‘ਪੰਜਾਬ ਫ਼ਾਰ ਫ਼ਾਰਮਰਜ਼’ ਦੇ ਨਾਮ ’ਤੇ ਬਣਾਇਆ ਜਾਵੇਗਾ ਇਕ ਫ਼ਰੰਟ : ਸੰਯੁਕਤ ਕਿਸਾਨ ਮੋਰਚਾ
ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਦੇ ਲੋਕਾਂ ਦਾ ਅੰਦੋਲਨ ਵਿਚ ਸਹਿਯੋਗ ਕਰਨ ਲਈ ਕੀਤਾ ਧਨਵਾਦ
ਲੁਧਿਆਣਾ (ਆਰ.ਪੀ.ਸਿੰਘ): ਕੱਲ੍ਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਪੰਜਾਬ ਦੀਆਂ ਕਿਸਾਨ, ਮਜ਼ਦੂਰ, ਔਰਤ, ਮੁਲਾਜ਼ਮ, ਵਿਦਿਆਰਥੀ, ਨੌਜਵਾਨ, ਆੜ੍ਹਤੀ, ਟਰਾਂਸਪੋਰਟ, ਟੀਚਰਜ਼, ਯੂਨੀਵਰਸਿਟੀ ਐਮਪਲੋਈ ਅਤੇ ਹੋਰ ਅੱਗੇ ਵਧੂ ਜਥੇਬੰਦੀਆਂ ਦੀ ਸਾਂਝੀ ਬੈਠਕ ਹੋਈ। ਇਸ ਮੀਟਿੰਗ ਵਿਚ ਵਾਢੀ ਦੇ ਸੀਜ਼ਨ ਦੌਰਾਨ ਕਿਸਾਨ ਮਜ਼ਦੂਰਾਂ ਨੂੰ ਦਿੱਲੀ ਦੇ ਮੋਰਚਿਆਂ ਤੋਂ ਅਪਣੇ ਖੇਤਾਂ ਵਲ ਜਾਣਾ ਪਵੇਗਾ ਅਤੇ ਦਿੱਲੀ ਦੇ ਮੋਰਚੇ ਨੂੰ ਇਸ ਦੌਰਾਨ ਵੀ ਉਨੀ ਹੀ ਤਾਕਤ ਵਿਚ ਰੱਖਣ ਲਈ ਅਤੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨ ਜਥੇਬੰਦੀਆਂ ਤੋਂ ਬਾਹਰ ਮਿਲ ਰਹੇ ਸਮਰਥਨ ਨੂੰ ਜਥੇਬੰਦ ਕਰਨ ਲਈ ਪੰਜਾਬ ਦੀਆਂ ਜਥੇਬੰਦੀਆਂ ਨੇ ਇਕ ਮੀਟਿੰਗ ਕਰਨ ਦਾ ਸੁਝਾਅ ਦਿਤਾ ਸੀ।
ਕੱਲ੍ਹ ਸਵੇਰੇ 10 ਵਜੇ ਸ਼ੁਰੂ ਹੋਏ ਇਸ ਪ੍ਰੋਗ੍ਰਾਮ ਵਿਚ ਸਯੁੰਕਤ ਕਿਸਾਨ ਮੋਰਚੇ ਦੇ ਡਾ. ਦਰਸ਼ਨ ਪਾਲ ਨੇ ਭੂਮਿਕਾ ਵਿਚ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨੇ ਇਸ ਅੰਦੋਲਨ ਰਾਹੀਂ ਅਪਦੇ ਜਨੂੰਨ ਨੂੰ ਕਾਇਮ ਰੱਖਿਆ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖੀ ਭਾਵਨਾ ਨੇ ਇਸ ਘੋਲ ਰਾਹੀਂ ਜ਼ੁਲਮ ਵਿਰੁਧ ਲੜਨ ਦੇ ਅਪਣੇ ਭਾਵ ਨੂੰ ਕਾਇਮ ਰਖਿਆ ਹੈ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਿਸਤਾਰ ਨਾਲ ਇਸ ਮੋਰਚੇ ਦੇ ਹਾਲਾਤ ਵਾਰੇ ਚਰਚਾ ਕੀਤੀ ਅਤੇ ਪੰਜਾਬ ਦੇ ਲੋਕਾਂ ਦਾ ਇਸ ਅੰਦੋਲਨ ਵਿਚ ਤਨ ਮਨ ਧਨ ਨਾਲ ਸਹਿਯੋਗ ਕਰਨ ਲਈ ਧਨਵਾਦ ਕੀਤਾ। ਸੰਯੁਕਤ ਕਿਸਾਨ ਮੋਰਚੇ ਅਤੇ ਅੱਜ ਦੇ ਪ੍ਰੋਗਰਾਮ ਵਿਚ ਪਹੁੰਚਿਆ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨੇ ਫ਼ੈਸਲਾ ਕੀਤਾ ਹੈ ਕਿ ‘‘ਪੰਜਾਬ ਫ਼ੋਰ ਫ਼ਾਰਮਰਜ਼” ਨਾਮ ਤੋਂ ਇਕ ਫ਼ਰੰਟ ਬਣਾਇਆ ਜਾਵੇਗਾ ਜਿਸ ਦੀ ਪਹਿਲੀ ਮੀਟਿੰਗ 7 ਅਪ੍ਰੈਲ 2021 ਨੂੰ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਚ ਹੋਵੇਗੀ। ਇਸ ਰਾਹੀਂ ਇਹ ਯੋਜਨਾ ਬਣਾਈ ਜਾਵੇਗੀ ਕਿ ਵਾਢੀ ਦੇ ਸਮੇਂ ਦਿੱਲੀ ਮੋਰਚੇ ਵਿਚ ਡਿਊਟੀਆਂ ਵੰਡ ਕੇ ਸ਼ਮੂਲੀਅਤ ਵਧਾਈ ਜਾਵੇ।
ਮੀਟਿੰਗ ਵਿਚ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮੋਰਚੇ ਵਿਚ ਮਜ਼ਦੂਰਾਂ ਦੀ ਭਾਰੀ ਸ਼ਮੂਲੀਅਤ ਵੇਖਣ ਨੂੰ ਮਿਲੇਗੀ। ਕੇਂਦਰ ਸਰਕਾਰ ਵਲੋਂ 4 ਲੇਬਰ ਕੋਡ ਹੁਣੇ ਨਾ ਲਾਗੂ ਕਰਨ ਨੂੰ ਮਜ਼ਦੂਰ ਅਤੇ ਕਿਸਾਨੀ ਘੋਲ ਦੀ ਜਿੱਤ ਮੰਨਦੇ ਕਿਹਾ ਕਿ ਹੁਣ ਕਿਸਾਨ ਮਜ਼ਦੂਰ ਮਿਲ ਕੇ ਨਿਜੀਕਰਨ ਵਿਰੁਧ ਲੜਾਈ ਲੜਨਗੇ। ਇਸ ਦੌਰਾਨ ਪਹੁੰਚਿਆ ਸਾਰੀਆਂ ਜਥੇਬੰਦੀਆਂ ਨੇ ਭਰੋਸਾ ਦਿਤਾ ਕਿ ਉਹ ਦਿਲ ਖੋਲ੍ਹ ਕੇ ਮੋਰਚੇ ਨੂੰ ਮਜ਼ਬੂਤੀ ਦੇਣਗੇ। ਇਸ ਦੌਰਾਨ ਪਹੁੰਚੇ ਆਰ ਐਮ ਪੀ ਯੂਨੀਅਨ ਦੇ ਨੁਮਾਇੰਦਿਆਂ ਨੇ ਭਰੋਸਾ ਦਿਤਾ ਕਿ ਦਿੱਲੀ ਮੋਰਚੇ ਵਿਚ ਮੈਡੀਕਲ ਸਹੂਲਤ ਅਤੇ ਐਂਬੂਲੈਸ ਅਤੇ ਹੋਰ ਸਹੂਲਤਾਂ ਦੀ ਕੋਈ ਕਮੀ ਨਹੀਂ ਆਵੇਗੀ।
