ਪਹਿਲਾਂ ਸਿਖਲਾਈ, ਫਿਰ ਅਸਾਨ ਕਿਸ਼ਤਾਂ 'ਤੇ ਸਬਸਿਡੀ ਵਾਲਾ ਲੋਨ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਖ਼ਬਰਾਂ, ਪੰਜਾਬ

ਇਹੀ ਹੈ ਪੰਜਾਬ ਸਰਕਾਰ ਦੀ ਕੁੜੀਆਂ ਨੂੰ ਆਰਥਕ ਪੱਖੋਂ ਮਜ਼ਬੂਤ ਬਨਾਉਣ ਦੀ ਅਸਲ ਨੀਤੀ, ਪਰਵਿੰਦਰ ਕੌਰ ਨੇ ਸਾਂਝਾ ਕੀਤਾ ਅਪਣਾ ਤਜਰਬਾ

File Photo

ਦੋ ਭਰਾਵਾਂ ਦੀ ਇਕੋ ਲਾਡਲੀ ਭੈਣ ਪਰਮਿੰਦਰ ਕੌਰ 12 ਵੀਂ ਤੋਂ ਬਾਅਦ ਘਰ ਬੈਠਣ ‘ਤੇ ਮਜ਼ਬੂਰ ਸੀ, ਪੜ੍ਹਨ ਨੂੰ ਦਿਲ ਤਾਂ ਕਰਦਾ ਸੀ ਪਰ ਘਰ ਦੀਆਂ ਮਜ਼ਬੂਰੀਆਂ ਨੇ ਉਸ ਨੂੰ ਅੱਗੇ ਪੜ੍ਹਨ ਨਹੀਂ ਦਿੱਤਾ। ਭਰਾਵਾਂ ਨੇ ਉਸ ਨੂੰ ਅੱਗੇ ਕੰਮ ਕਰਨ ਨਹੀਂ ਜਾਣ ਦਿੱਤਾ। ਪਰਮਿੰਦਰ 23 ਸਾਲ ਦੀ ਉਮਰ ਤੱਕ ਘਰ ਬੈਠੀ। ਕਦੀ ਮਾਂ ਤੇ ਭਰਜਾਈ ਦੀ ਮਦਦ ਕਰ ਦੇਣੀ ਤੇ ਕਦੀ ਅਪਣੀ ਛੋਟੀ ਭਤੀਜੀ ਨਾਲ ਖੇਡਣਾ। ਪਰਮਿੰਦਰ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਪਹਿਲਾਂ ਅਪਣੇ ਆਪ ਅਪਣੇ ਨੂੰ ਪੈਰਾਂ ਖੜਾ ਕਰਨਾ ਚਾਹੁੰਦੀ ਸੀ, ਪਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ।

ਪਿਛਲੇ ਸਾਲ ਜਦ ਪਿਤਾ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਉਸ ਦੇ ਵਿਆਹ ਬਾਰੇ ਘਰ ਵਿਚ ਚਿੰਤਾ ਚੱਲ ਰਹੀ ਸੀ। ਪਰ ਜਦ ਸਰਕਾਰੀ ਸਿਖਲਾਈ ਸੈਂਟਰ ਵੱਲੋਂ ਮੁਫ਼ਤ ਟ੍ਰੇਨਿੰਗ ਦੇ ਇਸ਼ਤਿਹਾਰ ਪਿੰਡ ਵਿਚ ਵੰਡੇ ਗਏ ਤਾਂ ਉਸ ਨੇ ਭਰਾਵਾਂ ਦੇ ਤਰਲੇ ਕਰਕੇ ਉਸ ਨੂੰ ਸਿਖਲਾਈ ਕੇਂਦਰ ਭੇਜਣ ਲਈ ਮਨਵਾ ਲਿਆ। ਘਰ ਵਿਚ ਪਹਿਲਾਂ ਹੀ ਉਹ ਥੌੜਾ ਬਹੁਤਾ ਸਿਲਾਈ ਦਾ ਕੰਮ ਕਰਦੀ ਰਹਿੰਦੀ। ਸਭ ਨੂੰ ਪਤਾ ਸੀ ਕਿ ਉਸ ਨੂੰ ਸਿਖਲਾਈ ਦਾ ਕੰਮ ਚੰਗਾ ਲੱਗਦਾ, ਇਸ ਨਾਲ ਉਸ ਦਾ ਦਿਲ ਬਹਿਲ ਜਾਵੇਗਾ। ਸਿਖਲਾਈ ਕੋਰਸ ਮੁਫਤ ਤੇ ਆਉਣ ਜਾਣ ਦਾ ਕਿਰਾਇਆ ਮਿਲਣ ਕਾਰਨ ਵੀ ਭਰਾਵਾਂ ਨੇ ਇਤਰਾਜ਼ ਨਹੀਂ ਕੀਤਾ।

