ਪੰਜਾਬਣਾਂ ਨਾਲ ਹੁੰਦਾ ਹੈ ਵਿਦੇਸ਼ਾਂ 'ਚ ਸੱਭ ਤੋਂ ਵੱਧ ਧੋਖਾ : ਸਵਾਤੀ
ਐਨ.ਆਰ.ਆਈ. ਲਾੜਿਆਂ ਵਲੋਂ ਕੀਤੀਆਂ ਜਾਂਦੀਆਂ ਧੋਖੇਬਾਜ਼ੀਆਂ ਕਾਰਨ ਜਿਥੇ ਪੰਜਾਬੀ ਕੁੜੀਆਂ ਨੂੰ ਮਾਨਸਿਕ, ਸਮਾਜਿਕ, ਆਰਥਿਕ ਪ੍ਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ ਉੱਥੇ ਇਨ੍ਹਾਂ
ਐਸ.ਏ.ਐਸ. ਨਗਰ, 23 ਜੁਲਾਈ (ਪਰਦੀਪ ਸਿੰਘ ਹੈਪੀ) : ਐਨ.ਆਰ.ਆਈ. ਲਾੜਿਆਂ ਵਲੋਂ ਕੀਤੀਆਂ ਜਾਂਦੀਆਂ ਧੋਖੇਬਾਜ਼ੀਆਂ ਕਾਰਨ ਜਿਥੇ ਪੰਜਾਬੀ ਕੁੜੀਆਂ ਨੂੰ ਮਾਨਸਿਕ, ਸਮਾਜਿਕ, ਆਰਥਿਕ ਪ੍ਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ ਉੱਥੇ ਇਨ੍ਹਾਂ ਕੁੜੀਆਂ ਦੇ ਪਰਿਵਾਰ ਵੀ ਇਹ ਸਾਰਾ ਕੁੱਝ ਬਰਦਾਸ਼ਤ ਕਰਦੇ ਹਨ, ਜਿਸ ਨੂੰ ਨੇੜਿਉਂ ਸਮਝਣ ਲਈ ਹੀ ਉਹ ਖ਼ੁਦ ਪੰਜਾਬ ਦੇ ਦੌਰੇ 'ਤੇ ਆਏ ਹਨ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਸਵਾਤੀ ਮਾਲੀਵਾਲ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਕੇਂਦਰ ਸਰਕਾਰ ਦੇ ਵਿਦੇਸ਼ ਵਿਭਾਗ ਵਲੋਂ ਬਣਾਈ ਗਈ ਹਾਈ ਲੈਵਲ ਕਮੇਟੀ ਆਨ ਐਨ.ਆਰ.ਆਈ. ਮੈਰਿਜ਼ ਡਿਸਪਿਊਟ ਦਾ ਮੈਂਬਰ ਨਿਯੁਕਤ ਹੋਣ ਤੋਂ ਬਾਅਦ ਇੱਥੇ ਐਨ.ਆਰ.ਆਈ. ਕਮਿਸ਼ਨ ਪੰਜਾਬ ਤੇ ਪੰਜਾਬ ਮਹਿਲਾ ਕਮਿਸ਼ਨ ਦਾ ਦੌਰਾ ਕਰ ਰਹੇ ਸੀ।
ਸ੍ਰੀਮਤੀ ਮਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਸਰਕਾਰ ਵਲੋਂ ਐਨ.ਆਰ.ਆਈ. ਕਮਿਸ਼ਨ ਲਈ ਸਿਰਫ 8 ਲੱਖ ਰੁਪਏ ਤੇ ਮਹਿਲਾ ਕਮਿਸ਼ਨ ਲਈ ਸਿਰਫ਼ 20 ਲੱਖ ਰੁਪਏ (ਸਾਲਾਨਾ) ਦਾ ਬਜਟ ਰੱਖਿਆ ਗਿਆ ਹੈ। ਜਿਸ ਨਾਲ ਇਨ੍ਹਾਂ ਦੇ ਅਪਣੇ ਖਰਚੇ ਵੀ ਮੁਸ਼ਕਲ ਨਾਲ ਪੂਰੇ ਹੁੰਦੇ ਹਨ।