ਪੁਲਿਸ ਦੀ ਗੋਲੀ ਤੋਂ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਜੀ ਅਤੇ ਚਿੰਤਕ ਬਾਬਾ ਹਰਦੀਪ ਸਿੰਘ ਜੀ ਡਿਬਡਿਬਾ ਵੀ ਇਸ ਮੌਕੇ ਮੌਜੂਦ ਰਹੇ। ਟਰੇਡ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਹੁਣ ਤਿੰਨ ਕਾਨੂੰਨਾਂ ਦਾ ਮਜ਼ਦੂਰਾਂ ਤੇ ਪ੍ਰਭਾਵ ਵਾਰੇ ਪ੍ਰਚਾਰ ਕੀਤਾ ਜਾਵੇਗਾ। ਖ਼ਾਸ ਕਰ ਕੇ ਜ਼ਰੂਰੀ ਵਸਤੂਆਂ ਸੋਧ ਕਾਨੂੰਨ ਅਤੇ ਬਿਜਲੀ ਆਰਡੀਨੈਂਸ ਮਜ਼ਦੂਰਾਂ ਲਈ ਕਿਸ ਤਰਾਂ ਮੌਤ ਦੇ ਵਾਰੰਟ ਵਾਂਗ ਕੰਮ ਕਰੇਗਾ।
ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿਚ ਇਸ ਵਾਰੇ ਪਿੰਡ, ਬਲਾਕ, ਜ਼ਿਲ੍ਹੇ ਅਤੇ ਸੂਬੇ ਲੈਵਲ ਦੀਆਂ ਮੀਟਿੰਗਾਂ ਕਰ ਕੇ ਲੀਫ ਲੇਟ, ਸੈਮੀਨਾਰ ਅਤੇ ਹੋਰ ਤਰੀਕਿਆਂ ਨਾਲ ਮਜ਼ਦੂਰਾਂ ਦੀ ਸ਼ਮੂਲੀਅਤ ਵਧਾਈ ਜਾਵੇਗੀ। ਸੰਯੁਕਤ ਕਿਸਾਨ ਮੋਰਚੇ ਵਲੋਂ ਜਗਜੀਤ ਸਿੰਘ ਡੱਲੇਵਾਲ, ਜਗਵੀਰ ਸਿੰਘ ਚੌਹਾਨ , ਚੰਦਰ ਮੋਹਨ, ਤਰਨਜੀਤ ਸਿੰਘ ਨਿਮਾਣ, ਨਿਰਭੈ ਸਿੰਘ, ਬਲਵੀਰ ਸਿੰਘ ਰਾਜੇਵਾਲ, ਮੁਕੇਸ਼ ਚੰਦਰ, ਮਨਜੀਤ ਸਿੰਘ ਧਨੇਰ, ਡਾ ਦਰਸ਼ਨ ਪਾਲ, ਜੰਗਬੀਰ ਸਿੰਘ, ਹਰਮੀਤ ਸਿੰਘ ਕਾਦੀਆਂ, ਪ੍ਰੇਮ ਸਿੰਘ ਭੰਗੂ, ਸੁਰਜੀਤ ਸਿੰਘ ਫੂਲ, ਹਰਪਾਲ ਸੰਘਾ, ਕੁਲਦੀਪ ਵਜੀਦਪੁਰ, ਕਿਰਨਜੀਤ ਸਿੰਘ ਸੇਖੋਂ, ਬਲਦੇਵ ਸਿੰਘ ਸਿਰਸਾ, ਮੇਜਰ ਸਿੰਘ ਪੁਨਾਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਗੁਰਬਕਸ਼ ਬਰਨਾਲਾ, ਦਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਕਿਸਾਨ ਆਗੂ ਇਸ ਮੀਟਿੰਗ ਵਿਚ ਮੌਜੂਦ ਰਹੇ।