ਗੈਂਗਸਟਰਾਂ ਦੇ ਛੱਕੇ ਛੁਡਾਉਣ ਵਾਲੀ ਥਾਣਾ ਪ੍ਰਭਾਰੀ ਅਰਸ਼ਪ੍ਰੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਸਤੀ ਜੋਧੇਵਾਲ ਜ਼ਿਲ੍ਹਾ ਲੁਧਿਆਣਾ ਦੀ ਥਾਣਾ ਪ੍ਰਭਾਰੀ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਲੋਕ ਲੇਡੀ ਸਿੰਘਮ ਦੇ ਨਾਂਅ ਨਾਲ ਵੀ ਜਾਣਦੇ ਹਨ।

Photo

ਲੁਧਿਆਣਾ: ਬਸਤੀ ਜੋਧੇਵਾਲ ਜ਼ਿਲ੍ਹਾ ਲੁਧਿਆਣਾ ਦੀ ਥਾਣਾ ਪ੍ਰਭਾਰੀ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਲੋਕ ਲੇਡੀ ਸਿੰਘਮ ਦੇ ਨਾਂਅ ਨਾਲ ਵੀ ਜਾਣਦੇ ਹਨ। ਅਰਸ਼ਪ੍ਰੀਤ ਕੌਰ ਨੇ ਕਈ ਵੱਡੇ-ਵੱਡੇ ਗੈਂਗਸਟਰਾਂ ਦੇ ਛੱਕੇ ਛੁਡਾਏ ਹਨ ਅਤੇ ਅਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ। ਅਰਸ਼ਪ੍ਰੀਤ ਅਪਣੇ ਇਲਾਕੇ ਵਿਚ ਨਿਡਰ ਹੋ ਕੇ ਪੈਟਰੋਲਿੰਗ ਕਰਦੇ ਹਨ।

ਰੋਜ਼ਾਨਾ ਸਪੋਕਸਮੈਨ ਵੱਲੋਂ ਅਰਸ਼ਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ। ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਜਨਵਰੀ 2015 ਵਿਚ ਪੰਜਾਬ ਪੁਲਿਸ ਜੁਆਇਨ ਕੀਤੀ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਵੀ ਪੰਜਾਬ ਪੁਲਿਸ ਵਿਚ ਬਤੌਰ ਏਐਸਆਈ ਨੌਕਰੀ ਕਰਦੇ ਸਨ। ਉਹ ਹਾਲ ਹੀ ਵਿਚ (ਸਤੰਬਰ 2019) ਸੇਵਾ-ਮੁਕਤ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸ਼ੁਰੂ ਤੋਂ ਹੀ ਇੱਛਾ ਸੀ ਕਿ ਉਹ ਸਮਾਜ ਲਈ ਕੁਝ ਕਰੇ।

ਅਰਸ਼ਪ੍ਰੀਤ ਨੇ ਦੱਸਿਆ ਕਿ ਉਸ ਸਮੀਮਿੰਗ ਵਿਚ ਵੀ ਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਕਰ ਚੁੱਕੀ ਹੈ। ਉਹਨਾਂ ਨੇ ਕਰੀਬ 10 ਸਾਲ ਸਵੀਮਿੰਗ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ 2015 ਤੋਂ ਲੈ ਕੇ 2018 ਤੱਕ ਪੰਜਾਬ ਦੀ ਰਿਕਾਰਡ ਹੋਲਡਰ ਵੀ ਰਹੀ ਹੈ। ਉਹਨਾਂ ਨੇ ਬੀਸੀਏ ਤੱਕ ਪੜ੍ਹਾਈ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਦੀ ਚੋਣ ਵਿਪਰੋ ਟੈਕਨਾਲੋਜੀ ਵਿਚ ਹੋਈ ਸੀ। ਪਰ ਉਸ ਦੇ ਨਾਲ ਹੀ ਪੰਜਾਬ ਪੁਲਿਸ ‘ਚ ਭਰਤੀ ਆਈ ਤੇ ਉਹਨਾਂ ਨੇ ਪੁਲਿਸ ਵਿਚ ਭਰਤੀ ਹੋਣ ਬਾਰੇ ਫੈਸਲਾ ਲਿਆ।

