ਅਪਣੀਆਂ ਮੰਗਾਂ ਸਬੰਧੀ ਅਧਿਆਪਕ ਚੜ੍ਹੇ ਟੈਂਕੀ 'ਤੇ, ਪ੍ਰਸ਼ਾਸਨ ਨੂੰ ਪਾਇਆ ਵਖ਼ਤ
ਪਿਛਲੇ 14 ਸਾਲਾਂ ਤੋਂ ਰੈਗੂਲਰ ਹੋਣ ਲਈ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕ ਯੂਨੀਅਨ ਦੇ...
ਪਟਿਆਲਾ, 23 ਜੁਲਾਈ (ਰਣਜੀਤ ਰਾਣਾ ਰੱਖੜਾ) : ਪਿਛਲੇ 14 ਸਾਲਾਂ ਤੋਂ ਰੈਗੂਲਰ ਹੋਣ ਲਈ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕ ਯੂਨੀਅਨ ਦੇ ਕਾਰਕੁੰਨ ਮੀਟਿੰਗ ਉਪਰੰਤ ਪਾਣੀ ਦੀ ਟੈਂਕੀ 'ਤੇ ਚੜ੍ਹ ਗਏ। ਉਹ ਲੰਮੇ ਸਮੇਂ ਤੋਂ ਅਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ, ਜਿਸ ਦੇ ਰੋਸ ਵਜੋਂ ਉਨ੍ਹਾਂ ਨੇ ਇਹ ਕਦਮ ਚੁੱਕਿਆ।
ਟੈਂਕੀ ਉਪਰ ਚੜ੍ਹਨ ਵਾਲਿਆਂ 'ਚ ਸਮਰਜੀਤ ਸਿੰਘ ਮਾਨਸਾ, ਗੁਰਜੀਤ ਸਿੰਘ ਉਗੋਕੇ ਅਤੇ ਵੀਰਾਂ ਮੋਗਾ ਸ਼ਾਮਲ ਹਨ। ਇਨ੍ਹਾਂ ਵੱਡੀ ਗਿਣਤੀ ਵਿਚ ਯੂਨੀਅਨ ਆਗੂਆਂ ਨੇ ਪਹਿਲਾਂ ਨਹਿਰੂ ਪਾਰਕ ਪਟਿਆਲਾ ਵਿਖੇ ਮੀਟਿੰਗ ਕੀਤੀ, ਜਿਥੇ ਸੂਬਾ ਆਗੂ ਗਗਨ ਅਬੋਹਰ, ਸੁਖਚੈਨ ਸਿੰਘ, ਸਮਰ ਅਤੇ ਨਰਿੰਦਰ ਸਿੰਘ ਨੇ ਕਿਹਾ ਕਿ ਉਹ 2003 ਤੋਂ ਲਗਾਤਾਰ ਪ੍ਰਾਇਮਰੀ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਂਦੇ ਆ ਰਹੇ ਹਨ। ਪੰਜਾਬ ਸਰਕਾਰ ਨੇ ਸਾਨੂੰ ਰੈਗੂਲਰ ਕਰਨ ਲਈ ਸਪੈਸ਼ਲ ਈ.ਟੀ.ਟੀ ਦਾ ਕੋਰਸ ਕਰਵਾਇਆ ਸੀ, ਪ੍ਰੰਤੂ ਸਰਕਾਰ ਨੇ ਅੱਜ ਤਕ ਰੈਗੂਲਰ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਪਿਛਲੇ 10 ਸਾਲ ਅਕਾਲੀ ਸਰਕਾਰ ਨੇ ਆਰਥਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਅਤੇ ਲਾਰਿਆਂ 'ਚ ਲਾਈ ਰੱਖਿਆ। ਚੋਣਾਂ ਵੇਲੇ ਕਾਂਗਰਸ ਪਾਰਟੀ ਨੇ ਸਾਡੇ ਨਾਲ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਪਰ 4 ਮਹੀਨੇ ਪੂਰੇ ਹੋਣ ਤੋਂ ਅੱਜ ਤਕ ਵੀ ਸਾਡੀ ਕੋਈ ਪੈਨਲ ਮੀਟਿੰਗ ਤਕ ਨਹੀਂ ਹੋਈ, ਜਿਸ ਦੇ ਰੋਸ ਵਜੋਂ ਸਾਨੂੰ ਇਹ ਕਦਮ ਚੁੱਕਣਾ ਪਿਆ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਅਗਲੇ ਸੈਸ਼ਨ ਤੋਂ ਨਰਸਰੀ ਕਲਾਸਾਂ ਸ਼ੁਰੂ ਕਰਨ ਜਾ ਰਹੀ ਹੈ, ਜੋ ਕਿ ਇਸੇ ਸਾਲ ਸ਼ੁਰੂ ਕਰੇ ਅਤੇ ਸਾਨੂੰ ਪੂਰਾ ਪੇ ਗ੍ਰੇਡ ਦੇਵੇ। ਉਨ੍ਹਾਂ ਕਿਹਾ ਕਿ ਪਿਛਲੇ ਸਰਕਾਰ ਸਮੇਂ ਸਾਡੇ 3 ਸਾਥੀ ਕਿਰਨਜੀਤ ਕੌਰ ਫਰੀਦਕੋਟ, ਜ਼ਿਲ੍ਹਾ ਸਿੰਘ ਅਤੇ 13 ਮਹੀਨਿਆਂ ਦੀ ਰੂਬੀ ਬੱਚੀ ਜੋ ਅਪਣੀ ਮਾਂ ਨਾਲ ਸੰਘਰਸ਼ ਲਈ ਆਈ ਸੀ ਅਤੇ ਉਸ ਦੀ ਵੀ ਜਾਨ ਚਲੀ ਗਈ ਸੀ। ਇਸ ਤੋਂ ਇਲਾਵਾ ਸਮਰਜੀਤ ਮਾਨਸਾ ਨੇ ਵੀ ਲਾਰਿਆਂ ਤੋਂ ਦੁਖੀ ਹੋ ਕੇ ਅਪਣੇ ਆਪ ਨੂੰ ਅੱਗ ਲਗਾ ਲਈ ਸੀ। ਇਸ ਦੇ ਬਾਵਜੂਦ ਸਰਕਾਰ ਦੀਆਂ ਅੱਖਾਂ ਨਹੀਂ ਖੁੱਲੀਆਂ।
ਇਸ ਮੌਕੇ ਸਮਰਜੀਤ ਮਾਨਸਾ, ਹਰਜਿੰਦਰ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ, ਜਸਪਾਲ ਸਿੰਘ, ਬਲਜੀਤ ਕੌਰ, ਰਚਨਾ, ਗੁਰਦੀਪ ਸਿੰਘ ਅਤੇ ਸੰਤੋਸ਼ ਸ਼ਾਮਲ ਸਨ।