ਗੈਂਗਸਟਰ ਬਹਾਦਰ ਖ਼ਾਨ ਅਸਲੇ ਸਮੇਤ ਗ੍ਰਿਫ਼ਤਾਰ
ਇਸ ਕੋਲੋਂ ਇਕ ਪਿਸਟਲ 315 ਬੋਰ ਅਤੇ 3 ਰੌਂਦ 315 ਬੋਰ ਬਰਾਮਦ ਹੋਏ।
ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਮੋਹਾਲੀ ਦੀ ਨਿਗਰਾਨੀ ਹੇਠ 2 ਅਪ੍ਰੈਲ ਨੂੰ ਏ.ਐਸ.ਆਈ. ਮੇਵਾ ਸਿੰਘ ਸੀ.ਆਈ.ਏ ਸਟਾਫ਼ ਸਮੇਤ ਪੁਲਿਸ ਦੇ ਨਿੱਝਰ ਚੌਕ ਖਰੜ ਵਿਖੇ ਨਾਕਾਬੰਦੀ ਕਰ ਕੇ ਚੈਕਿੰਗ ਕਰ ਰਹੇ ਸੀ ਤਾਂ ਮੋਹਾਲੀ ਵਲੋਂ ਇਕ ਮੋਨਾ ਨੌਜਵਾਨ ਲੜਕਾ ਪੈਦਲ ਆ ਰਿਹਾ ਸੀ ਜੋ ਅੱਗੇ ਪੁਲਿਸ ਪਾਰਟੀ ਨੂੰ ਵੇਖ ਕੇ ਪਿੱਛੇ ਮੁੜਨ ਲੱਗਾ। ਇਸ ਨੂੰ ਕਾਬੂ ਕਰ ਕੇ ਨਾਮ, ਪਤਾ ਪੁਛਿਆ ਜਿਸ ਨੇ ਅਪਣਾ ਨਾਮ ਬਹਾਦਰ ਖ਼ਾਨ ਪੁੱਤਰ ਜੈਮਲ ਮੁਹਮੰਦ ਵਾਸੀ ਪਿੰਡ ਭਗੜਾਣਾ ਥਾਣਾ ਬਡਾਲੀ ਆਲਾ ਸਿੰਘ ਜ਼ਿਲ੍ਹਾ ਫ਼ਤਿਹਗੜ ਸਾਹਿਬ ਦਸਿਆ। ਇਸ ਕੋਲੋਂ ਇਕ ਪਿਸਟਲ 315 ਬੋਰ ਅਤੇ 3 ਰੌਂਦ 315 ਬੋਰ ਬਰਾਮਦ ਹੋਏ। ਦੋਸ਼ੀ ਬਹਾਦਰ ਖ਼ਾਨ ਜੋ ਸੁੱਖਾ ਕਾਹਲਵਾਂ ਗੈਂਗਸਟਰ ਗਰੁਪ ਦਾ ਸਰਗਰਮ ਮੈਂਬਰ ਹੈ, ਜਿਸ ਨੇ 15-9-17 ਨੂੰ ਅਪਣੇ ਸਾਥੀਆ ਗੁਰਵਿੰਦਰ ਸਿੰਘ ਉਰਫ਼ ਗਿੰਦਾ ਅਤੇ ਪਰਭਦੀਪ ਸਿੰਘ ਨਾਲ ਰਲ ਕੇ ਦਾਣਾ ਮੰਡੀ ਖਰੜ ਸ਼ਰਾਬ ਦੇ ਠੇਕੇ ਤੋਂ ਪਿਸਤੋਲ ਦੀ ਨੋਕ 'ਤੇ 77,000 ਰੁਪਏ ਦੀ ਲੁੱਟ ਕੀਤੀ ਸੀ।ਪ੍ਰਭਦੀਪ ਸਿੰਘ ਜਿਸ ਦੀ ਬਠਿੰਡਾ ਵਿਖੇ ਪੁਲਿਸ ਇਨਕਾਊਂਟਰ ਵਿਚ ਮੌਤ ਹੋ ਚੁੱਕੀ ਹੈ।
ਪੁੱੱਛਗਿਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਹਾਦਰ ਖ਼ਾਨ ਨੇ ਅਪਣੇ ਸਾਥੀ ਅਮਨਦੀਪ ਸਿੰਘ ਨਾਲ ਰਲ ਕੇ 5 ਮਾਰਚ 12 ਨੂੰ ਫਿਲੋਰ ਲਾਗੇ ਰਾਤ ਸਮੇਂ ਇਕ ਟਰੱਕ ਡਰਾਈਵਰ ਦਾ ਕਤਲ ਕਰ ਕੇ ਉਸ ਦੀ ਲਾਸ਼ ਖ਼ੁਰਦ ਬੁਰਦ ਕਰ ਦਿਤੀ ਸੀ ਅਤੇ ਟਰੱਕ ਨੂੰ ਭਜਾ ਕੇ ਲੈ ਗਏ ਸਨ। ਇਸ ਕੇਸ ਵਿਚ ਬਹਾਦਰ ਖ਼ਾਨ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਜੋ ਕੇਂਦਰੀ ਜੇਲ ਪਟਿਆਲਾ ਤੇ ਨਾਭਾ ਜੇਲ ਬੰਦ ਰਿਹਾ ਹੈ ਜਿਥੇ ਇਸ ਦਾ ਸਬੰਧ ਸੁੱਖਾ ਕਾਹਲਵਾ ਨਾਲ ਹੋ ਗਿਆ। ਸੁੱਖਾ ਕਾਹਲਵਾ ਦੀ ਮੌਤ ਤੋਂ ਬਾਅਦ ਇਸ ਸਬੰਧੀ ਜੱਗੂ ਭਗਵਾਨਪੁਰੀਆ ਗੈਂਗਸਟਰ ਗਰੁਪ ਨਾਲ ਬਣ ਗਏ। 19 ਜੂਨ 17 ਨੂੰ ਬਹਾਦਰ ਖ਼ਾਨ ਕੇਂਦਰੀ ਜੇਲ ਪਟਿਆਲਾ ਤੋਂ ਛੁੱਟੀ ਲੈ ਕੇ ਆਇਆ ਸੀ। ਮੁੜ ਕੇ ਜੇਲ ਵਿਚ ਵਾਪਸ ਨਹੀਂ ਗਿਆ ਅਤੇ ਜੱਗੂ ਭਗਵਾਨਪੁਰੀਆ ਗੈਂਗਸਟਰ ਗਰੁਪ ਦੇ ਮੈਂਬਰਾਂ ਦੇ ਸੰਪਰਕ ਵਿਚ ਰਹਿ ਰਿਹਾ ਸੀ।ਇਸ ਇਲਾਵਾ ਉਕਤ ਦੋਸ਼ੀ ਹੋਰ ਵੀ ਕਈ ਗੈਂਗਸਟਰਾਂ ਦੇ ਸੰਪਰਕ ਵਿਚ ਸੀ ਜੋ ਕਿਸੇ ਵੱਡੀ ਵਾਰਦਾਤ ਨੂੰ ਇੰਜਾਮ ਦੇਣ ਦੀ ਫਿਰਾਕ ਵਿਚ ਸੀ। ਦੋਸ਼ੀ ਬਹਾਦਰ ਖ਼ਾਨ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨਾਂ ਦਾ ਪੁਲਿਸ ਰੀਮਾਂਡ ਹਾਸਲ ਕੀਤਾ ਹੈ। ਮੁਲਜ਼ਮ ਕੋਲੋਂ ਪੁੱਛਗਿਛ ਜਾਰੀ ਹੈ।