ਕਿਉਂਕਿ ਘਰ ਵਿਚ ਆਰਥਕ ਤੰਗੀ ਤਾਂ ਪਹਿਲਾਂ ਤੋਂ ਹੀ ਸੀ। ਜਦ ਪਰਮਿੰਦਰ ਸਿਖਲਾਈ ਕੇਂਦਰ ਗਈ ਤਾਂ ਉਸ ਨੇ ਅਪਣੀ ਮਾਂ ਨੂੰ ਮਨਾ ਲਿਆ ਸੀ ਕਿ ਕੋਰਸ ਤੋਂ ਬਾਅਦ ਕੰਮ ਲਈ ਉਸ ਨੂੰ ਬੰਗਲੁਰੂ ਭੇਜ ਦੇਣਗੇ। ਪਰ ਜਦ ਕੋਰਸ ਖਤਮ ਹੋ ਗਿਆ ਤੇ ਵੱਡੇ ਭਰਾ ਨੇ ਬਾਹਰ ਭੇਜਣ ਨੂੰ ਮਨਾ ਕਰ ਦਿੱਤਾ।ਫਿਰ ਉਸ ਦੇ ਇਕ ਦੂਰ ਦੇ ਰਿਸ਼ਤੇਦਾਰ, ਜਿਨ੍ਹਾਂ ਦੀ ਦਰਜੀ ਦੀ ਦੁਕਾਨ ਸੀ, ਨੇ ਉਹਨਾਂ ਨੂੰ ਨੌਕਰੀ ਦਿੱਤੀ, ਜਿਸ ਵਾਸਤੇ ਭਰਾ ਮੰਨ ਗਿਆ।

ਇੱਥੇ ਹੁਣ ਪਰਮਿੰਦਰ ਵਧੀਆ ਕੁੜਤੇ ਪਜਾਮੇ, ਸੂਟ, ਡਰੈਸ ਆਦਿ ਬਣਾਉਂਦੀ ਹੈ ਜਿਸ ਦਾ ਉਸ ਨੂੰ ਪ੍ਰਤੀ ਪੀਸ ਮਿਲਦਾ ਹੈ। ਪਰਮਿੰਦਰ ਕਈ ਵਾਰ ਹਫ਼ਤੇ ਦੇ ਸੱਤ ਦਿਨ ਕੰਮ ਕਰਦੀ ਹੈ ਤੇ ਅਪਣੀ ਦੁਕਾਨ ਚਲਾਉਣ ਦੇ ਸੁਪਨੇ ਦੇਖ ਰਹੀ ਹੈ। ਹੁਨਰ ਵਿਕਾਸ ਦੇ ਸਰਕਾਰੀ ਅਫ਼ਸਰ ਪਰਮਿੰਦਰ ਦੇ ਸੰਪਰਕ ਵਿਚ ਹਨ ਤੇ ਉਸ ਨੂੰ ਅਪਣੀ ਦੁਕਾਨ ਪਾਉਣ ਲਈ ਕਰਜ਼ਾ ਲੈਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਛੇ ਮਹੀਨੇ ਦੇ ਸਿਖਲਾਈ ਕੋਰਸ ਨੇ ਇਸ ਬੱਚੀ ਨੂੰ ਅਪਣੇ ਪੈਰ ‘ਤੇ ਖੜ੍ਹੇ ਹੋਣ ਦੀ ਕਾਬੀਲੀਅਤ ਵੀ ਦੇ ਦਿੱਤੀ ਤੇ ਉਸ ਦੇ ਸੁਪਨਿਆਂ ਨੂੰ ਸਾਕਾਰ ਹੋਣ ਵਾਸਤੇ ਖੁੱਲ਼ਾ ਅਸਮਾਨ ਵੀ ਦੇ ਦਿੱਤਾ।