ਹ ਪੁਲਿਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰਾਤ ਸਮੇਂ ਤੇਜ਼ ਰਫ਼ਤਾਰ ਵਾਹਨਾਂ 'ਤੇ ਕਸੇਗੀ ਸ਼ਿਕੰਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਿਨੀ ਯੂ.ਟੀ. ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਵਲੋਂ ਪੁਲਿਸ ਅਧਿਕਾਰੀਆਂ ਨਾਲ ਸ਼ਹਿਰ 'ਚ ਨਸ਼ੀਲੇ ਪਦਾਰਥਾਂ ਦੀ ਵਿਕਰੀ, ਨਾਜਾਇਜ਼ ਸ਼ਰਾਬ ਅਤੇ ਲੁੱਟਾਂ-ਖੋਹਾਂ 'ਤੇ ਚਿੰਤਾ

Chandigarh

ਚੰਡੀਗੜ੍ਹ, 22 ਜੁਲਾਈ (ਸਰਬਜੀਤ ਢਿੱਲੋਂ) : ਪਿਛਲੇ ਦਿਨੀ ਯੂ.ਟੀ. ਪ੍ਰਸ਼ਾਸਨ ਵੀ.ਪੀ. ਸਿੰਘ ਬਦਨੌਰ ਵਲੋਂ ਪੁਲਿਸ ਅਧਿਕਾਰੀਆਂ ਨਾਲ ਸ਼ਹਿਰ 'ਚ ਨਸ਼ੀਲੇ ਪਦਾਰਥਾਂ ਦੀ ਵਿਕਰੀ, ਨਾਜਾਇਜ਼ ਸ਼ਰਾਬ ਅਤੇ ਲੁੱਟਾਂ-ਖੋਹਾਂ 'ਤੇ ਚਿੰਤਾ ਪ੍ਰਗਟ ਕੀਤੀ ਗਈ। ਚੰਡੀਗੜ੍ਹ ਪੁਲਿਸ ਦੇ ਆਈ.ਜੀ., ਸੀਨੀਅਰ ਅਧਿਕਾਰੀਆਂ ਤੇ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਨੇ ਨਫ਼ਰੀ ਵਧਾਉਣ 'ਤੇ ਜ਼ੋਰ ਦਿੱਤਾ। ਚੰਡੀਗੜ੍ਹ ਪੁਲਿਸ ਦੇ ਸੂਤਰਾਂ ਅਨੁਸਾਰ ਇਸ ਲਈ ਪ੍ਰਸ਼ਾਸਨ ਦੀਆਂ ਸਖ਼ਤ ਹਦਾਇਤਾਂ, ਘਾਟ ਅਤੇ ਸ਼ਹਿਰ 'ਚ ਨਸ਼ੀਲੇ ਪਦਾਰਥਾਂ ਦੀ ਵੱਧ ਰਹੀ ਤਸਕਰੀ ਤੇ ਜੁਰਮ ਪੇਸ਼ਾ ਲੋਕਾਂ ਨੂੰ ਫੜਨ ਲਈ ਸੰਵੇਦਨਸ਼ੀਲ ਥਾਂਵਾਂ 'ਤੇ ਲਗਭਗ 600 ਨਵੇਂ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ।
ਸਿਟੀ ਪੁਲਿਸ ਵਲੋਂ ਐਕਸਾਈਜ਼ ਐਕਟ ਤੇ ਐਨ.ਡੀ.ਪੀ.ਐਸ. ਅਧੀਨ ਕਾਰਵਾਈ ਲਈ ਉਨ੍ਹਾਂ ਥਾਂਵਾਂ ਅਤੇ ਲਾਈਟ ਪੁਆਇੰਟਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਥੇ ਰਾਤ ਵੇਲੇ ਕਲੱਬਾਂ, ਹੋਟਲਾਂ ਅਤੇ ਠੇਕਿਆਂ 'ਤੇ ਸ਼ਰਾਬ ਪੀ ਕੇ ਸ਼ਰਾਬੀ ਅਨਸਰ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਅਤੇ ਰਾਹਗੀਰਾਂ ਨੂੰ ਮੌਤ ਦੇ ਮੂੰਹ ਵਿਚ ਸੁੱਟ ਕੇ ਭੱਜ ਜਾਂਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਲੋਂ ਛੋਟੇ ਕੈਮਰੇ ਉਤਾਰ ਕੇ ਅਜਿਹੇ ਕੈਮਰੇ ਲਾਏ ਜਾਣਗੇ ਜਿਨ੍ਹਾਂ ਵਿਚ ਰਾਤ ਵੇਲੇ ਵੀ ਵਾਹਨਾਂ ਦੇ ਨੰਬਰ ਨੋਟ ਹੋ ਸਕਣਗੇ।
