ਚੋਣ ਕਮਿਸ਼ਨ ਦੀ ਸਖ਼ਤੀ ‘ਚ ਪੰਜਾਬ 'ਚੋਂ 116 ਕਰੋੜ ਤੇ ਹਰਿਆਣਾ 'ਚੋਂ 4.43 ਕਰੋੜ ਦੀ ਡਰੱਗ ਫੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਭ ਤੋਂ ਜ਼ਿਆਦਾ ਪੰਜਾਬ 'ਚ ਫੜਿਆ ਗਿਆ ਕੈਸ਼, ਡਰੱਗ ਤੇ ਸ਼ਰਾਬ...

Money

ਚੰਡੀਗੜ੍ਹ : ਚੋਣਾਂ ਦੇ ਚਲਦਿਆਂ ਜ਼ਿਆਦਾਤਰ ਉਮੀਦਵਾਰ ਵੋਟਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਚੋਣ ਜਿੱਤਣ ਦੇ ਚੱਕਰ ਵਿਚ ਰਹਿੰਦੇ ਹਨ ਅਤੇ ਅਜਿਹਾ ਕਰਨ ਲਈ ਬਹੁਤ ਸਾਰੇ ਉਮੀਦਵਾਰਾਂ ਵਲੋਂ ਕਾਫ਼ੀ ਹੱਥ ਪੈਰ ਵੀ ਮਾਰੇ ਜਾ ਰਹੇ ਹਨ ਚੋਣਾਂ ਦੇ ਮੌਸਮ ਵਿਚ ਵੱਡੀ ਮਾਤਰਾ ਵਿਚ ਬਰਾਮਦ ਹੋ ਰਹੀ ਨਕਦੀ, ਡਰੱਗਸ, ਸ਼ਰਾਬ, ਸੋਨਾ-ਚਾਂਦੀ ਇਸ ਗੱਲ ਦੇ ਸਬੂਤ ਹਨ।

ਜੇਕਰ ਚੋਣ ਕਮਿਸ਼ਨ ਦੀ ਸਖ਼ਤੀ ਨਾ ਹੋਵੇ ਤਾਂ ਯਕੀਨਨ ਤੌਰ 'ਤੇ ਇਸ ਪੈਸੇ ਡਰੱਗਸ ਅਤੇ ਸ਼ਰਾਬ ਦੀ ਵਰਤੋਂ ਲੋਕਾਂ ਨੂੰ ਲਾਲਚ ਦੇਣ ਲਈ ਕੀਤੀ ਜਾਣੀ ਸੀ ਹਾਲੇ ਦੋ ਦਿਨ ਪਹਿਲਾਂ ਹੀ ਪੰਜਾਬ ਵਿਚੋਂ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ 7 ਕਰੋੜ 80 ਲੱਖ ਰੁਪਏ ਦੀ ਕੀਮਤ ਦਾ 26 ਕਿਲੋ ਸੋਨਾ ਫੜਿਆ ਗਿਆ ਹੈ। ਅਜਿਹੇ ਬਹੁਤ ਸਾਰੇ ਕੇਸ ਪਿਛਲੇ ਕੁੱਝ ਦਿਨਾਂ ਵਿਚ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚ ਡਰੱਗਸ, ਸੋਨਾ ਚਾਂਦੀ, ਕਰੋੜਾਂ ਦੀ ਨਕਦੀ ਅਤੇ ਸ਼ਰਾਬ ਬਰਾਮਦ ਕੀਤੀ ਗਈ ਹੈ।

ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕਰੀਬ 25 ਦਿਨਾਂ ਵਿਚ ਪੰਜਾਬ ਵਿਚੋਂ 116 ਕਰੋੜ 18 ਲੱਖ ਦੀ ਡਰੱਗ ਫੜੀ ਜਾ ਚੁੱਕੀ ਹੈ ਜੋ ਦੇਸ਼ ਭਰ ਵਿਚ ਗੁਜਰਾਤ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਗੁਜਰਾਤ ਵਿਚ 500 ਕਰੋੜ ਦੀ ਡਰੱਗ ਹੁਣ ਤਕ ਫੜੀ ਜਾ ਚੁੱਕੀ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚੋਂ ਵੀ 4 ਕਰੋੜ 43 ਲੱਖ ਦੀ ਡਰੱਗ ਫੜੀ ਜਾ ਚੁੱਕੀ ਹੈ। ਖ਼ਾਸ ਗੱਲ ਇਹ ਹੈ ਕਿ ਉਤਰ ਭਾਰਤ ਦੇ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਚੋਂ ਸਭ ਤੋਂ ਜ਼ਿਆਦਾ ਕੈਸ਼, ਡਰੱਗ, ਸ਼ਰਾਬ ਆਦਿ ਪੰਜਾਬ ਵਿਚ ਹੀ ਫੜੀ ਗਈ ਹੈ।

