ਸੀ.ਟੀ.ਯੂ. ਡਰਾਈਵਰ-ਕੰਡਕਟਰ ਨਹੀਂ ਮਾਰ ਸਕਣਗੇ ਮਰਜ਼ੀ ਨਾਲ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਕਨੀਕ ਦੇ ਮਾਮਲੇ 'ਚ ਹੁਣ ਸੀ.ਟੀ.ਯੂ. ਪ੍ਰਸ਼ਾਸਨ ਵੀ ਪਿਛੇ ਨਹੀਂ ਹੈ। ਭਾਵ ਸੀਟੀਯੂ ਬੱਸਾਂ ਦੇ ਕੰਡਕਟਰ ਤੇ ਡਰਾਈਵਰ ਹੁਣ ਅਪਣੀ ਮਰਜ਼ੀ ਨਾਲ ਛੁੱਟੀ ਨਹੀਂ ਮਾਰ ਸਕਣਗੇ ਕਿਉਂਕਿ

CTU

ਚੰਡੀਗੜ੍ਹ, 22 ਜੁਲਾਈ (ਅੰਕੁਰ) : ਤਕਨੀਕ ਦੇ ਮਾਮਲੇ 'ਚ ਹੁਣ ਸੀ.ਟੀ.ਯੂ.  ਪ੍ਰਸ਼ਾਸਨ ਵੀ ਪਿਛੇ ਨਹੀਂ ਹੈ। ਭਾਵ ਸੀਟੀਯੂ ਬੱਸਾਂ ਦੇ ਕੰਡਕਟਰ ਤੇ ਡਰਾਈਵਰ ਹੁਣ ਅਪਣੀ ਮਰਜ਼ੀ ਨਾਲ ਛੁੱਟੀ ਨਹੀਂ ਮਾਰ ਸਕਣਗੇ ਕਿਉਂਕਿ ਪ੍ਰਸ਼ਾਸਨ ਨੇ ਨਵਾਂ ਐਸ.ਐਮ.ਐਸ. ਅਲਰਟ ਸਿਸਟਮ ਸ਼ੁਰੂ ਕੀਤਾ ਹੈ, ਜਿਸ ਨਾਲ ਲੇਟ ਲਤੀਫ਼  ਅਤੇ ਛੁੱਟੀ ਮਾਰਨ ਵਾਲੇ ਕੰਡਕਟਰਾਂ ਤੇ ਡਰਾਈਵਰਾਂ 'ਤੇ ਨੁਕੇਲ ਕੱਸੀ ਜਾਵੇਗੀ। ਹੁਣ ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ 2 ਵਾਰ ਕੰਡਕਟਰਾਂ ਤੇ ਡਰਾਈਵਰਾਂ ਨੂੰ ਅਲਰਟ ਚਲਾ ਜਾਂਦਾ ਹੈ। ਇਸ ਤੋਂ ਇਹ ਨਿਸਚਿਤ ਹੋ ਜਾਂਦਾ ਹੈ ਕਿ ਉਹ ਡਿਊਟੀ 'ਤੇ ਆ ਰਹੇ ਹਨ ਜਾਂ ਨਹੀਂ। ਪਹਿਲਾਂ ਕਈ ਵਾਰ ਐਨ ਮੌਕੇ 'ਤੇ ਕੰਡਕਟਰ-ਡਰਾਈਵਰ ਛੁੱਟੀ ਕਰ ਲੈਂਦੇ ਸਨ। ਇਸ ਕਾਰਨ ਡਿਊਟੀ ਇੰਸਪੈਕਟਰ ਨੂੰ ਮੁਸ਼ਕਲ ਹੋ ਜਾਂਦਾ ਸੀ। ਕਈ ਬਸਾਂ ਇਸ ਵਜ੍ਹਾ ਕਾਰਨ ਡਿਪੂ ਵਿਚ ਹੀ ਖੜੀਆਂ ਰਹਿ ਜਾਂਦੀਆਂ ਸਨ। ਇਸ ਤੋਂ ਸੀ.ਟੀ.ਯੂ. ਨੂੰ ਰੈਵੀਨਿਊ ਦਾ ਨੁਕਸਾਨ ਤਾਂ ਸੀ, ਨਾਲ ਹੀ ਲੋਕਾਂ ਨੂੰ ਵੀ ਮੁਸ਼ਕਲ ਹੁੰਦੀ ਸੀ। ਕਈ ਰੂਟਾਂ 'ਤੇ ਤਾਂ ਲੋਕ ਬਸਾਂ ਦਾ ਇੰਤਜ਼ਾਰ ਕਰਦੇ ਰਹਿ ਜਾਂਦੇ ਸਨ। ਇਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਲਈ ਹੀ ਪ੍ਰਸ਼ਾਸਨ ਨੇ ਤਕਨੀਕ ਦੀ ਵਰਤੋਂ ਕੀਤੀ ਹੈ। ਇਸ ਕਾਰਨ ਇਹ ਪਤਾ ਚੱਲ ਜਾਂਦਾ ਹੈ ਕਿੰਨੇ ਵਰਕਰ ਛੁੱਟੀ 'ਤੇ ਹਨ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਨੇ ਇਸ ਸਿਸਟਮ ਨੂੰ ਚਲਾਉਣ ਲਈ ਅਪਣੇ ਹੀ ਕੰਡਕਟਰ-ਡਰਾਈਵਰਾਂ ਵਿਚੋਂ ਆਈ.ਟੀ. ਬੈਕਗਰਾਊਂਡ ਵਾਲੇ ਕਰਮਚਾਰੀਆਂ ਦੀ ਟੀਮ ਬਣਾਈ ਹੈ। ਇਹ ਟੀਮ ਐਸ.ਐਮ.ਐਸ. ਅਲਰਟ ਦੇ ਨਾਲ ਆਨਲਾਈਨ ਹੀ ਓਵਰਟਾਇਮ ਰੋਸਟਰ ਅਲਾਟ ਕਰ ਰਹੀ ਹੈ, ਜਿਸ ਨਾਲ ਓਵਰਟਾਈਮ ਦੇ ਘੰਟਿਆਂ 'ਚ ਵੀ ਕੋਈ ਗੜਬੜੀ ਨਹੀਂ ਹੁੰਦੀ। ਇਸ ਬਾਰੇ ਅਮਿਤ ਤਲਵਾਰ ਡਾਇਰੈਕਟਰ ਸੀਟੀਯੂ ਦਾ ਕਹਿਣਾ ਹੈ ਕਿ ਕੰਮ ਸੁਧਾਰਨ ਲਈ ਐਸ.ਐਮ.ਐਸ. ਅਲਰਟ ਸਿਸਟਮ ਸ਼ੁਰੂ ਕੀਤਾ ਗਿਆ ਹੈ। ਰਿਜ਼ਲਟ ਕਾਫ਼ੀ ਚੰਗੇ ਹਨ। ਹੁਣ ਬਿਨਾਂ ਦੱਸੇ ਡਿਊਟੀ ਤੋਂ ਕੁੱਝ ਸਮਾਂ ਪਹਿਲਾਂ ਛੁੱਟੀ ਮਾਰਨ ਦੀ ਆਦਤ ਬਦਲ ਗਈ ਹੈ। ਪਹਿਲਾਂ ਹੀ ਕਰਮਚਾਰੀਆਂ ਨੂੰ ਅਲਰਟ ਚਲਾ ਜਾਂਦਾ ਹੈ। ਓਵਰਟਾਈਮ ਦੀ ਵੀ ਠੀਕ ਵਿਵਸਥਾ ਬੰਨ ਗਈ ਹੈ।