ਪ੍ਰਸ਼ਾਸਨਿਕ ਸੂਤਰਾਂ ਅਨੁਸਾਰ 15 ਅਗੱਸਤ 2017 ਆਜ਼ਾਦੀ ਦਿਹਾੜੇ ਤਕ ਸ਼ਹਿਰ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾਵੇਗ ਅਤੇ ਵਾਪਰ ਰਹੀਆਂ ਦੁਰਘਟਨਾਵਾਂ ਨੂੰ ਕੰਟਰੋਲ ਵਿਚ ਲਿਆਂਦਾ ਜਾਵੇਗਾ।
ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਆਸ-ਪਾਸ ਵਾਲੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ ਵਿਦਿਅਕ ਸੰਸਥਾਵਾਂ 'ਚ ਘਰੋਂ ਪੜ੍ਹਨ ਆਉਣ ਵਾਲੇ ਵਿਦਿਆਰਥੀ ਜ਼ਿਆਦਾਤਰ ਲਗਾਤਾਰ ਸੜਕ ਦੁਰਘਟਨਾਵਾਂ ਦਾ ਰਾਤ ਵੇਲੇ ਨਸ਼ੇ ਦੀ ਹਾਲਤ 'ਚ ਸ਼ਿਕਾਰ ਹੁੰਦੇ ਹਨ।
ਚੰਡੀਗੜ੍ਹ ਪੁਲਿਸ ਵਲੋਂ ਰਾਤ ਵੇਲੇ ਵੱਡੀ ਗਿਣਤੀ ਵਿਚ  ਨਾਕੇ ਲਾਏ ਜਾਂਦੇ ਹਨ ਅਤੇ ਸ਼ਰਾਰਤੀ ਅਨੁਸਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਪਰੰਤੂ ਪਿਛਲੇ ਇਕ ਸਾਲ ਤੋਂ ਚੰਡੀਗੜ੍ਹ ਪੁਲਿਸ ਦੇ ਲਾਅ ਅਤੇ ਕਾਨੂੰਨ ਦੀ ਸਥਿਤੀ 'ਤੇ ਪੂਰੀ ਤਰ੍ਹਾਂ ਕਾਬੂ ਨਾ ਪਾ ਸਕਣਾ ਸ਼ਹਿਰ ਵਾਸੀਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ।
ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੇ ਸੂਤਰਾਂ ਅਨੁਸਾਰ ਪੁਲਿਸ ਵਲੋਂ ਅਜਿਹੇ ਲਾਈਟ ਪੁਆਇੰਟ ਜਿਥੇ ਵਧੇਰੇ ਐਕਸੀਡੈਂਟ ਹੁੰਦੇ ਹਨ, ਜਿਨ੍ਹਾਂ ਵਿਚ 47-48 ਲਾਈਟ ਪੁਆਇੰਟ, ਹੱਲੋਮਾਜਰਾ ਚੌਕ, ਟ੍ਰਿਬਿਊਨ ਚੌਕ, ਸੈਕਟਰ 26 ਦੀ ਲਾਈਟ, ਸੈਕਟਰ 34 ਦੀ ਲਾਈਟ, ਮੱਧ ਮਾਰਗ, ਪੀ.ਜੀ.ਆਈ. ਰੋਡ 'ਤੇ ਵਿਸ਼ੇਸ਼ ਨਜ਼ਰ ਰੱਖ ਕੇ ਨਵੇਂ ਕੈਮਰੇ ਲਾਉਣ ਦੀ ਯੋਜਨਾ ਹੈ।