ਉਨ੍ਹਾਂ ਕਿਹਾ ਇਹ ਦੋਵੇਂ ਸੰਸਥਾਵਾਂ ਵਿਦੇਸ਼ੀ ਲਾੜਿਆਂ ਵਲੋਂ ਪੰਜਾਬੀ ਕੁੜੀਆਂ ਧੋਖੇਬਾਜੀਆਂ ਅਤੇ ਜ਼ਿਆਦਤੀਆਂ 'ਤੇ ਕਾਬੂ ਪਾਉਣ 'ਚ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਬਸ਼ਰਤੇ ਇਨ੍ਹਾਂ ਕੋਲ ਲੋੜੀਂਦੇ ਫੰਡ ਹੋਣ। ਉਨ੍ਹਾਂ ਕਿਹਾ ਕਿ ਦਿੱਲੀ ਮਹਿਲਾ ਕਮਿਸ਼ਨ ਦਾ ਸਾਲਾਨਾ ਬਜਟ 20 ਕਰੋੜ ਰੁਪਏ ਦਾ ਹੈ ਜਦੋਂਕਿ ਪੰਜਾਬ 'ਚ ਇਹ ਉਸਦਾ ਸਿਰਫ਼ ਇਕ ਫ਼ੀਸਦੀ ਹੀ ਹੈ। ਉਨ੍ਹਾਂ ਦਸਿਆ ਕਿ ਪਿਛਲੇ ਸਾਲ ਦੌਰਾਨ ਕਮਿਸ਼ਨ 'ਚ 12000 ਅਜਿਹੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ ਤੇ ਕਮਿਸ਼ਨ ਦੀ ਹੈਲਪ ਲਾਈਨ ਤੇ ਮਦਦ ਲੈਣ ਲਈ 3 ਲੱਖ 15 ਹਜ਼ਾਰ ਲੋਕਾਂ ਵੱਲੋਂ ਫੋਨ ਕੀਤੇ ਗਏ ਹਨ। ਪਿਛਲੇ ਸਾਲ ਦੌਰਾਨ ਸੈਕਸ ਸੋਸ਼ਣ ਦੇ 5500 ਮਾਮਲਿਆਂ 'ਚ ਪੀੜਤਾਂ ਨੂੰ ਅਦਾਲਤੀ ਕੇਸਾਂ 'ਚ ਮਦਦ ਦਿੱਤੀ ਹੈ ਤੇ 1869 ਕੌਂਸਲਿੰਗ ਸੈਸ਼ਨ ਚਲਾਏ ਹਨ।
ਇਸ ਤੋਂ ਇਲਾਵਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਨੇ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਲੈਣ ਲਈ 7500 ਵਾਰ ਪੀੜਤਾਂ ਤੱਕ ਸਿੱਧੀ ਪਹੁੰਚ ਕੀਤੀ ਗਈ ਹੈ। ਮਹਿਲਾਵਾਂ ਦੀ ਹਾਲਤ 'ਚ ਕੋਈ ਫਰਕ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਦਿੱਲੀ ਪੁਲੀਸ ਵਲੋਂ ਸਾਲ 2012 ਤੋਂ 2014 ਤੱਕ ਔਰਤਾਂ ਵਿਰੁੱਧ ਅਪਰਾਧਾਂ ਦੇ 31446 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਸਿਰਫ਼ 146 ਦੋਸ਼ੀਆਂ ਨੂੰ ਹੀ ਸਜ਼ਾ ਮਿਲੀ ਹੈ ਅਤੇ ਜਦੋਂ ਤੱਕ ਲੋਕਾਂ ਵਿਚ ਅਪਰਾਧਾਂ ਤੋਂ ਬਾਅਦ ਸਖਤ ਸਜਾ ਦਾ ਡਰ ਨਹੀਂ ਹੋਵੇਗਾ। ਮਹਿਲਾਵਾਂ ਵਿਰੁੱਧ ਅਪਰਾਧਾਂ 'ਚ ਕਮੀ ਆਉਣ ਦੀ ਕੋਈ ਸੰਭਾਵਨਾਵਾਂ ਨਹੀਂ ਹੈ।