ਇਸ ਤੋਂ ਇਲਾਵਾ ਪੰਜਾਬ ਵਿਚੋਂ ਹੁਣ ਤਕ 16 ਕਰੋੜ 51 ਲੱਖ ਰੁਪਏ ਦੀ ਨਕਦੀ, 4 ਕਰੋੜ 7 ਲੱਖ ਰੁਪਏ ਦੀ ਸ਼ਰਾਬ ਵੀ ਫੜੀ ਜਾ ਚੁੱਕੀ ਹੈ। ਵੱਡੀ ਗੱਲ ਇਹ ਹੈ ਕਿ ਇੱਥੋਂ 18 ਕਰੋੜ 32 ਲੱਖ ਰੁਪਏ ਦਾ ਸੋਨਾ-ਚਾਂਦੀ ਵੀ ਫੜਿਆ ਗਿਆ ਹੈ ਜਦਕਿ 15 ਲੱਖ ਰੁਪਏ ਦਾ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਜੇਕਰ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੋਂ ਹੁਣ 4 ਕਰੋੜ 43 ਲੱਖ ਰੁਪਏ ਦੀ ਡਰੱਗ, ਇਕ ਕਰੋੜ ਦੀ ਨਕਦੀ ਅਤੇ 2 ਕਰੋੜ 82 ਲੱਖ ਰੁਪਏ ਦੀ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਇਨ੍ਹਾਂ ਪੰਜ ਰਾਜਾਂ ਵਿਚੋਂ ਸਭ ਤੋਂ ਜ਼ਿਆਦਾ 5 ਕਰੋੜ 3 ਲੱਖ ਰੁਪਏ ਦੀ ਸ਼ਰਾਬ ਫੜੀ ਗਈ ਹੈ।

ਜਦਕਿ 73 ਲੱਖ ਰੁਪਏ ਦੀ ਡਰੱਗ ਅਤੇ 8 ਲੱਖ ਰੁਪਏ ਦੀ ਨਕਦੀ ਫੜੀ ਜਾ ਚੁੱਕੀ ਹੈ। ਜੇਕਰ ਗੱਲ ਕਰੀਏ ਦੇਸ਼ ਦਾ ਸਵਰਗ ਕਹੇ ਜਾਣ ਵਾਲੇ ਜੰਮੂ-ਕਸ਼ਮੀਰ ਦੀ ਤਾਂ ਇੱਥੋਂ 33 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ 18 ਲੱਖ ਰੁਪਏ ਦੀ ਸ਼ਰਾਬ ਅਤੇ ਚਾਰ ਲੱਖ ਰੁਪਏ ਦੀ ਡਰੱਗ ਜ਼ਬਤ ਕੀਤੀ ਗਈ ਹੈ। ਇਸੇ ਤਰ੍ਹਾਂ ਇਕ ਲੋਕ ਸਭਾ ਸੀਟ ਵਾਲੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿਚ ਡੇਢ ਲੱਖ ਰੁਪਏ ਦੀ ਨਕਦੀ, 3 ਲੱਖ 70 ਹਜ਼ਾਰ ਰੁਪਏ ਦੀ ਸ਼ਰਾਬ ਅਤੇ 60 ਹਜ਼ਾਰ ਰੁਪਏ ਦੀ ਡਰੱਗ ਬਰਾਮਦ ਕੀਤੀ ਗਈ ਹੈ।

ਫਿਲਹਾਲ ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਕਾਫ਼ੀ ਸਖ਼ਤੀ ਕੀਤੀ ਹੋਈ ਹੈ। ਜਿਸ ਦੇ ਚਲਦਿਆਂ ਇੰਨੀ ਵੱਡੀ ਮਾਤਰਾ ਵਿਚ ਡਰੱਗ, ਨਕਦੀ, ਸ਼ਰਾਬ ਅਤੇ ਸੋਨਾ ਚਾਂਦੀ ਦੀ ਬਰਾਮਦਗੀ ਹੋ ਸਕੀ ਹੈ। ਚੋਣ ਕਮਿਸ਼ਨ ਦੇ ਹੁਕਮਾਂ 'ਤੇ ਪੁਲਿਸ ਤੋਂ ਇਲਾਵਾ ਐਕਸਾਈਜ਼ ਐਂਡ ਟੈਕਸੇਸ਼ਨ ਅਤੇ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਟੀਮਾਂ ਲਗਾਤਾਰ ਛਾਪੇ ਮਾਰ ਰਹੀਆਂ ਹਨ।