ਉਹਨਾਂ ਕਿਹਾ ਉਹ ਅਪਣੀ ਹੁਣ ਤੱਕ ਦੀ ਪ੍ਰਾਪਤੀ ਲਈ ਅਪਣੇ ਮਾਤਾ-ਪਿਤਾ ਦਾ ਧੰਨਵਾਦ ਕਰਨਾ ਚਾਹੁੰਦੇ ਹਨ, ਕਿਉਂਕਿ ਉਹਨਾਂ ਨੇ ਹਰ ਸਮੇਂ ਉਹਨਾਂ ਦੇ ਹਰੇਕ ਫੈਸਲੇ ਦਾ ਸਾਥ ਦਿੱਤਾ। ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਤੇ ਉਹਨਾਂ  ਦੇ ਭਰਾ ਨੂੰ ਹਰ ਜਗ੍ਹਾ ਬਰਾਬਰ ਰੱਖਿਆ। ਉਹਨਾਂ ਦੱਸਿਆ ਕਿ ਰਾਤ ਸਮੇਂ ਅਪਰਾਧ ਜਾਂ ਘਟਨਾਵਾਂ ਵਾਪਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ ਸਾਡੇ ਸਮਾਜ ਦੀਆਂ ਔਰਤਾਂ ਰਾਤ ਨੂੰ ਘਰੋਂ ਨਿਕਲਣ ਤੋਂ ਡਰਦੀਆਂ ਹਨ।

ਉਹਨਾਂ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਪਣੇ ਇਲਾਕੇ ਵਿਚ ਔਰਤਾਂ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਕਰੇ। ਉਹਨਾਂ ਦੱਸਿਆ ਕਿ ਹੁਣ ਪੁਲਿਸ ਵੱਲੋਂ ਰਾਤ ਸਮੇਂ ਬਾਹਰੋਂ ਆਉਣ ਵਾਲੀਆਂ ਔਰਤਾਂ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਔਰਤਾਂ ਨੂੰ ਸੁਰੱਖਿਅਤ ਘਰ ਛੱਡਣ ਦੀ ਸਹੂਲਤ ਦਿੱਤੀ ਜਾਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਉਹ ਲੋਕਾਂ ਦੀ ਮਦਦ ਕਰਨਾ ਚਾਹੁੰਦੀ ਹੈ। 

ਉਹਨਾਂ ਨੇ ਔਰਤਾਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਤੁਹਾਡੇ ਮਾਤਾ-ਪਿਤਾ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਲਈ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ ਤਾਂ ਅਜਿਹਾ ਇਕ ਵੀ ਮੌਕਾ ਨਾ ਛੱਡੋ ਕਿ ਤੁਸੀਂ ਉਹਨਾਂ ਨੂੰ ਮਾਣ ਨਾ ਮਹਿਸੂਸ ਕਰਾ ਸਕੋ। ਉਹਨਾਂ ਕਿਹਾ ਕਿ ਹਰ ਔਰਤ ਨੂੰ ਅਪਣੇ ਆਪ ‘ਤੇ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ। ਦੱਸ ਦਈਏ ਕਿ ਸਥਾਨਕ ਲੋਕ ਉਹਨਾਂ ਦੀਆਂ ਬਹੁਤ ਤਰੀਫ਼ਾਂ ਕਰਦੇ ਹਨ। ਔਰਤਾਂ ਲਈ ਮਿਸਾਲ ਬਣਨ ਵਾਲੀ ਪੰਜਾਬ ਦੀ ਇਸ ਧੀ ਨੂੰ ਸਲਾਮ ਹੈ।

-ਪੱਤਰਕਾਰ ਲੁਧਿਆਣਾ-ਵਿਸ਼ਾਲ ਕਪੂਰ